ਰਵੀ ਦਿਓਲ ਦਾ ਵੱਡਾ ਖੁਲਾਸਾ, ਗੈਂਗਸਟਰ ਬਨਾਉਣ ਪਿੱਛੇ ਅਕਾਲੀ ਆਗੂਆਂ ਦਾ ਹੱਥ

Sunday, Feb 04, 2018 - 09:04 AM (IST)

ਰਵੀ ਦਿਓਲ ਦਾ ਵੱਡਾ ਖੁਲਾਸਾ, ਗੈਂਗਸਟਰ ਬਨਾਉਣ ਪਿੱਛੇ ਅਕਾਲੀ ਆਗੂਆਂ ਦਾ ਹੱਥ

ਸੰਗਰੂਰ, (ਨਰੇਸ਼, ਬੇਦੀ, ਬਾਵਾ,ਕੋਹਲੀ)—ਗੈਂਗਸਟਰ ਰਵੀ ਦਿਓਲ ਦੀ ਸੰਗਰੂਰ ਅਦਾਲਤ 'ਚ ਪੇਸ਼ੀ ਹਲਕੇ ਦੇ ਕਈ ਸੀਨੀਅਰ ਅਕਾਲੀ ਆਗੂਆਂ ਨੂੰ ਤਰੇਲੀਆਂ ਲਿਆ ਗਈ। ਅਦਾਲਤ 'ਚੋਂ ਬਾਹਰ ਆਉਂਦਿਆਂ ਹੀ ਰਵੀ ਦਿਓਲ ਨੇ  ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ  ਓ. ਐੱਸ. ਡੀ. ਅਮਨਵੀਰ ਸਿੰਘ ਚੈਰੀ ਅਤੇ  ਅਕਾਲੀ ਦਲ ਨਾਲ ਸਬੰਧਤ ਇਕ ਹੋਰ ਨੌਜਵਾਨ ਆਗੂ 'ਤੇ ਗੰਭੀਰ ਦੋਸ਼ ਲਾ ਦਿੱਤੇ।  ਰਵੀ ਦਿਓਲ ਨੇ ਕਿਹਾ ਕਿ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ 'ਚ ਸਿਆਸੀ ਆਗੂਆਂ ਦਾ ਹੱਥ ਹੈ। ਰਵੀ ਦਿਓਲ ਨੇ ਇਨ੍ਹਾਂ 'ਤੇ ਕਤਲ ਕਰਵਾਉਣ ਸਣੇ ਕਈ ਹੋਰ ਸੰਗੀਨ ਦੋਸ਼ ਵੀ ਲਾਏ ਹਨ। 
ਜਾਣਕਾਰੀ ਮੁਤਾਬਕ ਸੰਗਰੂਰ ਕੋਰਟ 'ਚ ਪੇਸ਼ ਹੋਣ ਆਏ ਰਵੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਗੈਂਗਸਟਰ ਨਹੀਂ ਹੈ, ਸਗੋਂ ਉਸ ਕੋਲੋਂ ਇਹ ਸਭ ਕੁਝ ਕਰਵਾਉਣ ਲਈ ਸਿਆਸੀ ਆਗੂ ਜ਼ਿੰਮੇਵਾਰ ਹਨ। ਉਸ ਨੇ ਦਾਅਵਾ ਕੀਤਾ ਕਿ ਉਹ ਨਸ਼ੇ ਦੇ ਕਿਸੇ ਵੀ ਮਾਮਲੇ ਵਿਚ ਸ਼ਾਮਲ ਨਹੀਂ, ਸਗੋਂ ਉਸ ਦਾ ਨਾਂ ਇਸ ਮਾਮਲੇ ਵਿਚ ਪਾਇਆ ਗਿਆ। ਉਸ ਨੇ ਅਕਾਲੀ ਆਗੂ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਵਿਚ ਵਿਚੋਲੇ ਪਾ ਕੇ ਉਸ ਤੋਂ ਕਈ ਤਰ੍ਹਾਂ ਦੇ ਘਿਨੌਣੇ ਕੰਮ ਕਰਵਾਉਂਦੇ ਸਨ।  ਉਸ ਨੇ ਕਿਹਾ ਕਿ ਉਹ ਪੁਲਸ ਨੂੰ ਸਭ ਕੁਝ ਦੱਸ ਚੁੱਕਾ ਹੈ ਅਤੇ ਮੰਗ ਕਰਦਾ ਹੈ ਕਿ ਉਸ ਨਾਲ ਇਨਸਾਫ਼ ਕੀਤਾ ਜਾਵੇ।
ਰਵੀ ਦਿਓਲ ਨੇ ਇਹ ਵੀ ਆਖਿਆ ਕਿ ਜੇਕਰ ਪੁਲਸ ਬੱਚਿਆਂ ਨੂੰ ਗੈਂਗਸਟਰ ਬਣਾਉਣ ਵਿਚ ਭੂਮਿਕਾ ਅਦਾ ਕਰਨ ਵਾਲੇ ਲੀਡਰਾਂ ਖਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਹਜ਼ਾਰਾਂ ਬੱਚਿਆਂ ਨੂੰ ਭਟਕਣ ਤੋਂ ਬਚਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਰਵੀ ਦਿਓਲ ਨੂੰ ਅੱਜ ਪੁਲਸ ਨੇ ਸਥਾਨਕ ਅਦਾਲਤ 'ਚ ਪੇਸ਼ ਕੀਤਾ ਸੀ, ਜਿਥੋਂ ਉਸ ਨੂੰ 8 ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। 

ਮੈਂ ਰਵੀ ਦਿਓਲ ਨੂੰ ਜਾਣਦਾ ਤੱਕ ਨਹੀਂ : ਓ. ਐੱਸ. ਡੀ.
ਇਸ ਸਬੰਧੀ ਜਦੋਂ ਅਕਾਲੀ ਆਗੂ ਦੇ ਓ. ਐੱਸ. ਡੀ. ਅਮਨਵੀਰ ਸਿੰਘ ਚੈਰੀ  ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਜਾਣ-ਬੁੱਝ ਕੇ ਰਾਜਨੀਤਕ ਰੰਜਿਸ਼ ਕਾਰਨ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਨਾ ਤਾਂ ਕਦੇ ਰਵੀ ਦਿਓਲ ਨੂੰ ਮਿਲਿਆ ਹਾਂ ਅਤੇ ਨਾ ਹੀ ਮੇਰੀ ਕਦੇ ਉਸ ਨਾਲ ਫੋਨ 'ਤੇ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਇਕ ਸਾਜ਼ਿਸ਼ ਤਹਿਤ ਹੋ ਰਿਹਾ ਹੈ। 


Related News