ਪੰਜਾਬ ''ਚ ਵੱਡੀ ਸਿਆਸੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ

Friday, Aug 21, 2026 - 04:50 PM (IST)

ਪੰਜਾਬ ''ਚ ਵੱਡੀ ਸਿਆਸੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ

ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਤਾਜ਼ਾ ਬਿਆਨ ਨੇ ਪੰਜਾਬ ਦੀ ਸਿਆਸੀ ਹਲਚਲ ਹੋਰ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਦੀ ਸੰਭਾਵਨਾ ਬਾਰੇ ਆਖ਼ਿਆ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਮੁੜ ਇੱਕਜੁੱਟ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਬਾਰੇ ਅੰਤਿਮ ਫ਼ੈਸਲਾ ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਨੇ ਲੈਣਾ ਹੈ। 

ਇਕ ਇੰਟਰਵਿਊ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਾਜਪਾਈ ਸਾਹਿਬ ਅਤੇ ਬਾਦਲ ਸਾਹਿਬ ਦਾ ਗੱਠਜੋੜ ਭਾਈਚਾਰੇ, ਅਮਨ-ਸ਼ਾਂਤੀ ਅਤੇ ਹਿੰਦੂ-ਸਿੱਖ ਏਕਤਾ ’ਤੇ ਅਧਾਰਿਤ ਸੀ, ਜੋ ਪੰਜਾਬ ਅਤੇ ਕੇਂਦਰ ਦੋਵਾਂ ਥਾਵਾਂ 'ਤੇ ਬੇਹੱਦ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਵਾਦ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ-ਵੱਖ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਗੜ ਰਹੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ, ਵਿਕਾਸ ਅਤੇ ਹੋਰ ਗੰਭੀਰ ਮੁੱਦਿਆਂ ਕਾਰਨ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਹਨ ਕਿ ਦੋਵਾਂ ਧਿਰਾਂ ਨੂੰ ਮੁੜ ਇਕੱਠੇ ਹੋਣਾ ਚਾਹੀਦਾ ਹੈ। 

ਦੱਸ ਦਈਏ ਕਿ ਬੀਤੇ ਦਿਨੀਂ ਬਿਕਰਮ ਸਿੰਘ ਮਜੀਠੀਆ ਦੀ ਭੈਣ, ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਅਕਾਲੀ-ਭਾਜਪਾ ਗੱਠਜੋੜ ਦੇ ਸੰਕੇਤ ਦਿੱਤੇ ਸਨ। ਇੰਟਰਵਿਊ ਦੌਰਾਨ ਜਦੋਂ ਮਜੀਠੀਆ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਹਰਸਿਮਰਤ ਨੇ ਜੋ ਸੰਕੇਤ ਦਿੱਤਾ ਹੈ, ਲੋਕ ਵੀ ਉਹੀ ਚਾਹੁੰਦੇ ਹਨ। ਬਾਦਲ ਸਾਹਿਬ ਤੇ ਵਾਜਪਾਈ ਸਾਹਿਬ ਨੇ ਭਾਈਚਾਰਕ ਸਾਂਝ ਲਈ ਗੱਠਜੋੜ ਕੀਤਾ ਸੀ। ਗੱਠਜੋੜ ਕਰਨ ਜਾਂ ਨਾ ਕਰਨ ਬਾਰੇ ਫ਼ੈਸਲਾ ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਨੇ ਕਰਨਾ ਹੈ ਤੇ ਆਉਣ ਵਾਲੇ ਸਮੇਂ ਵਿਚ ਸਭ ਸਾਫ਼ ਹੋ ਜਾਵੇਗਾ। 


author

Anmol Tagra

Content Editor

Related News