ਪੰਜਾਬ ਬਜਟ ਸੈਸ਼ਨ : ਗਲੇ 'ਚ ਬਿੱਲਾਂ ਦੇ ਹਾਰ ਪਾ ਮਜੀਠੀਆ ਦਾ ਪ੍ਰਦਰਸ਼ਨ (ਵੀਡੀਓ)
Thursday, Feb 21, 2019 - 12:47 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਦੇ ਬਾਹਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਗਲੇ 'ਚ ਬਿਜਲੀ ਦੇ ਬਿੱਲਾਂ ਦਾ ਹਾਰ ਪਾ ਕੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਜੀਠੀਆ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਗਰੀਬਾਂ ਲਈ ਐਲਾਨ ਤਾਂ ਵੱਡੇ-ਵੱਡੇ ਕਰ ਦਿੱਤੇ ਪਰ ਲਾਗੂ ਇਕ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਦੇ ਵਧੇ ਹੋਏ ਬਿੱਲਾਂ ਨੇ ਹਰ ਪਿੰਡ, ਹਰ ਗਲੀ 'ਚ ਗਰੀਬਾਂ ਦਾ ਕਚੂਮਰ ਕੱਢਿਆ ਪਿਆ ਹੈ ਅਤੇ ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਹੀ ਵਿਕ ਰਹੀ ਹੈ। ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਦੇ ਸਮੇਂ ਐੱਸ. ਸੀ. ਅਤੇ ਬੀ. ਸੀ. ਭਾਈਚਾਰੇ ਨੂੰ 200 ਬਿਜਲੀ ਦੀਆਂ ਯੂਨਿਟਾਂ ਮੁਆਫ ਸੀ ਪਰ ਕੈਪਟਨ ਸਰਕਾਰ ਨੇ ਆਉਂਦਿਆਂ ਹੀ ਬੀ. ਸੀ. ਭਾਈਚਾਰੇ ਨੂੰ ਤਾਂ ਪੂਰਾ ਬਿੱਲ ਲਾ ਦਿੱਤਾ, ਜਦੋਂ ਕਿ ਐੱਸ. ਸੀ. ਭਾਈਚਾਰੇ ਲਈ ਸ਼ਰਤ ਰੱਖ ਦਿੱਤੀ ਕਿ ਜਿਸ ਦੀਆਂ ਸਲਾਨਾ ਯੂਨਿਟਾਂ 3,000 ਤੋਂ ਵੱਧ ਹੋਣਗੀਆਂ, ਉਸ ਨੂੰ ਬਿਜਲੀ ਬਿੱਲ 'ਚ ਕੋਈ ਸਬਸਿਡੀ ਨਹੀਂ ਮਿਲੇਗੀ।
ਇਸ ਤਰ੍ਹਾਂ ਕਾਂਗਰਸ ਨੇ ਐੱਸ. ਸੀ. ਅਤੇ ਬੀ. ਸੀ. ਭਾਈਚਾਰੇ ਦੀਆਂ ਜੇਬਾਂ 'ਚੋਂ ਕਰੀਬ 1000 ਕਰੋੜ ਰੁਪਿਆ ਕੱਢਣ ਦਾ ਕੰਮ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਜਿਸ ਦੇ ਘਰ ਕੋਈ ਪੱਖਾ, ਬੱਲਬ ਜਾਂ ਟਿਊਬ ਨਹੀਂ ਜਗਦੀ, ਉਸ ਦਾ ਬਿੱਲ ਵੀ 70 ਹਜ਼ਾਰ, ਇਕ ਲੱਖ, 50 ਹਜ਼ਾਰ ਤੱਕ ਆ ਰਿਹਾ ਹੈ, ਜੋ ਕਿ ਸ਼ਰੇਆਮ ਗਰੀਬਾਂ ਨਾਲ ਨਾ-ਇਨਸਾਫੀ ਹੈ। ਮਜੀਠੀਆ ਨੇ ਕਿਹਾ ਕਿ ਜਦੋਂ ਕਾਂਗਰਸ ਦੇ ਪੱਖ ਦੀ ਕੋਈ ਗੱਲ ਹੁੰਦੀ ਹੈ ਤਾਂ ਸਭ ਸ਼ਾਂਤ ਬੈਠੇ ਰਹਿੰਦੇ ਹਨ ਪਰ ਜਿਵੇਂ ਹੀ ਉਨ੍ਹਾਂ ਦੇ ਖਿਲਾਫ ਕੋਈ ਵਿਧਾਨ ਸਭਾ 'ਚ ਗੱਲ ਕਰਦਾ ਹੈ ਤਾਂ ਗੱਲ ਹੀ ਨਹੀਂ ਸੁਣੀ ਜਾਂਦੀ, ਜਿਸ ਕਾਰਨ ਅਕਾਲੀ ਦਲ ਨੇ ਅੱਜ ਵਿਧਾਨ ਸਭਾ 'ਚੋਂ ਵਾਕਆਊਟ ਕੀਤਾ ਹੈ।