ਰਾਹੁਲ ਗਾਂਧੀ ਦਾ ਕਰਜ਼ਾ ਮੁਆਫੀ ਵਾਲਾ ਮਾਡਲ ਕਿਸਾਨਾਂ ਨਾਲ ਧੋਖਾ : ਮਜੀਠੀਆ

01/13/2019 11:04:31 AM

ਮਜੀਠਾ/ਅੰਮ੍ਰਿਤਸਰ (ਜ. ਬ./ਛੀਨਾ)— ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਰਜ਼ਾਈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਲਗਾਤਾਰ ਵੱਧ ਰਹੀਆਂ ਖੁਦਕਸ਼ੀਆਂ ਪ੍ਰਤੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ਾ ਮੁਆਫ ਨਾ ਕਰਕੇ ਦਿੱਤਾ ਗਿਆ ਧੋਖਾ ਹੀ ਕਿਸਾਨ ਖੁਦਕੁਸ਼ੀਆਂ ਨੂੰ ਬੜ੍ਹਾਵਾ ਦੇ ਰਿਹਾ ਹੈ। ਸ. ਮਜੀਠੀਆ ਆਪਣੇ ਗ੍ਰਹਿ ਵਿਖੇ ਪੰਚਾਇਤੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਚਾਂ-ਸਰਪੰਚਾਂ ਨੂੰ ਸਨਮਾਨਿਤ ਕਰ ਰਹੇ ਸਨ, ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਕਿਸਾਨ ਕਰਜ਼ਾ ਮੁਆਫੀ ਵਾਲਾ ਮਾਡਲ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਹੈ, ਜੋ ਕਿ ਸਿਆਸੀ ਇੱਛਾ ਸ਼ਕਤੀ ਦੀ ਅਣਹੋਂਦ 'ਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਇਆ ਹੈ। ਫਿਰੋਜ਼ਪੁਰ ਜ਼ਿਲੇ ਦੇ ਪਿੰਡ ਆਸਲ ਦੇ ਇਕ ਕਰਜ਼ਾਈ ਕਿਸਾਨ ਵੱਲੋਂ ਆਪਣੇ ਟੱਬਰ ਅਤੇ ਮਾਸੂਮ ਬੱਚਿਆਂ ਦੀ ਕੀਤੀ ਗਈ ਹੱਤਿਆ ਰੂਹ ਕੰਬਾਉਣ ਵਾਲੀ ਹੈ। ਸਮਾਜਿਕ ਕਲੰਕ ਸਮਾਜ ਤੇ ਸਰਕਾਰ ਲਈ ਪਹਿਲ ਦੇ ਆਧਾਰ 'ਤੇ ਚਿੰਤਨ ਕਰਨ ਵਾਲਾ ਵਿਸ਼ਾ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਕਰਜ਼ਾ ਮੁਆਫੀ ਸਕੀਮ ਲਈ ਇਸ਼ਤਿਹਾਰਾਂ 'ਚ ਪ੍ਰਮੁੱਖਤਾ ਨਾਲ ਇਸਤੇਮਾਲ ਕੀਤੇ ਗਏ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਕੋਟਲੀ ਸੂਰਤ ਮੱਲ੍ਹੀਆਂ ਦੇ ਬੁੱਧ ਸਿੰਘ ਨਾਮੀ ਕਰਜ਼ਾਈ ਕਿਸਾਨ ਦਾ ਕਰਜ਼ਾ ਸਰਕਾਰ ਦੀ ਥਾਂ ਇਕ ਸਮਾਜ ਸੇਵੀ ਵੱਲੋਂ ਅਦਾ ਕੀਤਾ ਜਾਣਾ ਕਾਂਗਰਸ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਹੈ, ਜੋ ਕਿ ਕਾਂਗਰਸ ਦੀ ਜਾਅਲੀ ਕਰਜ਼ਾ ਮੁਆਫੀ ਸਕੀਮ ਦਾ ਪਰਦਾਫਾਸ਼ ਕਰਦਾ ਹੈ, ਉਥੇ ਹੀ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਵਿਸਾਰ ਦਿੱਤੇ ਜਾਣ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਕਰਜ਼ਾ ਮੁਆਫੀ ਸਕੀਮ ਦੀ ਗਾਰੰਟੀ ਦੇਣ ਵਾਲਾ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਪੰਜਾਬ ਲੋਕਾਂ ਨੂੰ ਜਵਾਬ ਦੇਵੇ ਕਿ ਉਨ੍ਹਾਂ ਨੇ 90 ਹਜ਼ਾਰ ਕਰੋੜ ਦੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁੱਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਕਿਉਂ ਦਿੱਤਾ?

ਇਸ ਮੌਕੇ ਮਜੀਠੀਆ ਨੇ ਕਾਂਗਰਸ ਸਰਕਾਰ 'ਤੇ ਪੰਚਾਇਤ ਸਿਸਟਮ ਨੂੰ ਤਹਿਸ-ਨਹਿਸ ਕਰਦਿਆਂ ਲੋਕਤੰਤਰ ਦਾ ਘਾਣ ਕਰਨ ਦੇ ਵੀ ਦੋਸ਼ ਲਗਾਏ ਅਤੇ ਕਿਹਾ ਕਿ ਪੰਚਾਇਤੀ ਸੰਸਥਾਵਾਂ ਲਈ ਚੁਣੇ ਗਏ ਪੰਚ-ਸਰਪੰਚ, ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਦੇ ਬੀਤੇ ਦਿਨ ਹੋਏ ਸਹੁੰ ਚੁੱਕ ਸਮਾਗਮਾਂ ਮੌਕੇ ਲੋਕਾਂ ਵੱਲੋਂ ਨਕਾਰੇ ਗਏ ਕਾਂਗਰਸੀਆਂ ਨੇ ਹਲਕਾ ਇੰਚਾਰਜਾਂ ਦੇ ਰੂਪ 'ਚ ਸਟੇਜਾਂ 'ਤੇ ਕਾਬਜ਼ ਹੋ ਕੇ ਨਾ ਸਿਰਫ ਲੋਕਤੰਤਰ ਦਾ ਘਾਣ ਕੀਤਾ ਸਗੋਂ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ 'ਚ ਕਾਂਗਰਸ 'ਚ ਹਲਕਾ ਇੰਚਾਰਜ ਸਿਸਟਮ ਨਾ ਹੋਣ ਪ੍ਰਤੀ ਕੀਤੇ ਗਏ ਐਲਾਨ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਹਨ।


shivani attri

Content Editor

Related News