ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ

Monday, Aug 01, 2022 - 07:36 PM (IST)

ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ

ਚੰਡੀਗੜ੍ਹ/ਫਤਿਹਗੜ੍ਹ ਸਾਹਿਬ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਦਿਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਕਤ ਗੈਂਗਸਟਰਾਂ ਤੋਂ 8 ਨਾਜਾਇਜ਼ ਹਥਿਆਰਾਂ ਸਣੇ 30 ਕਾਰਤੂਸਾਂ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਐੱਸ. ਐੱਸ. ਪੀ. ਰਵਜੋਤ ਕੌਰ ਦੇ ਨਾਲ ਦੱਸਿਆ ਕਿ ਸਰਹਿੰਦ ਅਤੇ ਖਮਾਣੋਂ ਪੁਲਸ ਦੀਆਂ ਸਾਂਝੀਆਂ ਟੀਮਾਂ ਨੇ ਇਕ ਇਤਲਾਹ ’ਤੇ ਕਾਰਵਾਈ ਕਰਦਿਆਂ ਸੂਬੇ ’ਚ ਸਰਗਰਮ ਇਸ ਅੰਤਰਰਾਜੀ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ

ਉਨ੍ਹਾਂ ਦੱਸਿਆ ਕਿ ਗਿਰੋਹ ਦੇ ਸਰਗਣਾ ਦੀ ਪਛਾਣ ਸੰਦੀਪ ਸੰਧੂ ਪੁੱਤਰ ਸਤਵੰਤ ਸਿੰਘ ਵਾਸੀ ਸਬੇਲਪੁਰ, ਥਾਣਾ ਘੱਗਾ, ਪਟਿਆਲਾ ਵਜੋਂ ਹੋਈ ਹੈ। ਭੁੱਲਰ ਨੇ ਦੱਸਿਆ ਕਿ ਇਸ ਗੈਂਗਸਟਰ ਖ਼ਿਲਾਫ਼ ਪਹਿਲਾਂ ਹੀ ਆਈ.ਪੀ.ਸੀ. ਦੀ ਧਾਰਾ 302, 307, 392, 397, 120ਬੀ, 341, 323, 427, 502, 25 ਅਸਲਾ ਐਕਟ ਅਤੇ 61/1/14 ਆਬਕਾਰੀ ਐਕਟ ਤਹਿਤ ਚਾਰ ਐੱਫ. ਆਈ. ਆਰਜ਼ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ’ਚ ਦਰਜ ਕੀਤੀਆਂ ਗਈਆਂ ਹਨ। 

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਨਸ਼ਾ ਸਮੱਗਲਰਾਂ ਨੂੰ ਲੈ ਕੇ ਵੱਡੀ ਕਾਰਵਾਈ, IG ਗਿੱਲ ਨੇ ਕੀਤੇ ਅਹਿਮ ਖ਼ੁਲਾਸੇ

ਪੁਲਸ ਡਿਪਟੀ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਸੰਦੀਪ ਸੰਧੂ ਮੌਜੂਦਾ ਸਮੇਂ ਪਟਿਆਲਾ ਜੇਲ੍ਹ ’ਚ ਬੰਦ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੂਟਾ ਸਿੰਘ ਵਾਲਾ, ਪੀ.ਐੱਸ. ਘੱਗਾ, ਪਟਿਆਲਾ ਦਾ ਸਾਥੀ ਹੈ ਅਤੇ ਇਹ ਦੋਵੇਂ ਲਾਰੈਂਸ ਬਿਸਨੋਈ ਗੈਂਗ ਦੇ ਸਰਗਰਮ ਮੈਂਬਰ ਹਨ। ਉਨ੍ਹਾਂ ਕਿਹਾ ਕਿ ਗੁਰੀ ’ਤੇ ਮੁਕਾਬਲੇ ’ਚ ਮਾਰੇ ਗਏ ਗੈਂਗਸਟਰ ਅੰਕਿਤ ਭਾਦੂ ਦੇ ਨਾਲ ਇਕ ਕਤਲ ਦਾ ਵੀ ਦੋਸ਼ ਹੈ। ਭੁੱਲਰ ਨੇ ਦੱਸਿਆ ਕਿ ਸੰਦੀਪ ਸੰਧੂ ਉੱਤਰ ਪ੍ਰਦੇਸ਼ (ਯੂ. ਪੀ.) ਸਥਿਤ ਹਥਿਆਰ ਸਪਲਾਇਰ ਤੋਂ ਹਥਿਆਰ ਖਰੀਦਦਾ ਸੀ, ਜਿਸ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਐੱਸ. ਐੱਸ. ਪੀ. ਰਵਜੋਤ ਕੌਰ ਨੇ ਦੱਸਿਆ ਕਿ ਸੰਦੀਪ ਸੰਧੂ, ਜੋ ਇਕ ਕੱਟੜ ਅਪਰਾਧੀ ਹੈ ਅਤੇ ਇਰਾਦਾ ਕਤਲ ਅਤੇ ਕਤਲ ਦੇ ਮਾਮਲਿਆਂ ’ਚ ਪੁਲਸ ਨੂੰ ਲੋੜੀਂਦਾ ਸੀ, ਨੂੰ ਹਰਪ੍ਰੀਤ ਸਿੰਘ, ਸੰਦੀਪ ਸਿੰਘ (ਫਲੋਲੀ), ਚਰਨਜੀਤ ਸਿੰਘ ਅਤੇ ਗੁਰਮੁਖ ਸਿੰਘ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਕੋਲੋਂ ਕੁਲ 8 ਨਾਜਾਇਜ਼ ਹਥਿਆਰ, ਜਿਨ੍ਹਾਂ ’ਚ ਪੰਜ .32 ਬੋਰ ਦੇ ਦੇਸੀ ਪਿਸਤੌਲ (ਕੱਟੇ) ਅਤੇ ਤਿੰਨ .315 ਬੋਰ ਦੇ ਦੇਸੀ ਪਿਸਤੌਲ (ਕੱਟੇ) ਸ਼ਾਮਲ ਹਨ, ਸਮੇਤ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਰਵਜੋਤ ਕੌਰ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵੱਲੋਂ ਇਸ ਗਿਰੋਹ ਨੂੰ ਹਥਿਆਰ ਹਥਿਆਰ ਮੁਹੱਈਆ ਕਰਵਾਏ ਜਾਂਦੇ ਸਨ, ਪੁਲਸ ਵੱਲੋਂ ਉਕਤ ਗਿਰੋਹ ਨਾਲ ਜੁੜੀ ਹਰ ਕੜੀ ਦੀ ਪੜਤਾਲ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਹੋਰ ਗੰਭੀਰ ਅਪਰਾਧਾਂ ਦੇ ਨਾਲ-ਨਾਲ ਇਹ ਗੈਂਗਸਟਰ ਲੋਕਾਂ ਤੋਂ ਫਿਰੌਤੀ ਦੀ ਮੰਗ ਵੀ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਸੂਬੇ ’ਚ ਕੋਈ ਵੱਡੀ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਰਵਜੋਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


author

Manoj

Content Editor

Related News