ਕੋਹਲੀ ਐਂਡ ਐਸੋਸੀਏਟਸ ਦੇ ਨਾਲ ਐੱਸ. ਜੀ. ਪੀ. ਸੀ. ਦਾ ਸਮਝੌਤਾ ਖਤਮ ਕੀਤਾ ਜਾਏ : ਬੀਰ ਦਵਿੰਦਰ

Thursday, Aug 27, 2020 - 05:46 PM (IST)

ਕੋਹਲੀ ਐਂਡ ਐਸੋਸੀਏਟਸ ਦੇ ਨਾਲ ਐੱਸ. ਜੀ. ਪੀ. ਸੀ. ਦਾ ਸਮਝੌਤਾ ਖਤਮ ਕੀਤਾ ਜਾਏ : ਬੀਰ ਦਵਿੰਦਰ

ਅੰਮ੍ਰਿਤਸਰ (ਮਮਤਾ) : ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ (ਐੱਸ. ਜੀ. ਪੀ. ਸੀ.) ਦੇ ਪਬਲੀਕੇਸ਼ਨ ਮਹਿਕਮੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਚੋਰੀ ਦੀ ਚਰਚਾ ਜਿੱਥੇ ਸਮੁੱਚੀ ਸਿੱਖ ਕੌਮ 'ਚ ਜ਼ੋਰਾਂ 'ਤੇ ਹੈ, ਉੱਥੇ ਹੀ ਹੁਣ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਇਸ ਮਾਮਲੇ 'ਚ ਨਵਾਂ ਖੁਲਾਸਾ ਕੀਤਾ ਹੈ। ਇਸ ਦੌਰਾਨ ਬੀਰ ਦਵਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐੱਸ. ਜੀ. ਪੀ. ਸੀ. ਨਾਲ ਇਕਰਾਰਨਾਮੇ 'ਤੇ ਚੱਲ ਰਹੀ ਮੈਸਰਜ਼ ਐੱਸ. ਐੱਸ. ਕੋਹਲੀ ਐਂਡ ਐਸੋਸੀਏਟਸ ਦੀ ਚਾਰਟਰਡ ਅਕਾਊਂਟੈਂਸੀ ਫ਼ਰਮ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ 27 ਅਗਸਤ ਨੂੰ ਹੋਣ ਵਾਲੀ ਕਾਰਜਕਾਰਨੀ ਦੀ ਬੈਠਕ, ਜਿਸ 'ਚ ਜਾਂਚ ਪੈਨਲ ਦੀ ਰਿਪੋਰਟ ਦੇ ਆਧਾਰ 'ਤੇ ਵੱਖ-ਵੱਖ ਫੈਸਲੇ ਲਏ ਜਾ ਰਹੇ ਹਨ, ਵਿਚ ਕੋਹਲੀ ਐਂਡ ਐਸੋਸੀਏਟਸ ਨਾਲ ਸ਼੍ਰੋਮਣੀ ਕਮੇਟੀ ਦਾ ਸਮਝੌਤਾ ਸਹੀ ਢੰਗ ਨਾਲ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਭਾਰੀ ਜੁਰਮਾਨਾ ਲਾਇਆ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਅਪਰਾਧਿਕ ਅਤੇ ਗੈਰ-ਕਾਨੂੰਨੀ ਲਾਪ੍ਰਵਾਹੀ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਫਰਮ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਬਕਾ ਡਿਪਟੀ ਸਪੀਕਰ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਆਡਿਟ ਰਿਕਾਰਡ ਦੇ ਸੰਚਾਲਨ ਅਤੇ ਕੰਪਿਊਟਰੀਕਰਨ ਲਈ ਮੈਸਰਜ਼ ਐੱਸ. ਐੱਸ. ਕੋਹਲੀ ਐਂਡ ਐਸੋਸੀਏਟਸ ਦੀ ਚਾਰਟਰਡ ਅਕਾਊਂਟੈਂਸੀ ਫਰਮ ਨੂੰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ 15 ਜਨਵਰੀ 2009 ਨੂੰ 3.5 ਲੱਖ ਰੁਪਏ ਪ੍ਰਤੀ ਮਹੀਨੇ ਦਾ ਠੇਕਾ ਦਿੱਤਾ ਗਿਆ ਸੀ।

 ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕਦਮ, ਪੰਜਾਬ ਦੇ ਇਸ ਸ਼ਹਿਰ 'ਚ ਲੱਗਿਆ ਕਰਫ਼ਿਊ  

ਉਨ੍ਹਾਂ ਅਨੁਸਾਰ ਕੋਹਲੀ ਐਂਡ ਐਸੋਸੀਏਟਸ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਹੋਟਲ, ਟਰਾਂਸਪੋਰਟ ਅਤੇ ਹੋਰ ਸਬੰਧਤ ਕਾਰੋਬਾਰਾਂ ਦੇ ਆਡਿਟ ਦੀ ਨਿਗਰਾਨੀ ਕਰ ਰਹੀ ਹੈ। ਐੱਸ. ਜੀ. ਪੀ. ਸੀ. ਨੇ ਪਿਛਲੇ 10 ਸਾਲਾਂ ਤੋਂ ਮੈਸਰਜ਼ ਐੱਸ. ਐੱਸ. ਕੋਹਲੀ ਅਤੇ ਐਸੋਸੀਏਟਸ ਨੂੰ 10 ਕਰੋੜ ਤੋਂ ਵੱਧ ਦਾ ਭੁਗਤਾਨ ਕੀਤਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਫ਼ਰਮ ਵੱਲੋਂ 2016 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਕਾਸ਼ਨ ਵਿਭਾਗ ਦੇ ਰਿਕਾਰਡ ਦਾ ਮੂਲ ਆਡਿਟ ਨਹੀਂ ਕੀਤਾ ਜਾ ਰਿਹਾ ਸੀ ਪਰ ਇਸਦੇ ਬਾਵਜੂਦ ਫ਼ਰਮ ਨੂੰ ਹਰ ਮਹੀਨੇ ਭੁਗਤਾਨ ਰੈਗੂਲਰ ਤੌਰ 'ਤੇ ਹੋ ਰਿਹਾ ਸੀ, ਇਸ ਦੇ ਪਿੱਛੇ ਕੀ ਕਾਰਣ ਰਹੇ ਹੋਣਗੇ, ਸੁਖਬੀਰ ਬਾਦਲ ਜਾਂ ਸ਼੍ਰੋਮਣੀ ਕਮੇਟੀ ਹੀ ਦੱਸ ਸਕਦੀ ਹੈ। ਇਸ ਤਰ੍ਹਾਂ ਉਕਤ ਫਰਮ ਵਿਰੁੱਧ ਅਪਰਾਧਿਕ ਲਾਪ੍ਰਵਾਹੀ ਦਾ ਕੇਸ ਬਣਦਾ ਹੈ ਕਿ ਉਸ ਨੂੰ ਬਿਨਾਂ ਕਿਸੇ ਕੰਮ ਦੇ ਵੱਡੀ ਰਕਮ ਅਦਾ ਕੀਤੀ ਜਾਂਦੀ ਰਹੀ ਹੈ। ਵਰਣਨਯੋਗ ਹੈ ਕਿ 2014 'ਚ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਕਥਿਤ ਤੌਰ 'ਤੇ ਸੱਤਾ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਕੋਹਲੀ ਦੀ ਫ਼ਰਮ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਪਰ ਕÎਥਿਤ ਤੌਰ 'ਤੇ ਸੁਖਬੀਰ ਸਿੰਘ ਬਾਦਲ ਦੇ ਦਬਾਅ ਅਤੇ ਝਿੜਕ ਕਾਰਣ ਉਹ ਰਾਤੋ-ਰਾਤ ਬਹਾਲ ਹੋ ਗਈ ਸੀ।

 ਇਹ ਵੀ ਪੜ੍ਹੋ : ਕੈਪਟਨ ਨੇ ਸੋਨੀਆ ਗਾਂਧੀ ਨੂੰ ਕੀਤੀ ਸ਼ਿਕਾਇਤ, ਕੇਂਦਰ ਨੇ ਰੋਕਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ

 

ਬੀਰ ਦਵਿੰਦਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਗਈ ਜਾਂਚ ਪੈਨਲ ਰਿਪੋਰਟ 'ਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਗਏ ਹਨ ਕਿ ਇਹ ਸਿਰਫ਼ 267 ਨਹੀਂ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਹਨ ਅਤੇ ਇਸ ਨਾਲ ਸਬੰਧਤ ਰਿਕਾਰਡ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਘਪਲਾ ਕੀਤਾ ਗਿਆ। ਜਾਂਚ ਪੈਨਲ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਬਣਾਏ ਗਏ ਰਿਕਾਰਡਾਂ 'ਚ ਹੈਰਾਨ ਕਰਨ ਵਾਲੇ ਫ਼ਰਕ ਅਤੇ ਖਾਮੀਆਂ ਪਾਈਆਂ ਗਈਆਂ ਹਨ। ਬੀਰ ਦਵਿੰਦਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਬਲੀਕੇਸ਼ਨ ਵਿਭਾਗ ਦਾ ਅੰਦਰੂਨੀ ਆਡਿਟ ਕਰਵਾਉਣ ਸਮੇਂ ਆਡੀਟਰਾਂ ਦੀ ਲਾਪ੍ਰਵਾਹੀ ਦਾ ਵੀ ਪਤਾ ਲਾਇਆ ਹੈ।

ਸੁਖਬੀਰ ਬਾਦਲ ਤੋਂ ਜਵਾਬ ਤਲਬ ਕਰਨ ਗਿਆਨੀ ਹਰਪ੍ਰੀਤ ਸਿੰਘ
ਬੀਰ ਦਵਿੰਦਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੁਖਬੀਰ ਸਿੰਘ ਬਾਦਲ ਤੋਂ ਜਵਾਬ ਤਲਬ ਕਰਨਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ 'ਚ ਆਪਣੇ ਨਿੱਜੀ ਤੌਰ 'ਤੇ ਸੀ. ਏ. ਐੱਸ. ਐੱਸ. ਕੋਹਲੀ ਨੂੰ ਲਾ ਕੇ ਨਾ ਸਿਰਫ਼ ਆਪਣੇ ਵਪਾਰਕ ਹਿੱਤਾ ਨੂੰ ਵਧਾ ਦਿੱਤਾ, ਸਗੋਂ ਗੁਰੂ ਕੀ ਗੋਲਕ ਨੂੰ ਖੋਰਾ ਲਾਇਆ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਖਬੀਰ ਸਿੰਘ ਬਾਦਲ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ 'ਚ ਪੂਰੀ ਰਕਮ ਜਮ੍ਹਾ ਕਰਵਾਏ ਜਿਹੜੀ ਸ਼੍ਰੋਮਣੀ ਦੀ ਕੋਈ ਸੇਵਾ ਕੀਤੇ ਬਿਨ੍ਹਾਂ ਉਨ੍ਹਾਂ ਦੀ ਅਗਵਾਈ 'ਚ ਮੈਸਰਜ਼ ਐੱਸ. ਐੱਸ. ਕੋਹਲੀ ਅਤੇ ਐਸੋਸੀਏਟਸ ਵੱਲੋਂ ਲਈ ਗਈ ਸੀ।
 


author

Anuradha

Content Editor

Related News