ਪੰਜਾਬ ਦੇ ਅਕਾਲੀ ਦੁੱਖ-ਸੁੱਖ ਵੀ ''ਜਾਤ-ਪਾਤ'' ''ਚ ਵੰਡਣ ਲੱਗੇ : ਬੀਰ ਦਵਿੰਦਰ
Monday, Dec 09, 2019 - 05:48 PM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਤਾਂ ਹੁਣ ਦੁੱਖ-ਸੁੱਖ ਨੂੰ ਵੀ ਜਾਤ-ਪਾਤ 'ਚ ਵੰਡਣ ਵਰਗੀ ਕਾਰਵਾਈ ਨੂੰ ਜਨਮ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਢਿੱਲਵਾਂ ਵਾਲੇ ਸਾਬਕਾ ਸਰਪੰਚ ਦੇ ਕਤਲ ਦੀ ਨਿੰਦਿਆ ਕਰਦਾ ਹੈ। ਉਸ ਦੇ ਜੋ ਵੀ ਦੋਸ਼ੀ ਹੈ, ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਵੀ ਕਰਦਾ ਹੈ ਪਰ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਪੀੜਤ ਦੇ ਘਰ ਹਮਦਰਦੀ ਲੈ ਕੇ, ਫਿਰ ਭੋਗ ਅਤੇ ਫਿਰ ਵਫਦ ਲੈ ਕੇ ਗਵਰਨਰ ਨੂੰ ਮਿਲਣਾ ਅਤੇ ਵੱਡਾ ਧਰਨਾ ਲਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦਾ ਹੈ ਕਿਉਂਕਿ ਧਰਨੇ 'ਚ ਨਾ ਕੋਈ ਪੁਲਸ ਅਧਿਕਾਰੀ ਮੰਗ-ਪੱਤਰ ਲੈਣ ਆਇਆ ਨਾ, ਕਿਸੇ ਵੱਡੇ ਅਫਸਰ ਨੇ ਕੋਈ ਭਰੋਸਾ ਦਿਵਾਇਆ।
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਸੰਗਰੂਰ ਜ਼ਿਲੇ 'ਚ ਇਕ ਦਲਿਤ ਨੌਜਵਾਨ ਜਗਮੇਲ ਨੂੰ ਦਰਿੰਦਿਆਂ ਨੇ ਮਾਰ ਦਿੱਤਾ ਸੀ, ਉਦੋਂ ਸੁਖਬੀਰ ਬਾਦਲ ਅਤੇ ਮਜੀਠੀਆ ਉੁਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਨਹੀਂ ਆਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਾਖ ਪਿਛਲੇ 10 ਸਾਲਾਂ 'ਚ ਇਨ੍ਹਾਂ ਦੇ ਰਾਜ ਕਾਰਨ ਡਿੱਗ ਚੁੱਕੀ ਹੈ। ਲੋਕ ਅਜੇ ਵੀ ਬਰਗਾੜੀ ਕਾਂਡ ਅਤੇ ਨਸ਼ਾ ਮਾਫੀਆ ਅਤੇ ਗੈਂਗਸਟਰ ਕਾਰਵਾਈਆਂ ਅਜੇ ਤੱਕ ਨਹੀਂ ਭੁੱਲੇ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਾਸੀਆਂ ਨੇ ਬਾਦਲਾਂ ਦੀ ਸਰਕਾਰ ਤੋਂ ਆਜ਼ਾਦੀ ਹਾਸਲ ਕੀਤੀ ਹੈ ਅਤੇ ਹੁਣ ਕੈਪਟਨ ਸਰਕਾਰ ਤੋਂ ਆਜ਼ਾਦ ਹੋਣ ਲਈ ਉਤਾਵਲੇ ਹਨ।