ਅੱਜ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, ਜਾਣੋ ਕਿਉਂ

Wednesday, Dec 27, 2023 - 11:21 AM (IST)

ਅੱਜ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, ਜਾਣੋ ਕਿਉਂ

ਪਟਿਆਲਾ (ਬਲਜਿੰਦਰ)- ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਨਸ਼ਾ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਅੱਗੇ ਪੇਸ਼ ਨਹੀਂ ਹੋਣਗੇ। ਐੱਸ. ਆਈ. ਟੀ. ਨੇ ਉਨ੍ਹਾਂ ਨੂੰ 27 ਦਸੰਬਰ ਨੂੰ ਸਵੇਰੇ 11.00 ਵਜੇ ਤਲਬ ਕੀਤਾ ਸੀ। ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਪਿਛਲੀ ਪੇਸ਼ੀ ਵੇਲੇ ਮਜੀਠੀਆ ਨੇ ਐੱਸ. ਆਈ. ਟੀ. ਨੂੰ ਆਖਿਆ ਸੀ ਕਿ ਸ਼ਹੀਦੀ ਹਫ਼ਤੇ ਦੌਰਾਨ ਅਗਲੀ ਤਾਰੀਖ਼ ਨਾ ਰੱਖੀ ਜਾਵੇ ਅਤੇ ਇਹ ਗੱਲ ਆਨ ਕੈਮਰਾ ਕਹੀ ਸੀ।

ਇਹ ਵੀ ਪੜ੍ਹੋ : ਜਲਦੀ ਵਿਆਹ ਕਰਵਾਉਣਾ ਚਾਹੁੰਦਾ ਸੀ ਪ੍ਰੇਮੀ, ਪ੍ਰੇਮਿਕਾ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਰਿਵਾਰ ਦੇ ਵੀ ਉੱਡੇ ਹੋਸ਼

ਉਨ੍ਹਾਂ ਦੱਸਿਆ ਕਿ ਐੱਸ. ਆਈ. ਟੀ. ਨੇ ਮਜੀਠੀਆ ਨੂੰ ਕੁਝ ਲਿਖਤੀ ਸਵਾਲ ਦਿੱਤੇ ਹਨ, ਜਿਨ੍ਹਾਂ ਦਾ ਆਉਂਦੇ ਸਮੇਂ ਵਿਚ ਲਿਖ਼ਤੀ ਜਵਾਬ ਦੇ ਦਿੱਤਾ ਜਾਵੇਗਾ ਪਰ ਅਫ਼ਸੋਸ ਪ੍ਰਗਟਾਇਆ ਕਿ ਸ਼ਹੀਦੀ ਦਿਹਾੜਿਆਂ ਦੌਰਾਨ ਵੀ 'ਆਪ' ਸਰਕਾਰ ਰਾਜਨੀਤੀ ਕਰਨ ਤੋਂ ਟੱਲ ਨਹੀਂ ਰਹੀ। ਜ਼ਿਕਰਯੋਗ ਹੈ ਕਿ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਮੁੜ ਜਾਂਚ ਲਈ ਗਠਿਤ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਸੰਮੰਨ ਭੇਜੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਇਸ ਦੇ ਪਹਿਲਾਂ 18 ਦਸੰਬਰ ਨੂੰ ਐੱਸ. ਆਈ. ਟੀ. ਅੱਗੇ ਪੇਸ਼ ਹੋਏ ਸਨ। ਉਹ ਆਪਣੇ ਸਮਰਥਕਾਂ ਸਮੇਤ 11 ਵਜੇ ਦੇ ਲਗਭਗ ਪਟਿਆਲਾ ਪਹੁੰਚੇ ਸਨ, ਜਿੱਥੇ ਏ. ਡੀ. ਜੀ. ਪੀ. ਦਫ਼ਤਰ ਜਾਣ ਲਈ ਜਦੋਂ ਉਨ੍ਹਾਂ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਉੱਥੇ ਹੀ ਰੋਕ ਦਿੱਤਾ ਸੀ। ਬਿਕਰਮ ਮਜੀਠੀਆ ਨਾਲ ਡਾ. ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਅਰਸ਼ਦੀਪ ਸਿੰਘ ਕਲੇਰ ਗਏ ਸਨ।

ਏ. ਡੀ. ਜੀ. ਪੀ. ਦਫ਼ਤਰ ਦੇ ਅੰਦਰ ਸਿਰਫ਼ ਮਜੀਠੀਆ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ, ਜਿੱਥੇ ਲਗਾਤਾਰ 7 ਘੰਟੇ ਉਨ੍ਹਾਂ ਤੋਂ ਇਸ ਕੇਸ ਬਾਰੇ ਸਵਾਲ ਪੁੱਛੇ ਗਏ। ਉਪਰੰਤ ਜਦੋਂ ਮਜੀਠੀਆ ਬਾਹਰ ਆਏ ਤਾਂ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਕੇਸ ’ਚ ਉਨ੍ਹਾਂ ਦੀ ਜ਼ਮਾਨਤ ਦੇ ਸਮੇਂ ਜਿਹੜਾ ਨੋਟ ਦਿੱਤਾ ਸੀ, ਜਿਸ ’ਚ ਸਾਰੇ ਪਹਿਲੂ ਸਪੱਸ਼ਟ ਕੀਤੇ ਹੋਏ ਹਨ। ਇਸ ਤੋਂ ਬਾਹਰ ਐੱਸ. ਆਈ. ਟੀ. ਉਨ੍ਹਾਂ ਤੋਂ ਕੀ ਪੁੱਛੇਗੀ। ਜਿਹੜੇ ਕੇਸ ’ਚ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਕੇਸ ਦਾ ਨਿਪਟਾਰਾ ਹੋ ਚੁੱਕਿਆ ਹੋਵੇ, ਮਾਨਯੋਗ ਅਦਾਲਤ ਨੇ ਜਿਹੜੇ ਦੋਸ਼ੀ ਸਨ, ਨੂੰ ਸਜ਼ਾ ਸੁਣਾ ਦਿੱਤੀ ਹੋਵੇ ਅਤੇ ਜਿਹੜੇ ਬੇਕਸੂਰ ਸਨ, ਨੂੰ ਬਰੀ ਕਰ ਦਿੱਤਾ ਹੋਵੇ ਤਾਂ ਆਖਿਰ ਫਿਰ ਕੇਸ ਦੀ ਅਹਿਮੀਅਤ ਕੀ ਰਹਿ ਜਾਂਦੀ ਹੈ।

ਉਨ੍ਹਾਂ ਕਿਹਾ ਸੀ ਕਿ ਰਾਜਸੀ ਕਾਰਨਾਂ ਕਰਕੇ ਕੇਸ ਨੂੰ ਭਾਵੇਂ ਕਿੰਨਾਂ ਵੀ ਲਟਕਾਇਆ ਜਾ ਸਕਦਾ ਹੈ ਪਰ ਸਰਕਾਰਾਂ ਤੱਥਾਂ ਨੂੰ ਕਦੇ ਵੀ ਨਹੀਂ ਪਲਟਾ ਸਕਦੀਆਂ। ਸਿਰਫ਼ ਮੈਨੂੰ ਚੁੱਪ ਕਰਵਾਉਣ ਲਈ ਭਗਵੰਤ ਮਾਨ ਵੱਲੋਂ ਫਿਰ ਤੋਂ ਇਸ ਕੇਸ ਨੂੰ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਮੇਰੇ ਖਿਲਾਫ਼ ਕੇਸ ਦਰਜ ਕਰਨ ਲਈ ਤਿੰਨ ਡੀ. ਜੀ. ਪੀ. ਬਦਲੇ ਗਏ ਅਤੇ 3 ਹੁਣ ਤੱਕ ਏ. ਡੀ. ਜੀ. ਬਦਲੇ ਜਾ ਚੁੱਕੇ ਹਨ ਅਤੇ ਤਿੰਨ ਸੁਪਰਡੈਂਟ ਅਤੇ ਤਿੰਨ ਏ. ਡੀ. ਜੀ. ਪੀ. ਜੇਲ੍ਹ ਬਦਲ ਦਿੱਤੇ। ਪਰ ਮਜੀਠੀਆ ਫਿਰ ਇਸੇ ਤਰ੍ਹਾਂ ਲੋਕਾਂ ਦੀ ਆਵਾਜ਼ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਜਿਹੜਾ ਵੀ ਸਵਾਲ ਐੱਸ. ਆਈ. ਟੀ. ਨੇ ਪੁੱਛਿਆ ਸੀ ਮੈਂ ਉਸ ਦਾ ਜਵਾਬ ਦਿੱਤਾ ਸੀ।

ਇਹ ਵੀ ਪੜ੍ਹੋ : ਪਾਵਰਕਾਮ ’ਚ ਨਵੀਂ ਪਾਲਿਸੀ ਲਾਗੂ, ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇਗਾ ਵਿੱਤੀ ਲਾਭ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News