ਬਿਕਰਮ ਮਜੀਠੀਆ ਦੀ ਜ਼ਮਾਨਤ ’ਤੇ ਭਗਵੰਤ ਮਾਨ ਦਾ ਵੱਡਾ ਬਿਆਨ

Tuesday, Jan 11, 2022 - 06:29 PM (IST)

ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਵਲੋਂ ਜ਼ਮਾਨਤ ਮਿਲਣ ’ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਹੈ ਕਿ ਇਸ ਨਾਲ ਕਾਂਗਰਸ ਅਤੇ ਅਕਾਲੀ ਦਲ ਦੀ ਖੇਡ ਸਾਹਮਣੇ ਆ ਗਈ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਆਖ ਰਹੀ ਹੈ ਕਿ ਚੋਣਾਂ ਨੇੜੇ ਆ ਕੇ ਬਿਕਰਮ ਮਜੀਠੀਆ ’ਤੇ ਝੂਠੀ ਕਾਰਵਾਈ ਕੀਤੀ ਜਾਵੇਗੀ। ਇਸੇ ਤਹਿਤ ਚੰਨੀ ਸਰਕਾਰ ਨੇ ਜਾਣ ਬੁੱਝ ਕੇ ਕਮਜ਼ੋਰ ਕੇਸ ਬਣਾਇਆ ਜਿਸ ਦੇ ਚੱਲਦੇ ਮਜੀਠੀਆ ਨੂੰ ਜ਼ਮਾਨਤ ਮਿਲ ਗਈ। ਇਹ ਸਭ ਕੁੱਝ ਜਨਤਾ ਦੀ ਅੱਖਾਂ ’ਚ ਧੂੜ ਪਾਉਣ ਲਈ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਆਮ ਜਨਤਾ ਕੋਲੋਂ ਕੋਈ ਛੋਟਾ ਮੋਟਾ ਨਸ਼ਾ ਫੜਿਆ ਜਾਵੇ ਤਾਂ ਉਸ ਨੂੰ 10-10 ਸਾਲ ਦੀ ਕੈਦ ਹੋ ਜਾਂਦੀ ਹੈ ਪਰ ਮਜੀਠੀਆ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ।

ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਬਿਕਰਮ ਸਿੰਘ ਮਜੀਠੀਆ

ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਚੰਨੀ ਨੇ ਬਾਦਲਾਂ ਨਾਲ ਮਿਲ ਕੇ ਕੇਸ ਖਰਾਬ ਕੀਤਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮਜੀਠੀਆ ਮਾਮਲੇ ਵਿਚ ਅਕਾਲੀ ਦਲ ਅਤੇ ਕਾਂਗਰਸ ਵਲੋਂ ਮਿਲ ਕੇ ਖੇਡ ਖੇਡੀ ਗਈ ਹੈ। ਮਾਨ ਨੇ ਕਿਹਾ ਕਿ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿਰਫ ਫੇਸਬੁੱਕ ’ਤੇ ਹੀ ਵਾਹ-ਵਾਹ ਖੱਟੀ ਹੈ। ਪਹਿਲਾਂ ਕਮਜ਼ੋਰ ਕੜੀ ਤਹਿਤ ਬਾਦਲਾਂ ਦੀ ਬੱਸਾਂ ਜ਼ਬਤ ਕੀਤੀਆਂ ਗਈਆਂ ਫਿਰ ਜਦੋਂ ਇਹ ਮਾਮਲਾ ਹਾਈਕੋਰਟ ਵਿਚ ਪਹੁੰਚਿਆ ਤਾਂ ਬੱਸਾਂ ਬਹਾਲ ਵੀ ਕਰ ਦਿੱਤੀਆਂ ਗਈਂ।

ਇਹ ਵੀ ਪੜ੍ਹੋ : ਚੋਣ ਜ਼ਾਬਤੇ ਦੌਰਾਨ ਪਟਿਆਲਾ ’ਚ ਵੱਡੀ ਵਾਰਦਾਤ, ਕਾਂਗਰਸੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ

ਮਾਨ ਨੇ ਕਿਹਾ ਕਿ ਕਾਂਗਰਸ ਨੇ 111 ਦਿਨਾਂ ਵਿਚ ਸਰਕਾਰ ਨਹੀਂ ਸਗੋਂ ਸਰਕਸ ਚਲਾਈ ਹੈ। ਕਾਂਗਰਸ ਨੇ ਥੋੜ੍ਹੇ ਸਮੇਂ ਵਿਚ ਹੀ 4 ਡੀ. ਜੀ. ਪੀ, ਦੋ ਐਡਵੋਕੇਟ ਜਨਰਲ ਬਦਲ ਦਿੱਤੇ ਗਏ ਅਤੇ ਅਫਸਰਾਂ ਨੂੰ ਬਦਲਣ ਦੀ ਤਾਂ ਸੂਚੀ ਹੀ ਬੜੀ ਲੰਬੀ ਹੈ। ਚੰਨੀ ਸਰਕਾਰ ਮੁਹੱਲੇ ਦੀ ਉਸ ਕ੍ਰਿਕਟ ਟੀਮ ਵਾਂਗ ਚੱਲੀ ਹੈ, ਜਿਸ ਦਾ ਕੋਈ ਕੈਪਟਨ ਨਹੀਂ ਹੁੰਦਾ। ਮਾਨ ਨੇ ਕਿਹਾ ਕਿ ਨਾ ਨਸ਼ੇ ਦੇ ਮਾਮਲੇ ਵਿਚ ਕੁੱਝ ਹੋਇਆ ਅਤੇ ਨਾ ਹੀ ਨਾ ਬਹਿਬਲ ਕਲਾਂ ਦਾ ਨਤੀਜਾ ਆਇਆ। ਲੋਕ ਹੁਣ ਇਨ੍ਹਾਂ ਦੀਆਂ ਨੂਰਾਂ ਕੁਸ਼ਤੀ ਵਾਲੀਆਂ ਚਾਲਾਂ ਵਿਚ ਨਹੀਂ ਆਉਣਗੇ। ਲੋਕ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਕੋਲ ਵਿਕਾਸ ਦਾ ਸਾਰਾ ਰੋਡ ਮੈਪ ਤਿਆਰ ਹੈ ਅਤੇ ਅਸੀਂ ਸਿਰਫ ਪਾਜ਼ੇਟਿਵ ਸਿਆਸਤ ਕਰਾਂਗੇ।

ਇਹ ਵੀ ਪੜ੍ਹੋ : ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਵੱਡਾ ਐਲਾਨ, ਇਸ ਹਲਕੇ ਤੋਂ ਲੜਨਗੇ ਚੋਣ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News