ਸਰਕਾਰੀ ਵਿਭਾਗਾਂ ਵੱਲ ਪਾਵਰਕਾਮ ਦਾ 6 ਕਰੋਡ਼ ਬਕਾਇਆ
Monday, Jun 25, 2018 - 08:39 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਪਾਵਰਕਾਮ ਦਾ ਸਰਕਾਰੀ ਵਿਭਾਗਾਂ ਵੱਲ ਕਰੋਡ਼ਾਂ ਰੁਪਿਆਂ ਬਕਾਇਆ ਖਡ਼੍ਹਾ ਹੈ। ਸਭ ਤੋਂ ਵੱਡੀ ਬਕਾਇਆ ਰਾਸ਼ੀ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵੱਲ ਬਕਾਇਆ ਹੈ। ਇਸ ਵਿਭਾਗ ਵੱਲ ਕਰੀਬ 5 ਕਰੋਡ਼ ਰੁਪਏ ਖੜ੍ਹੇ ਹਨ। ਬੀਤੇ ਸਾਲ ਇਸ ਮਸਲੇ ਨੂੰ ਲੈ ਕੇ ਵੱਡਾ ਵਿਵਾਦ ਖਡ਼੍ਹਾ ਹੋ ਗਿਆ ਸੀ। ਪਾਵਰਕਾਮ ਨੇ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਸਨ, ਜਿਸ ਕਾਰਨ ਪੂਰੇ ਸੂਬੇ ’ਚ ਹਾਹਾਕਾਰ ਮੱਚ ਗਈ ਸੀ। ਕਈ ਪਿੰਡਾਂ ’ਚ ਪਾਣੀ ਦੀ ਸਪਲਾਈ ਬੰਦ ਹੋ ਗਈ ਸੀ। ਅਜੇ ਤੱਕ ਵੀ ਵਾਟਰ ਸਪਲਾਈ ਵਿਭਾਗ ਵੱਲੋਂ ਪਾਵਰਕਾਮ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਮਸਲਾ ਕਦੇ ਵੀ ਉਠ ਸਕਦਾ ਹੈ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰੀ ਇਲਾਕੇ ’ਚ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵੱਲ 3 ਕਰੋਡ਼ ਰੁਪਏ ਦੇ ਕਰੀਬ ਰਕਮ ਖਡ਼੍ਹੀ ਹੈ। ਜਦੋਂਕਿ ਪੇਂਡੂ ਇਲਾਕਿਆਂ ’ਚ ਇਹ ਰਾਸ਼ੀ 2 ਕਰੋਡ਼ ਦੇ ਕਰੀਬ ਹੈ।
ਨਗਰ ਕੌਂਸਲ ਵੱਲ ਖੜ੍ਹੈ 50 ਲੱਖ
ਪਾਵਰਕਾਮ ਦਾ ਨਗਰ ਕੌਂਸਲ ਵੱਲ 50 ਲੱਖ ਰੁਪਏ ਦੇ ਕਰੀਬ ਬਕਾਇਆ ਖਡ਼੍ਹਾ ਹੈ, ਜਿਸ ਵਿਚ ਜ਼ਿਆਦਾਤਰ ਰਾਸ਼ੀ ਟਿਊਬਵੈੱਲਾਂ ਦੀ ਸਪਲਾਈ ਦੀ ਹੈ। ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਜ਼ਰੂਰੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਟਿਊਬਵੈੱਲਾਂ ਰਾਹੀਂ ਸ਼ਹਿਰ ਨੂੰ ਪਾਣੀ ਦੀ ਸਪਲਾਈ ਹੁੰਦੀ ਹੈ। ਜੇਕਰ ਬਿਜਲੀ ਦੇ ਬਿੱਲ ਨਾ ਭਰਨ ਨਾਲ ਪਾਵਰਕਾਮ ਇਨ੍ਹਾਂ ਟਿਊਬਵੈੱਲਾਂ ਦਾ ਕੁਨੈਕਸ਼ਨ ਕੱਟ ਦਿੰਦਾ ਹੈ ਤਾਂ ਸ਼ਹਿਰ ’ਚ ਪਾਣੀ ਨੂੰ ਲੈ ਕੇ ਹਾਹਾਕਾਰ ਮੱਚ ਜਾਵੇਗੀ।
ਸੇਵਾ ਕੇਂਦਰ 15 ਲੱਖ ਦੇ ਦੇਣਦਾਰ
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਅਤੇ ਮੁਹੱਲਿਆਂ ’ਚ ਸੇਵਾ ਕੇਂਦਰ ਖੋਲ੍ਹੇ ਗਏ ਹਨ, ਜਿਨ੍ਹਾਂ ਵੱਲ ਪਾਵਰਕਾਮ ਦਾ 15 ਲੱਖ ਰੁਪਇਆਂ ਬਕਾਇਆ ਹੈ। ਇਨ੍ਹਾਂ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਜ਼ਰੂਰੀ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਅਸਲਾ ਲਾਇਸੈਂਸ, ਖਾਦਾਂ ਦੇ ਲਾਇਸੈਂਸ, ਐਫੀਡੇਵਿਟ ਅਟੈਸਟੇਸ਼ਨ, ਜਾਤੀ ਸਰਟੀਫਿਕੇਟ, ਖੇਤੀ ਹਾਦਸੇ, ਬੈਕਵਰਡ ਏਰੀਆ ਸਰਟੀਫਿਕੇਟ, ਸਿਨੀਅਰ ਸਿਟੀਜ਼ਨ ਅਤੇ ਹੈਂਡੀਕੈਪਡ ਨੂੰ ਬੱਸ ਪਾਸ ਅਤੇ ਹੋਰ ਕਈ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜੇਕਰ ਬਿਜਲੀ ਦੇ ਕੁਨੈਕਸ਼ਨ ਕੱਟਣ ਨਾਲ ਸੇਵਾ ਕੇਂਦਰਾਂ ਦੀ ਲਾਈਟ ਬੰਦ ਹੋ ਜਾਂਦੀ ਹੈ ਤਾਂ ਇਹ ਸਹੂਲਤਾਂ ਮਿਲਣ ’ਚ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
