ਬਠਿੰਡਾ ''ਚ ਗੱਪੀ ਮਨਪ੍ਰੀਤ ਤੇ ਵੜਿੰਗ ਦੀ ਜੋੜੀ ਨੂੰ ਸਬਕ ਸਿਖਾਉਣਗੇ ਲੋਕ : ਮਜੀਠੀਆ
Wednesday, Apr 24, 2019 - 12:05 AM (IST)
ਬਠਿੰਡਾ(ਬਲਵਿੰਦਰ)-ਯੂਥ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਬਠਿੰਡਾ 'ਚ ਸੰਜੈ ਨਗਰ ਅਤੇ ਨਰੁਆਨਾ ਰੋਡ 'ਚ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਪੱਖ 'ਚ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ। ਮੇਅਰ ਬਲਵੰਤ ਰਾਏ ਨਾਥ ਵਲੋਂ ਵਾਰਡ ਨੰਬਰ-35 'ਚ ਆਯੋਜਿਤ ਸਭਾ 'ਚ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪਿਛਲੇ ਦੋ ਸਾਲਾਂ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਬਠਿੰਡਾ 'ਚ ਮਨਪ੍ਰੀਤ ਬਾਦਲ ਚੋਣ ਘੋਸ਼ਣਾ ਪੱਤਰ ਬਣਾ ਕੇ ਵੱਡੇ-ਵੱਡੇ ਦਾਅਵੇ ਕਰ ਰਿਹਾ ਸੀ ਪਰ ਬਠਿੰਡੇ ਦੇ ਲੋਕਾਂ ਲਈ ਪਿਛਲੇ ਦੋ ਸਾਲ 'ਚ ਇਕ ਵੀ ਪ੍ਰਾਜੈਕਟ ਸ਼ੁਰੂ ਨਹੀਂ ਕਰ ਸਕਿਆ ਹੈ ।
ਹੁਣ ਕਾਂਗਰਸ ਨੇ ਲੋਕ ਸਭਾ ਚੋਣ ਲਈ ਸਭ ਤੋਂ ਗੱਪੀ ਰਾਜਾ ਬੜਿੰਗ ਨੂੰ ਮੈਦਾਨ 'ਚ ਉਤਾਰਿਆ ਹੈ। ਮਨਪ੍ਰੀਤ ਬਾਦਲ ਅਤੇ ਰਾਜਾ ਬੜਿੰਗ ਹੁਣ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਜੋ ਵਿਕਾਸ ਬਠਿੰਡਾ ਦਾ ਕੀਤਾ ਹੈ, ਉਹ ਇਸ ਤੋਂ ਪਹਿਲਾਂ ਕਦੇ ਨਹੀਂ ਹੋ ਸਕਿਆ ਹੈ। ਏਮਜ਼ ਵਰਗਾ ਪ੍ਰਾਜੈਕਟ ਉਨ੍ਹਾਂ ਦੀ ਦੇਣ ਹੈ। ਹੁਣ ਲੋਕਾਂ ਨੇ ਵਿਚਾਰਨਾ ਹੈ ਕਿ ਉਹ ਗੱਪੀ ਮਨਪ੍ਰੀਤ ਅਤੇ ਬੜਿੰਗ ਦੀ ਜੋੜੀ ਨੂੰ ਚੁਣਦੇ ਹਨ ਜਾਂ ਫਿਰ ਵਿਕਾਸ ਦੇ ਨਵੇਂ ਰਿਕਾਰਡ ਬਣਾਉਣ ਵਾਲੀ ਹਰਸਿਮਰਤ ਕੌਰ ਬਾਦਲ ਨੂੰ ਜੇਤੂ ਬਣਾਉਂਦੇ ਹਨ।
ਇਸ ਮੌਕੇ ਮੇਅਰ ਬਲਵੰਤ ਰਾਏ ਨਾਥ ਨੇ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਬਠਿੰਡਾ ਸ਼ਹਿਰ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਭਾਰੀ ਵਾਧੇ ਦੇ ਨਾਲ ਜੇਤੂ ਬਣਾਇਆ ਜਾਵੇਗਾ। ਇਸ ਸਮੇਂ ਅਕਾਲੀ ਦਲ ਦੇ ਸਾਰੇ ਕੌਂਸਲਰ ਤੇ ਇਲਾਕੇ ਦੇ ਲੋਕਾਂ ਨੇ ਹੱਥ ਚੁੱਕ ਕੇ ਵਿਸ਼ਵਾਸ ਦਿਵਾਇਆ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਫਿਰ ਤੋਂ ਜੇਤੂ ਬਣਾਉਣ ਲਈ ਦਿਨ-ਰਾਤ ਇਕ ਕਰ ਦੇਣਗੇ।