ਡਰੱਗਜ਼ ਮਾਮਲੇ ਦੀ ਜਾਂਚ ''ਚ ਸ਼ਾਮਲ ਹੋਏ ''ਮਜੀਠੀਆ'', ਨਵਜੋਤ ਸਿੱਧੂ ''ਤੇ ਕੱਸਿਆ ਤੰਜ

Wednesday, Jan 12, 2022 - 02:35 PM (IST)

ਡਰੱਗਜ਼ ਮਾਮਲੇ ਦੀ ਜਾਂਚ ''ਚ ਸ਼ਾਮਲ ਹੋਏ ''ਮਜੀਠੀਆ'', ਨਵਜੋਤ ਸਿੱਧੂ ''ਤੇ ਕੱਸਿਆ ਤੰਜ

ਮੋਹਾਲੀ (ਪਰਦੀਪ) : ਪੰਜਾਬ ਦੇ ਸਾਬਕਾ ਲੋਕ ਸੰਪਰਕ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਐੱਸ. ਆਈ. ਟੀ. (ਸਿੱਟ) ਦੇ ਸਾਹਮਣੇ ਡਰੱਗਜ਼ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਏ। ਸਵੇਰੇ 11 ਵਜੇ ਬਿਕਰਮ ਮਜੀਠੀਆ ਸਿੱਟ ਕੋਲ ਪੇਸ਼ ਹੋਣ ਲਈ ਪਹੁੰਚ ਗਏ ਅਤੇ ਸਵਾ ਦੋ ਘੰਟੇ ਦੇ ਕਰੀਬ ਉਨ੍ਹਾਂ ਤੋਂ ਸਵਾਲ-ਜਵਾਬ ਕੀਤੇ ਗਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਸਪੱਸ਼ਟ ਕਿਹਾ ਕਿ ਸਿਆਸੀ ਕਿੜ ਕੱਢਣ ਲਈ ਉਨ੍ਹਾਂ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਇਸ ਮਾਮਲੇ ਨਾਲ ਸਬੰਧਿਤ ਪੂਰੀ ਜਾਂਚ ਏ. ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁੱਜੇ 'ਅਰਵਿੰਦ ਕੇਜਰੀਵਾਲ', ਦੱਸਿਆ ਕਦੋਂ ਹੋਵੇਗਾ ਮੁੱਖ ਮੰਤਰੀ ਚਿਹਰੇ ਦਾ ਐਲਾਨ

ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਿਤ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਉਹ ਜਾਂਚ ਵਿਚ ਪੂਰਾ ਸਹਿਯੋਗ ਕਰਨਗੇ। ਬਿਕਰਮ ਮਜੀਠੀਆ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਸ਼ਬਦੀ ਹਮਲਾ ਕਰਦਿਆਂ ਸਪੱਸ਼ਟ ਕਿਹਾ ਕਿ ਪੰਜਾਬ ਵਿਚ ਵਿਕਾਸ ਨਾ ਦੀ ਕੋਈ ਚੀਜ਼ ਨਹੀਂ ਅਤੇ ਠੋਕੋ ਤਾਲੀ ਨਵਜੋਤ ਸਿੰਘ ਸਿੱਧੂ ਵੱਲੋਂ ਖਟਾਰਾ ਮਾਡਲ ਪੇਸ਼ ਕੀਤਾ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਿਰਫ ਮੈਂ-ਮੈਂ ਮੈਂ ਕਰਦਾ ਹੀ ਪੰਜਾਬ ਘੁੰਮ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਬਤੌਰ ਮੰਤਰੀ ਹੁੰਦਿਆਂ ਵੱਖ-ਵੱਖ ਮਹਿਕਮਿਆਂ ਵਿੱਚ ਕਾਰਗੁਜ਼ਾਰੀ ਜ਼ੀਰੋ ਫ਼ੀਸਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ, ਜਾਣੋ ਕਿਹੜਾ ਮੰਤਰੀ ਕਿਸ ਜ਼ਿਲ੍ਹੇ 'ਚ ਲਹਿਰਾਵੇਗਾ ਤਿਰੰਗਾ

ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਬਾਰੇ  ਕਾਂਗਰਸ ਸਰਕਾਰ ਦੇ ਮੰਤਰੀ ਹੀ ਬਿਆਨਬਾਜ਼ੀ ਕਰ ਚੁੱਕੇ ਹਨ ਅਤੇ ਵੱਖ-ਵੱਖ ਮੰਤਰੀਆਂ ਵੱਲੋਂ ਦਿੱਤੇ ਬਿਆਨਾਂ ਦੇ ਜਵਾਬ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਕੁੱਝ ਨਹੀਂ ਬੋਲਿਆ ਗਿਆ। ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਮਾਡਲ ਦੀ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ ਕਿਉਂਕਿ ਜੇਕਰ ਕੋਈ  ਮਾਡਲ ਹੁੰਦਾ ਤਾਂ ਇਸ ਨੂੰ ਸਹੀ ਮਾਇਨਿਆਂ ਵਿਚ ਦਿੱਲੀ ਹੀ ਲਾਗੂ ਕਰ ਲਿਆ ਜਾਂਦਾ, ਉੱਥੋਂ ਦੇ ਲੋਕੀਂ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਆਪਣੀ ਪ੍ਰਤੀਕਿਰਿਆ ਵਾਰ-ਵਾਰ ਦਰਜ ਕਰਵਾ ਚੁੱਕੇ ਹਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਕੇਜਰੀਵਾਲ ਨੂੰ ਪੰਜਾਬ ਦੇ ਮਾਡਲ ਦਾ ਕੀ ਪਤਾ ਹੈ, ਪੰਜਾਬੀ ਖ਼ੁਦ ਹੀ ਪੰਜਾਬ ਦਾ ਮਾਡਲ ਆਪਣੀ ਹੀ ਕਿਸਮ ਦਾ ਪੇਸ਼ ਕਰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


author

Babita

Content Editor

Related News