ਮਜੀਠੀਆ ਮਾਮਲੇ ’ਤੇ ਸੁੱਖੀ ਰੰਧਾਵਾ ਦਾ ਵੱਡਾ ਬਿਆਨ, ਕਿਹਾ ਮਾਵਾਂ ਦੀਆਂ ਬਦ-ਦੁਆਵਾਂ ਕਾਰਨ ਰੱਦ ਹੋਈ ਜ਼ਮਾਨਤ

Tuesday, Jan 25, 2022 - 10:22 PM (IST)

ਅੰਮ੍ਰਿਤਸਰ : ਡਰੱਗ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਨੇ ਫਿਰ ਜ਼ੋਰ ਫੜ ਲਿਆ ਹੈ। ਇਸ ਮਾਮਲੇ ’ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਜਿਸ ਵਿਅਕਤੀ ਨੂੰ ਸ਼ਰਤਾਂ ਦੇ ਆਧਾਰ ’ਤੇ ਜ਼ਮਾਨਤ ਮਿਲੀ ਹੋਵੇ, ਉਸ ਵਲੋਂ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚੈਲੰਜ ਕਰਨਾ ਨਹੀਂ ਬਣਦਾ ਹੈ। ਰੰਧਾਵਾ ਨੇ ਕਿਹਾ ਕਿ ਜ਼ਮਾਨਤ ਤੋਂ ਬਾਅਦ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਲੱਖਾਂ ਮਾਵਾਂ ਦੀਆਂ ਅਰਦਾਸਾਂ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲੀ ਹੈ ਪਰ ਅੱਜ ਹਜ਼ਾਰਾਂ ਉਹ ਨੌਜਵਾਨ ਜਿਹੜੇ ਨਸ਼ੇ ਦੀ ਭੇਟ ਚੜ੍ਹੇ ਸਨ, ਉਨ੍ਹਾਂ ਦੀਆਂ ਮਾਵਾਂ ਦੀਆਂ ਬਦਦੁਆਵਾਂ ਕਾਰਨ ਹੀ ਮਜੀਠੀਆ ਦੀ ਜ਼ਮਾਨਤ ਰੱਦ ਹੋਈ ਹੈ। ਰੰਧਾਵਾ ਨੇ ਕਿਹਾ ਕਿ ਪੁਲਸ ਅਤੇ ਐੱਸ. ਆਈ. ਟੀ. ਵਲੋਂ ਜਿਹੜੀ ਜਾਂਚ ਕੀਤੀ ਗਈ ਸੀ, ਉਸੇ ਦੇ ਆਧਾਰ ’ਤੇ ਮਜੀਠੀਆ ਦੀ ਜ਼ਮਾਨਤ ਰੱਦ ਹੋਈ ਹੈ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਅੰਮ੍ਰਿਤਸਰ ਸਥਿਤ ਘਰ ’ਚ ਮਾਰਿਆ ਛਾਪਾ

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਹੀ ਮਜੀਠੀਆ ਖ਼ਿਲਾਫ਼ ਆਵਾਜ਼ ਚੁੱਕੀ ਸੀ ਅਤੇ ਉਸ ਸਮੇਂ ਮੇਰੇ ਤੋਂ ਮੇਰੀ ਸਕਿਓਰਿਟੀ ਵੀ ਵਾਪਸ ਲੈ ਲਈ ਗਈ ਸੀ। ਰੰਧਾਵਾ ਨੇ ਕਿਹਾ ਕਿ ਪਹਿਲਾਂ ਦਸ ਸਾਲ ਅਕਾਲੀਆਂ ਨੇ ਰਾਜ ਕੀਤਾ ਫਿਰ ਸਾਡੇ ਕੈਪਟਨ ਅਮਰਿੰਦਰ ਸਿੰਘ ਨੇ ਪਰ ਜਿੰਨਾ ਸਮਾਂ ਵੀ ਸਾਨੂੰ ਕਾਰਜਭਾਰ ਮਿਲਿਆ ਅਸੀਂ ਈਮਾਨਦਾਰੀ ਨਾਲ ਕੰਮ ਕੀਤਾ ਅਤੇ ਸਾਡੀ ਸਰਕਾਰ ਨੇ ਕਦੇ ਵੀ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਹੀਂ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਗੁਰਦੁਆਰਾ ਮੰਜੀ ਸਾਹਿਬ ਹਾਲ ਵਿਖੇ ਜਿਹੜਾ ਪੰਥਕ ਇਕੱਠ ਕੀਤਾ ਗਿਆ ਸੀ, ਇਸ ਸੰਬੰਧੀ ਉਨ੍ਹਾਂ ਜਥੇਦਾਰ ਨੂੰ ਪੱਤਰ ਵੀ ਲਿਖਿਆ ਸੀ, ਜਿਸ ਦਾ ਅਜੇ ਤਕ ਜਵਾਬ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਓਵਰਸਪੀਡ ਕਾਰਣ ਵਾਪਰਿਆ ਵੱਡਾ ਹਾਦਸਾ, ਇਕੋ ਪਰਿਵਾਰ ਦੇ 3 ਜਣਿਆਂ ਦੀ ਮੌਤ

ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਹਾਈਕੋਰਟ ਨੇ ਲਗਾਈ ਰੋਕ
ਦੱਸਣਯੋਗ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਤਿੰਨ ਦਿਨ ਲਈ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਹੁਣ ਉਹ ਆਪਣਾ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਸਕਣਗੇ। ਮਜੀਠੀਆ ਦੇ ਵਕੀਲਾਂ ਨੇ ਹਾਈਕੋਰਟ ਵਿਚ ਸਮਾਂ ਮੰਗਿਆ ਸੀ, ਉਹ ਸੁਪਰੀਮ ਕੋਰਟ ਵਿਚ ਸਪੈਸ਼ਲ ਲੀਵ ਪਟੀਸ਼ਨ ਵੀ ਦਾਖਲ ਕਰਨਗੇ। ਇਸ ਤੋਂ ਪਹਿਲਾਂ ਅਗਾਊਂ ਜ਼ਮਾਨਤ ਰੱਦ ਹੋਣ ਦੇ ਅਗਲੇ ਹੀ ਦਿਨ ਮੋਹਾਲੀ ਕਰਾਈਮ ਬ੍ਰਾਂਚ ਟੀਮ ਨੇ ਅਕਾਲੀ ਆਗੂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਸੀ। ਟੀਮ ਨੇ ਮਜੀਠੀਆ ਦੇ ਅੰਮ੍ਰਿਤਸਰ-ਚੰਡੀਗੜ੍ਹ ਸਮੇਤ ਛੇ ਥਾਵਾਂ ’ਤੇ ਮੰਗਲਵਾਰ ਨੂੰ ਰੇਡ ਕੀਤੀ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਘਟਨਾ, ਲੁੱਟ ਦੇ ਇਰਾਦੇ ਨਾਲ ਨੌਜਵਾਨ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News