ਵਿਸ਼ੇਸ਼ ਇਜਲਾਸ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਵਰ੍ਹੇ ਮਜੀਠੀਆ, ਕਿਹਾ-ਪੰਜਾਬ ਦੇ ਲੋਕਾਂ ਨਾਲ ਕੀਤਾ ਵੱਡਾ ਧੋਖਾ
Tuesday, Nov 09, 2021 - 06:45 PM (IST)

ਅੰਮ੍ਰਿਤਸਰ (ਬਿਊਰੋ)-ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਸੱਦੇ ਵਿਸ਼ੇਸ਼ ਵਿਧਾਨ ਸਭਾ ਇਜਲਾਸ ਨੂੰ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਕਰਾਰ ਦਿੱਤਾ ਤੇ ਕਿਹਾ ਕਿ ਕਾਂਗਰਸ ਸਰਕਾਰ ਕੇਂਦਰ ਵੱਲੋਂ ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਵਧਾਉਣ ਅਤੇ ਖੇਤੀ ਕਾਨੂੰਨਾਂ ਵਰਗੇ ਸੰਵੇਦਨਸ਼ੀਲ ਮਾਮਲਿਆਂ ’ਤੇ ਅਰਥਹੀਣ ਮਤੇ, ਜਿਨ੍ਹਾਂ ਦੀ ਕੋਈ ਕਾਨੂੰਨੀ ਵੁੱਕਤ ਨਹੀਂ, ਪਾਸ ਕਰ ਕੇ ਪੰਜਾਬੀਆਂ ਦੀਆਂ ਅੱਖਾਂ ’ਚ ਘੱਟਾ ਪਾਉਣਾ ਚਾਹੁੰਦੀ ਹੈ। ਮਜੀਠੀਆ ਇਥੇ ਰਣਜੀਤ ਸਿੰਘ ਬ੍ਰਹਮਪੁਰਾ ਗਰੁੱਪ ਦੀ ਹਮਾਇਤ ਕਰਦੇ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਕਾਹਲਵਾਂ ਤੇ ਵੱਡੀ ਗਿਣਤੀ ’ਚ ਹੋਰ ਲੀਡਰਸ਼ਿਪ ਦੇ ਮੁੜ ਅਕਾਲੀ ਦਲ ’ਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੁੜ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਵਿਚ ਤਰਨਤਾਰਨ ਜ਼ਿਲ੍ਹੇ ਦੇ ਅਨੇਕਾਂ ਸਰਪੰਚ ਤੇ ਪੰਚ ਸ਼ਾਮਲ ਹਨ। ਵਿਸ਼ੇਸ਼ ਸੈਸ਼ਨ ਸੱਦਣ ਨੂੰ ਸਿਰਫ ‘ਜੁਮਲਾ’ ਕਰਾਰ ਦਿੰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਜਾਏ ਸਟੇਜ ਸ਼ੋਅ ਕਰਨ ਦੇ ਕਾਂਗਰਸ ਸਰਕਾਰ ਨੂੰ ਕਾਰਜਕਾਰੀ ਹੁਕਮ ਪਾਸ ਕਰ ਕੇ ਬੀ. ਐੱਸ. ਐੱਫ. ਦੇ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਵੱਧ ਅੰਦਰ ਤੱਕ ਕੋਈ ਵੀ ਕਾਰਵਾਈ ਕਰਨ ’ਤੇ ਰੋਕ ਲਾਉਣੀ ਚਾਹੀਦੀ ਹੈ ਅਤੇ ਤਿੰਨ ਨਫ਼ਰਤ ਭਰੇ ਖੇਤੀ ਕਾਨੂੰਨ ਪੰਜਾਬ ’ਚ ਲਾਗੂ ਹੋਣ ਯੋਗ ਨਹੀਂ ਰਹਿਣ ਦੇਣੇ ਚਾਹੀਦੇ।\
ਇਹ ਵੀ ਪੜ੍ਹੋ : ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਕੀਤੀ ਜਾਵੇਗੀ ਮੁੜ ਸ਼ੁਰੂ : ਸੁਖਬੀਰ ਬਾਦਲ
ਉਨ੍ਹਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖਰੀਦ ਸਮਝੌਤਿਆਂ ਦੇ ਮਾਮਲੇ ’ਚ ਮਤੇ ਪਾਸ ਕਰਨ ਦਾ ਡਰਾਮਾ ਕਰਨ ਦੀ ਥਾਂ ਇਹ ਸਮਝੌਤੇ ਰੱਦ ਕਰ ਸਕਦੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਿੱਧਾ ਹੱਲਾ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੂਬੇ ’ਚ ਕੇਂਦਰ ਦੇ ਅਧਿਕਾਰ ਖੇਤਰ ਵਿਚ ਵਾਧਾ ਹੋਣ ਲਈ ਚੰਨੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜ ਅਕਤੂਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਤੇ ਵਧ ਰਹੇ ਡਰੋਨ ਹਮਲਿਆਂ ਤੇ ਨਸ਼ਾ ਸਮੱਗਲਿੰਗ ’ਚ ਵਾਧੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ’ਚ ਵਾਧੇ ਦੀ ਮੰਗ ਕੀਤੀ। ਇਹ ਸਭ ਗੱਲਾਂ ਸਰਕਾਰੀ ਰਿਕਾਰਡ ਦਾ ਹਿੱਸਾ ਹਨ, ਜਿਸ ਦਾ ਖੁਲਾਸਾ ਆਪ ਪੰਜਾਬ ਸਰਕਾਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਗੱਲ ਨਹੀਂ ਦੱਸੀ ਗਈ, ਉਹ ਇਹ ਹੈ ਕਿ ਇਸ ਮੀਟਿੰਗ ’ਚ ਚੰਨੀ ਨੇ ਸੂਬੇ ਦੇ ਅਧਿਕਾਰ ਸਰੰਡਰ ਕਰ ਦਿੱਤੇ ਕਿਉਂਕਿ ਕਾਂਗਰਸ ਸਰਕਾਰ ਆਪਸੀ ਲੜਾਈ ’ਚ ਉਲਝੀ ਹੈ ਤੇ ਇਸ ਦਾ ਸਰਕਾਰ ਵੱਲ ਕੋਈ ਧਿਆਨ ਨਹੀਂ। ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਮਤੇ ਪਾਸ ਕਰਨ ਨਾਲ ਪੰਜਾਬੀਆਂ ਦੇ ਜੀਵਨ ’ਤੇ ਕੋਈ ਅਸਰ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਐੱਮ. ਪੀ. ਮਨੀਸ਼ ਤਿਵਾੜੀ ਨੇ ਆਪ ਸਵਾਲ ਚੁੱਕੇ ਹਨ ਕਿ ਚੰਨੀ ਸਰਕਾਰ ਨੇ ਪੰਜਾਬ ਵਿਚ ਕੇਂਦਰ ਦੇ ਅਧਿਕਾਰ ਖੇਤਰ ’ਚ ਵਾਧੇ ਦੇ ਫ਼ੈਸਲੇ ਨੂੰ ਹਾਲੇ ਤੱਕ ਅਦਾਲਤ ’ਚ ਚੁਣੌਤੀ ਕਿਉਂ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਸੂਬਾ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਮਤਾ ਪਾਸ ਕੀਤਾ ਸੀ, ਜੋ ਰਾਜਪਾਲ ਕੋਲ ਪੈਂਡਿੰਗ ਪਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'ਕਰਤਾਰਪੁਰ ਲਾਂਘਾ' ਖੋਲ੍ਹਣ ਦੀ ਮੁੜ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਮਤਾ ਪਾਸ ਕਰ ਕੇ ਅਸੀਂ ਅਮਲੀ ਰੂਪ ਵਿਚ ਕੀ ਹਾਸਲ ਕਰ ਸਕਦੇ ਹਾਂ ? ਉਨ੍ਹਾਂ ਇਹ ਵੀ ਦੱਸਿਆ ਕਿ ਪੀ. ਪੀ. ਏ. ਰੱਦ ਕਰਨ ਦੇ ਮਾਮਲੇ ’ਚ ਵੀ ਕੇਂਦਰੀ ਟ੍ਰਿਬਿਊਨਲ ਨੇ ਚਾਰ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਭੇਜੇ ਸਮਝੌਤੇ ਰੱਦ ਕਰਨ ਦੇ ਨੋਟਿਸਾਂ ’ਤੇ ਰੋਕ ਲਾ ਦਿੱਤੀ ਹੈ। ਮਜੀਠੀਆ ਨੇ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅੰਤਰ ਝਾਤ ਮਾਰਨ ਅਤੇ ਫ਼ੈਸਲਾ ਕਰਨ ਕਿ ਕੀ ਉਹ ਕਾਂਗਰਸ ਸਰਕਾਰ ਦੀ ਇਸ ਬੇਈਮਾਨੀ ਦੀ ਹਮਾਇਤ ਕਰਨਗੇ, ਜਿਸ ਨਾਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਲਈ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ, ਕਿਸਾਨਾਂ ਨੂੰ ਡੀ. ਏ. ਪੀ. ਖਾਦ ਉਪਲੱਬਧ ਕਰਵਾਉਣ, ਮੁਲਾਜ਼ਮਾਂ ਦੇ 5 ਹਜ਼ਾਰ ਕਰੋੜ ਰੁਪਏ ਦੇ ਮਹਿੰਗਾਈ ਭੱਤੇ ਦੇ ਬਕਾਏ ਜਾਰੀ ਕਰਨ, 35 ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਐੱਸ. ਸੀ. ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦੇ ਨਾਲ-ਨਾਲ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਲ-ਨਾਲ ਬੇਰੋਜ਼ਗਾਰੀ ਭੱਤੇ ਦੇ ਬਕਾਏ ਦੇਣ ਸਮੇਤ ਸੂਬੇ ਦੇ ਹੋਰ ਭਖਦੇ ਮਸਲੇ ਹੱਲ ਨਹੀਂ ਹੋਣੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ’ਚ ਫੇਲ੍ਹ ਹੋਣ ਤੋਂ ਬਾਅਦ ਹੁਣ ਸਰਕਾਰ ਮੌਜੂਦਾ ਵਿਸ਼ੇਸ਼ ਇਜਲਾਸ ’ਤੇ ਇਕ ਕਰੋੜ ਰੁਪਏ ਰੋਜ਼ਾਨਾ ਬਰਬਾਦ ਕਰ ਰਹੀ ਹੈ, ਜਦਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਦੇ ਮਾਮਲੇ ਵਿਚ ਝੂਠੇ ਦਾਅਵਿਆਂ ਵਾਲੇ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਜਦਕਿ ਸੱਚਾਈ ਹੋਰ ਹੈ। ਇਸ ਦੌਰਾਨ ਇਕ ਸਵਾਲ ਦੇ ਜਵਾਬ ’ਚ ਮਜੀਠੀਆ ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਦਾਅਵੇ ਦੀ ਵੀ ਪੋਲ੍ਹ ਖੋਲ੍ਹੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਜਵਾਈ ਤਰੁਣਪਾਲ ਲਹਿਲ ਮੈਰਿਟ ਦੇ ਆਧਾਰ ’ਤੇ ਐਡੀਸ਼ਨਲ ਏ. ਜੀ. ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਰੰਧਾਵਾ ਦੇ ਜਵਾਈ ਕੋਲ ਐਡੀਸ਼ਨਲ ਏ. ਜੀ. ਬਣਨ ਲਈ ਲੋੜੀਂਦਾ 16 ਸਾਲ ਤੱਕ ਵਕਾਲਤ ਕਰਨ ਦਾ ਤਜਰਬਾ ਨਹੀਂ ਹੈ ਤੇ ਉਸ ਦੀ ਅਨਿਆਂਪੂਰਨ ਨਿਯੁਕਤੀ ਮੈਰਿਟ ਆਧਾਰਿਤ ਉਮੀਦਵਾਰਾਂ ਨੂੰ ਛੱਡ ਕੇ ‘ਗੈਰ ਸਾਧਾਰਨ ਹਾਲਾਤ’ ਦਾ ਸਹਾਰਾ ਲੈ ਕੇ ਕੀਤੀ ਗਈ ਹੈ। ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਰੰਧਾਵਾ ਨੇ ਤਾਂ ਆਪ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਨੂੰ ਪੁਲਸ ਦੀ ਨੌਕਰੀ ਦੇਣ ਦਾ ਵਿਰੋਧ ਕੀਤਾ ਸੀ ਪਰ ਹੁਣ ਜਦੋਂ ਖੁਦ ਦੀ ਵਾਰੀ ਆਈ ਹੈ ਤਾਂ ਉਨ੍ਹਾਂ ਨੂੰ ਘਰ ਘਰ ਨੌਕਰੀ ਸਕੀਮ ਕਾਂਗਰਸ ਘਰ ਘਰ ਨੌਕਰੀ ਸਕੀਮ ’ਚ ਬਦਲਣ ’ਤੇ ਕੋਈ ਉਜ਼ਰ ਨਹੀਂ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰ ਵੱਲੋਂ ਕੋਰੋਨਾ ਕਾਲ ਵਿਚ ਭੇਜੀ ਕਣਕ ਦੇ ਘਪਲੇ, ਸੂਬੇ ਦੇ ਬਾਹਰੋਂ ਅਨਾਜ ਘੱਟ ਭਾਅ ਖਰੀਦ ਕੇ ਪੰਜਾਬ ਵਿਚ ਐੱਮ. ਐੱਸ. ਪੀ. ’ਤੇ ਵੇਚਣ ਅਤੇ ਬਾਰਦਾਨੇ ਦੀ ਖਰੀਦ ਤੇ ਦਾਗੀ ਅਫਸਰ ਰਾਕੇਸ਼ ਸਿੰਗਲਾ ਨੂੰ ਕੇਂਦਰੀ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਸਮੇਤ ਅਨੇਕਾਂ ਘਪਲਿਆਂ ਰਾਹੀਂ 5 ਹਜ਼ਾਰ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ। ਇਸ ਮੌਕੇ ਜੋ ਆਗੂ ਅਕਾਲੀ ਦਲ ’ਚ ਸ਼ਾਮਲ ਹੋਏ ਉਨ੍ਹਾਂ ਵਿਚ ਸਰਬਜੀਤ ਸਿੰਘ ਪ੍ਰਧਾਨ, ਜਥੇਦਾਰ ਹਰਦੇਵ ਸਿੰਘ ਨਾਗਕੇ, ਨਰਿੰਦਰ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਕੌਰ ਸੰਮਤੀ ਮੈਂਬਰ, ਅਮਰਜੀਤ ਸਿੰਘ ਸਾਬਕਾ ਸਰਪੰਚ, ਮਨਜਿੰਦਰ ਸਿੰਘ ਸਾਬਕਾ ਸਰਪੰਚ, ਕਾਬਲ ਸਿੰਘ ਸਾਬਕਾ ਸਰਪੰਚ, ਤਰਲੋਕ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ ਸਾਬਕਾ ਚੇਅਰਮੈਨ, ਕਸ਼ਮੀਰ ਸਿੰਘ ਫਤਿਆਬਾਦ, ਡਾ. ਕੁਲਦੀਪ ਸਿੰਘ ਖੇਲਾ, ਅਜਮੇਰ ਸਿੰਘ ਖੇਲਾ, ਜੋਗਾ ਸਿੰਘ ਖੇਲਾ, ਮਾਸਟਰ ਅਰਜਨ ਸਿੰਘ ਨਾਗੋਕੇ, ਦਲਬੀਰ ਸਿੰਘ ਨਾਗੋਕੇ, ਸਵਿੰਦਰ ਸਿੰਘ ਨਾਗੋਕੇ, ਸਰਜਬਜੀਤ ਸਿੰਘ ਨਾਗੋਕੇ, ਸੁਖਦੇਵ ਸਿੰਘ ਪ੍ਰਧਾਨ, ਹਰਜੀਤ ਸਿੰਘ ਠੇਕੇਦਾਰ, ਡਾ. ਜਗਤਾਰ ਸਿੰਘਾ ਸੁਲੱਖਣ ਸਿੰਘ ਸੰਗਰ, ਬਚਨ ਸਿੰਘ ਨੀਟਾ ਸਰਕਲ ਪ੍ਰਧਾਨ, ਦਲਬੀਰ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਭਲੋਜਕਾ ਸ਼ਾਮਲ ਹਨ। ਪ੍ਰੈੱਸ ਕਾਨਫਰੰਸ ਵਿਚ ਸੀਨੀਅਰ ਆਗੂ ਹਰਮੀਤ ਸਿੰਘ ਸੰਧੂ ਤੇ ਵਿਰਸਾ ਸਿੰਘ ਵਲਟੋਹਾ ਵੀ ਹਾਜ਼ਰ ਸਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ?