ਕੈਪਟਨ ਦੇ ਅਕਾਲੀਆਂ ਪ੍ਰਤੀ ਨਰਮ ਸਟੈਂਡ ਨਾਲ ਸਿੱਧੂ ਨੂੰ ਮਿਲਿਆ 5ਵਾਂ ਝੱਟਕਾ

10/30/2017 10:24:53 AM

ਲੁਧਿਆਣਾ (ਹਿਤੇਸ਼) — ਸਾਬਕਾ ਅਕਾਲੀ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ ਭੇਜਣ ਦੀ ਮੰਗ 'ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਅਪਣਾਏ ਨਰਮ ਸਟੈਂਡ ਨੂੰ ਸਰਕਾਰ ਬਣਨ ਦੇ ਬਾਅਦ ਤੋਂ ਹੀ ਹੁਣ ਤਕ ਨਵਜੋਤ ਸਿੱਧੂ ਨੂੰ ਮਿਲੇ 5ਵੇਂ ਝਟਕੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਕੈਪਟਨ ਦਾ ਰਾਗ ਅਲਾਪਣ ਨਾਲ ਸਿਆਸੀ ਗਲਿਆਰਿਆਂ 'ਚ ਚਰਚਾ ਹੋਰ ਤੇਜ਼ ਹੋ ਗਈ ਹੈ।
ਸਿੱਧੂ ਨੇ ਜਦ ਭਾਜਪਾ ਛੱਡ ਪਹਿਲੇ ਆਮ ਆਦਮੀ ਪਾਰਟੀ ਤੇ ਫਿਰ ਕਾਂਗਰਸ ਦਾ ਰੁਖ ਕੀਤਾ ਤਾਂ ਉਨ੍ਹਾਂ ਦਾ ਇਕਮਾਤਰ ਏਜੰਡਾ ਅਕਾਲੀਆਂ ਖਾਸ ਤੌਰ 'ਤੇ ਸੁਖਬੀਰ ਬਾਦਲ ਤੇ ਮਜੀਠੀਆ ਦੇ ਵਿਰੁੱਧ ਰਿਹਾ। ਇਸ ਤਹਿਤ ਸਿੱਧੂ ਨੇ ਪਹਿਲਾਂ ਵਿਧਾਨ ਸਭਾ ਚੋਣਾਂ 'ਚ ਬਾਦਲ ਪਰਿਵਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਤੇ ਉਹ ਮੁਹਿੰਮ ਹੁਣ ਤਕ ਜਾਰੀ ਹੈ ਪਰ ਇਸ ਮੁੱਦੇ 'ਤੇ ਉਨ੍ਹਾਂ ਨੂੰ ਕੈਪਟਨ ਦਾ ਸਾਥ ਨਾ ਮਿਲਣ ਨਾਲ ਹਰ ਵਾਰ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਜੁੜੇ ਮਾਮਲਿਆਂ ਦੀ ਗਿਣਤੀ 'ਚ ਇਕ ਤੋਂ ਬਾਅਦ ਇਕ ਇਜ਼ਾਫਾ ਹੁੰਦਾ ਜਾ ਰਿਹਾ ਹੈ।
ਜੇਕਰ ਸਿੱਧੂ ਤੇ ਕੈਪਟਨ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਅਮਰਿੰਦਰ ਨੇ ਸਿੱਧੂ ਨੂੰ ਕਾਂਗਰਸ 'ਚ ਲਿਆਉਣ ਲਈ ਖੁੱਲ੍ਹੇਆਮ ਵਿਰੋਧ ਕੀਤਾ ਫਿਰ ਹਾਈਕਮਾਨ ਲੇਵਲ 'ਤੇ ਹੋਈ ਡੀਲ ਦੇ ਤਹਿਤ ਸਿੱਧੂ ਆ ਗਏ ਤਾਂ ਕੈਪਟਨ ਉਨ੍ਹਾਂ ਨੂੰ ਕਾਂਗਰਸ 'ਚ ਸ਼ਾਮਲ ਕਰਵਾਉਣ ਵੀ ਨਹੀਂ ਗਏ ਤੇ ਚੋਣਾਂ 'ਚ ਜ਼ਿਆਦਾ ਜਗ੍ਹਾ ਮੰਚ ਸਾਂਝਾ ਕਨਰ ਤੋਂ ਵੀ ਪਰਹੇਜ਼ ਹੀ ਕਰਦੇ ਰਹੇ। ਇਸ ਤੋਂ ਵੀ ਵੱਧ ਕੇ ਸਿੱਧੂ ਦੀ ਡਿਪਟੀ ਸੀ. ਐੱਮ. ਬਨਣ ਦੀ ਇੱਛਾ ਨੂੰ ਕੈਪਟਨ ਨੇ ਪੂਰਾ ਨਹੀਂ ਹੋਣ ਦਿੱਤਾ। ਇਥੋਂ ਤਕ ਕਿ ਸਿੱਧੂ ਨੂੰ ਸਥਾਨਕ ਸਰਕਾਰ ਮੰਤਰੀ ਦੇ ਨਾਲ ਸ਼ਹਿਰੀ ਵਿਕਾਸ ਵਿਭਾਗ ਵੀ ਨਹੀਂ ਮਿਲਿਆ। ਇਸ ਦੇ ਬਾਵਜੂਦ ਸਿੱਧੂ ਨੇ ਅਕਾਲੀਆਂ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।
ਇਸ ਤਹਿਤ ਉਨ੍ਹਾਂ ਨੇ ਅਕਾਲੀਆਂ ਦੇ ਕਰੀਬੀ ਕੇਬਲ ਮਾਫਈਆ ਦੇ ਖਿਲਾਫ ਕੇਂਦਰ ਤੇ ਰਾਜ ਸਰਕਾਰ ਦਾ ਬਣਦਾ ਟੈਕਸ ਚੋਰੀ ਦੇ ਦੋਸ਼ 'ਚ ਜਾਂਚ ਸ਼ੁਰੂ ਹੋਣ ਦੀ ਗੱਲ ਕਹੀ ਤਾਂ ਕੈਪਟਨ ਨੇ ਵਿਧਾਨ ਸਭਾ 'ਚ ਉਸ ਨੂੰ ਰੱਦ ਕਰਦੇ ਹੋਏ ਸਾਫ ਕਰ ਦਿੱਤਾ ਕਿ ਬਦਲੇ ਦੀ ਭਾਵਨਾ ਨਾਲ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਹੋਵੇਗੀ। ਇਥੋਂ ਤਕ ਕਿ ਕੇਬਲ ਨੈਟਵਰਕ 'ਤੇ ਨਵਾਂ ਟੈਕਸ ਲਗਾਉਣ ਬਾਰੇ ਕੈਬਨਿਟ 'ਚ ਹੋਏ ਫੈਸਲੇ 'ਤੇ ਅਮਲ ਵੀ ਸ਼ਰਤਾਂ ਦਾ ਹਵਾਲਾ ਦੇ ਕੇ ਲਟਾਕਿਆ ਜਾ ਰਿਹਾ ਹੈ।
ਬੈਕਫੁੱਟ 'ਤੇ ਨਜ਼ਰ ਆ ਰਹੇ ਹਨ ਸਿੱਧੂ
ਇਸ ਤੋਂ ਬਾਅਦ ਨਸ਼ਾ ਤਸਕਰੀ ਦੇ ਦੋਸ਼ 'ਚ ਮਜੀਠੀਆ 'ਤੇ ਐਕਸ਼ਨ ਲੈਣ ਬਾਰੇ ਕਾਂਗਰਸ ਦੇ ਅੰਦਰ ਮੰਗ ਚਲ ਰਹੀ ਹੈ, ਜਿਸ 'ਚ ਸਿੱਧੂ ਨੂੰ ਕਈ ਕਾਂਗਰਸੀ ਵਿਧਾਇਕਾਂ ਦਾ ਸਾਥ ਮਿਲਿਆ ਹੈ ਤੇ ਉਹ ਕਈ ਵਾਰ ਕਹਿ ਚੁੱਕੇ ਹਨ ਕਿ ਇਕ ਦਿਨ ਦੇ ਲਈ ਗ੍ਰਹਿ ਮੰਤਰਾਲੇ ਨਾਲ ਮਿਲ ਜਾਣ ਤਾਂ ਉਹ ਮਜੀਠੀਆ ਨੂੰ ਜੇਲ 'ਚ ਪਾ ਦੇਣਗੇ। ਇਹ ਦਾਅਵਾ ਗੁਰਦਾਸਪੁਰ ਚੋਣਾਂ ਦੌਰਾਨ ਤੇ ਬਾਅਦ ਵੀ ਖੂਬ ਹੋਇਆ ਪਰ ਕੈਪਟਨ ਨੇ ਸਬੂਤਾਂ ਦੇ ਬਿਨ੍ਹਾਂ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹਿ ਕੇ ਸਿੱਧੂ ਦੇ ਮਨਸੂਬਿਆਂ 'ਤੇ ਇਕ ਵਾਰ ਫਿਰ ਪਾਣੀ ਫੇਰ ਦਿੱਤਾ। ਇਸ ਨੂੰ ਲੈ ਕੇ ਸਿੱਧੂ ਨੂੰ ਕੋਈ ਜਵਾਬ ਨਹੀਂ ਸੂਝ ਰਿਹਾ ਤੇ ਜਾਖੜ ਵਲੋਂ ਕੈਪਟਨ ਦਾ ਸਟੈਂਡ ਦੁਹਰਾਉਣ ਤੋਂ ਬਾਅਦ ਤਾਂ ਸਿੱਧੂ ਬੈਕਫੁੱਟ 'ਤੇ ਨਜ਼ਰ ਆ ਰਹੇ ਹਨ। 


Related News