ਅਸਤੀਫ਼ੇ ’ਤੇ ਮਜੀਠੀਆ ਦੀ ਟਿੱਪਣੀ, ਕਿਹਾ- ‘CM ਦਾ ਚਿਹਰਾ ਬਦਲਣ ’ਤੇ ਅਸਫਲਤਾ ਨੂੰ ਛੁਪਾਇਆ ਨਹੀਂ ਜਾ ਸਕਦੈ’
Sunday, Sep 19, 2021 - 08:42 AM (IST)
ਜਲੰਧਰ (ਲਾਭ ਸਿੰਘ ਸਿੱਧੂ) - ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਕਾਂਗਰਸ ਪਾਰਟੀ ਅਤੇ ਸਰਕਾਰ ਦੀ ਕਾਰਗੁਜ਼ਾਰੀ ਦੀ ਅਸਫਲਤਾ ਨੂੰ ਕਦੇ ਵੀ ਛੁਪਾਇਆ ਨਹੀਂ ਜਾ ਸਕਦਾ। ਇਹ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ’ਤੇ ਟਿੱਪਣੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੇ ਫ਼ੈਸਲੇ 10 ਜਨਪਥ ਤੋਂ ਹੁੰਦੇ ਹਨ।
ਬਿਕਰਮ ਮਜੀਠੀਆ ਨੇ ਕਿਹਾ ਕਿ ਨਾ ਹੀ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕੀਤਾ ਅਤੇ ਨਾ ਹੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨੀਆਂ ਹਨ। ਮਜੀਠੀਆ ਨੇ ਕਿਹਾ ਕਿ ਜੇ ਪੰਜਾਬ ਦੇ ਲੋਕ ਤੇ ਵਿਰੋਧੀ ਧਿਰਾਂ ਸਰਕਾਰ ਨੂੰ ਨਖਿਧ ਤੇ ਅਸਫਲ ਦੱਸਦੀਆਂ ਸਨ, ਉਸ ਕਾਂਗਰਸ ਹਾਈਕਮਾਂਡ ਨੇ ਮੁੱਖ ਮੰਤਰੀ ਦਾ ਅਸਤੀਫਾ ਮੰਗ ਕੇ ਕਬੂਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਅਸਫਲਤਾ ’ਚ ਸਾਰੇ ਮੰਤਰੀ, ਵਿਧਾਇਕ ਤੇ ਦੂਜੇ ਕਾਂਗਰਸ ਦੇ ਲੀਡਰ ਭਾਈਵਾਲ ਹਨ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਲੋਕਾਂ ਨਾਲ ਦਗਾ ਕਮਾਇਆ।