ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਮਜ਼ਦੂਰ ਘਰ ਪਰਤਣ ''ਚ ਨਹੀਂ ਵਿਖਾ ਰਹੇ ਦਿਲਚਸਪੀ

Monday, May 04, 2020 - 09:05 PM (IST)

ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਮਜ਼ਦੂਰ ਘਰ ਪਰਤਣ ''ਚ ਨਹੀਂ ਵਿਖਾ ਰਹੇ ਦਿਲਚਸਪੀ

ਹੁਸ਼ਿਆਰਪੁਰ,(ਅਮਰਿੰਦਰ)- ਦੇਸ਼ ਦੇ ਹੋਰ ਹਿੱਸਿਆਂ ਦੀ ਹੀ ਤਰ੍ਹਾਂ ਪੰਜਾਬ 'ਚ ਵੀ ਲਾਕਡਾਊਨ 'ਚ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦੀ ਕਵਾਇਦ ਜਾਰੀ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿਚ ਲੱਖਾਂ ਪ੍ਰਵਾਸੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ, ਜਿਸ ਵਿਚ ਜ਼ਿਆਦਾਤਰ ਮਜ਼ਦੂਰ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਘਰ ਵਾਪਸੀ ਨੂੰ ਲੈ ਕੇ ਪੰਜਾਬ ਦੇ ਹੋਰ ਹਿੱਸਿਆਂ ਦੇ ਉਲਟ ਹੁਸ਼ਿਆਰਪੁਰ ਦੇ ਮਜ਼ਦੂਰਾਂ ਵਿਚ ਘਰ ਵਾਪਸੀ ਲਈ ਕੋਈ ਖਾਸ ਦਿਲਚਸਪੀ ਨਹੀਂ ਵਿਖਾਈ ਜਾ ਰਹੀ। ਪੁੱਛਣ 'ਤੇ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਆਏ ਜ਼ਿਆਦਾਤਰ ਮਜ਼ਦੂਰਾਂ ਦਾ ਕਹਿਣਾ ਹੈ ਕਿ ਉੱਥੇ ਉਨ੍ਹਾਂ ਦਾ ਜਨਮ ਸਥਾਨ ਜ਼ਰੂਰ ਹੈ, ਸੰਕਟ ਦੀ ਇਸ ਘੜੀ ਵਿਚ ਅਸੀਂ ਘਬਰਾਉਂਦੇ ਨਹੀਂ ਹਾਂ, ਇਸ ਲਈ ਉਹ ਪੰਜਾਬ 'ਚੋਂ ਅਜਿਹੇ ਦੌਰ ਵਿਚ ਨਹੀਂ ਜਾਣਗੇ।

ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਨੇਤਾਵਾਂ ਦੀ ਬਿਆਨਬਾਜ਼ੀ ਵਿਗਾੜ ਰਹੀ ਹੈ ਖੇਡ
ਲਾਕਡਾਊਨ ਦੌਰਾਨ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਰਾਜਨੇਤਾ ਜਿਸ ਤਰ੍ਹਾਂ ਰੋਜ਼-ਰੋਜ਼ ਘਰ ਵਾਪਸੀ ਕਰਨ ਵਾਲੇ ਮਜ਼ਦੂਰਾਂ ਨੂੰ ਬਿਨਾਂ ਟਿਕਟ ਘਰ ਤੱਕ ਭੇਜਣ ਤੇ ਨਾਲ 1000 ਰੁਪਏ ਦੇਣ ਦਾ ਐਲਾਨ ਕਰ ਰਹੇ ਹਨ, ਉਸ ਤੋਂ ਪੰਜਾਬ ਵਿਚ ਰਹਿ ਰਹੇ ਮਜ਼ਦੂਰਾਂ ਵਿਚ ਬੇਚੈਨੀ ਵੇਖੀ ਜਾ ਰਹੀ ਹੈ। ਬਿਹਾਰ ਵਿਚ ਚੋਣ ਸਾਹਮਣੇ ਵੇਖ ਰਾਜ ਨੇਤਾਵਾਂ ਵੱਲੋਂ ਮਦਦ ਲਈ ਲੋਕਾਂ ਨੂੰ ਲੁਭਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ। ਅਜਿਹੇ ਵਿਚ ਰੋਜ਼ੀ-ਰੋਟੀ ਦੀ ਭਾਲ ਵਿਚ ਪੰਜਾਬ ਆਏ ਛੋਟੇ ਤਬਕੇ ਦੇ ਮਜ਼ਦੂਰਾਂ ਵਿਚ ਬੇਚੈਨੀ ਪੈਦਾ ਹੋ ਗਈ ਹੈ। ਕੁੱਝ ਤਾਂ ਵਾਪਸ ਘਰ ਜਾਣਾ ਚਾਹੁੰਦੇ ਹਨ ਪਰ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਸਮੱਸਿਆ ਤਾਂ ਅਸਥਾਈ ਹੈ। ਕਰਫਿਊ ਤੇ ਲਾਕਡਾਊਨ ਖੁੱਲ੍ਹਣ ਦੇ ਬਾਅਦ ਪੰਜਾਬ ਵਿਚ ਸਭ ਠੀਕ ਹੋ ਜਾਵੇਗਾ।

ਘਰ ਨਾ ਪਰਤਣ ਦਾ ਮੁੱਖ ਕਾਰਣ ਹੈ ਪਿੰਡ ਵਿਚ ਕੁਆਰੰਟਾਈਨ ਹੋਣਾ
ਹੁਸ਼ਿਆਰਪੁਰ ਵਿਚ ਬਿਹਾਰ ਤੇ ਯੂ. ਪੀ. ਦੇ ਰਹਿਣ ਵਾਲੇ ਬਹੁਗਿਣਤੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਇੱਥੋਂ ਪਿੰਡ ਗਏ ਤਾਂ ਰਸਤੇ ਵਿਚ 3 ਦਿਨ ਲੱਗਣਗੇ। ਉਥੇ ਪਿੰਡ ਪੁੱਜਦੇ ਹੀ ਪਿੰਡ ਦੇ ਬਾਹਰ 14 ਦਿਨਾਂ ਲਈ ਸਾਨੂੰ ਆਪਣਿਆਂ ਤੋਂ ਦੂਰ ਇਕਾਂਤਵਾਸ ਵਿਚ ਰਹਿਣਾ ਪਵੇਗਾ। ਹਾਲਾਤ ਠੀਕ ਹੋਣ 'ਤੇ ਜਦੋਂ ਉਹ ਪਰਤ ਕੇ ਪੰਜਾਬ ਆਉਣਗੇ ਤਾਂ ਫਿਰ ਇੱਥੇ ਵੀ ਸਾਨੂੰ 14 ਦਿਨ ਇਕਾਂਤਵਾਸ ਵਿਚ ਰਹਿਣਾ ਪਵੇਗਾ। ਇਸ ਲਈ ਬਿਹਤਰ ਹੋਵੇਗਾ ਕਿ ਹਾਲਾਤ ਨੂੰ ਸੁਧਰਨ ਦਿੱਤਾ ਜਾਵੇ।

ਕਣਕ ਕਟਾਈ ਮੌਕੇ ਮਿਲ ਰਹੇ ਵਧੀਆ ਪੈਸੇ, ਉੱਥੇ ਹੀ ਝੋਨੇ ਦੀ ਖੇਤੀ 'ਤੇ ਹੈ ਨਜ਼ਰ
ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਕਣਕ ਕੱਟਣ ਦੇ ਸੀਜ਼ਨ ਵਿਚ ਪਹਿਲਾਂ ਸਾਨੂੰ ਇੱਥੇ 3000 ਰੁਪਏ ਪ੍ਰਤੀ ਏਕੜ ਮਿਲਦੇ ਸਨ ਪਰ ਇਸ ਵਾਰ 3500 ਤੋਂ 4000 ਰੁਪਏ ਮਿਲ ਰਹੇ ਹਨ। ਅਗਲੇ ਮਹੀਨੇ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਪਿੰਡਾਂ ਵਿਚ ਖਾਣ-ਪੀਣ ਦੀ ਕੋਈ ਖਾਸ ਸਮੱਸਿਆ ਨਹੀਂ ਹੈ, ਫਿਰ ਅਸੀਂ ਕਿਉਂ ਘਰ ਵਾਪਸ ਜਾਈਏ। ਪੰਜਾਬ 'ਚ ਮਿਹਨਤ ਕਰਕੇ ਅਸੀਂ ਇਸ ਨੂੰ ਆਪਣਾ ਹੀ ਰਹਿਣ ਬਸੇਰਾ ਬਣਾ ਲਿਆ ਹੈ।

ਸਬਜ਼ੀ ਵੇਚਣ ਅਤੇ ਰਿਕਸ਼ੇ ਵਾਲੇ ਵੀ ਨਹੀਂ ਪਰਤਣਾ ਚਾਹੁੰਦੇ ਪਿੰਡ
ਹੁਸ਼ਿਆਰਪੁਰ ਵਿਚ ਰਿਕਸ਼ਾ ਚਲਾਉਣ ਤੇ ਸਬਜ਼ੀ ਵੇਚਣ ਵਾਲਿਆਂ ਦੇ ਨਾਲ-ਨਾਲ ਮਜ਼ਦੂਰਾਂ ਤੇ ਰੇਹੜੀ ਚਲਾਉਣ ਦੇ ਰੋਜ਼ਗਾਰ ਨਾਲ ਜੁੜੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਇੱਥੇ ਕਰਫਿਊ ਵਿਚ ਵੀ ਭੋਜਨ ਦੀ ਸਮੱਸਿਆ ਨਹੀਂ ਹੈ। ਜਗ੍ਹਾ-ਜਗ੍ਹਾ ਲੰਗਰ ਲੱਗੇ ਹੋਏ ਹਨ, ਲੋਕ ਭੁੱਖੇ ਨਹੀਂ ਸੌਂ ਰਹੇ ਹਨ। ਇੱਥੋਂ ਕਿਤੇ ਚਲੇ ਗਏ ਤਾਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਪਹਿਲਾਂ ਥੋੜ੍ਹੇ ਲੋਕ ਜ਼ਰੂਰ ਗਏ ਸਨ, ਹੁਣ ਜੋ ਲੋਕ ਇੱਥੇ ਹਨ, ਉਹ ਸਬਰ ਨਾਲ ਰਹਿ ਰਹੇ ਹਨ। ਕਰਫਿਊ ਖਤਮ ਹੋਣ ਦੇ ਬਾਅਦ ਸਾਰੇ ਆਪਣਾ ਕੰਮ-ਧੰਦਾ ਕਰਨਗੇ।


author

Deepak Kumar

Content Editor

Related News