ਪੰਜਾਬ 'ਚ ਇੰਤਕਾਲਾਂ ਨੂੰ ਲੈ ਕੇ ਮਾਲ ਮੰਤਰੀ ਦਾ ਵੱਡਾ ਬਿਆਨ, ਵਿਧਾਨ ਸਭਾ 'ਚ ਗੂੰਜਿਆ ਮੁੱਦਾ (ਵੀਡੀਓ)
Wednesday, Sep 04, 2024 - 10:43 AM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਤੀਜੇ ਤੇ ਆਖ਼ਰੀ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ ਦੀ ਕਾਰਵਾਈ ਦੌਰਾਨ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਇੰਤਕਾਲਾਂ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਇੰਤਕਾਲ ਲੰਬੇ ਸਮੇਂ ਤੋਂ ਅਟਕੇ ਪਏ ਹਨ ਪਰ ਪਟਵਾਰੀਆਂ ਦਾ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਹੈ, ਜਦੋਂ ਕਿ ਯੂ. ਪੀ., ਬਿਹਾਰ ਵਰਗੇ ਸੂਬਿਆਂ 'ਚ ਜੇਕਰ ਕੋਈ ਫ਼ਰਦ ਲੈਣੀ ਹੈ ਤਾਂ ਉਹ 10 ਰੁਪਏ 'ਚ ਮਿਲ ਜਾਂਦੀ ਹੈ ਪਰ ਸਾਡੇ ਪੰਜਾਬ 'ਚ 2 ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਵੀ ਫ਼ਰਦ ਦਾ ਲੱਗ ਜਾਂਦਾ ਹੈ। ਵਿਧਾਇਕ ਨੇ ਕਿਹਾ ਕਿ ਪਟਵਾਰੀਆਂ ਦੇ ਕੰਨ ਖਿੱਚਣੇ ਪੈਣਗੇ ਤਾਂ ਜੋ ਲੋਕਾਂ ਨੂੰ ਇੰਤਕਾਲਾਂ ਲਈ ਲਟਕਣਾ ਨਾ ਪਵੇ।
ਇਹ ਵੀ ਪੜ੍ਹੋ : CM ਮਾਨ ਨੇ NOC ਦੀ ਸ਼ਰਤ ਖ਼ਤਮ ਕਰਨ ਵਾਲਾ ਬਿੱਲ ਕੀਤਾ ਪੇਸ਼, ਹੁਣ ਸਦਨ 'ਚ ਹੋਵੇਗੀ ਬਹਿਸ (ਵੀਡੀਓ)
ਇਸ ਦਾ ਜਵਾਬ ਦਿੰਦਿਆਂ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਹਿਲੀ ਵਾਰ ਜਨ ਮਾਲ ਅਦਾਲਤ ਲਾਉਣੀ ਸ਼ੁਰੂ ਕੀਤੀ ਗਈ ਅਤੇ ਪੈਂਡਿੰਗ ਇੰਤਕਾਲਾਂ ਦਾ ਵੇਰਵਾ ਲੋਕਾਂ ਦੇ ਵਿੱਚ ਬੈਠ ਕੇ ਪੁੱਛਿਆ ਸੀ। ਉਸ ਦਿਨ ਜਲੰਧਰ 'ਚ 900 ਤੋਂ ਜ਼ਿਆਦਾ ਇੰਤਕਾਲ ਹੋਏ ਸੀ ਅਤੇ ਫਿਰ ਸ਼ਨੀਵਾਰ ਛੁੱਟੀ ਵਾਲੇ ਦਿਨ ਵਿਸ਼ੇਸ਼ ਦਿਨ ਰੱਖਿਆ ਗਿਆ ਸੀ, ਜਿਸ ਦੌਰਾਨ 33 ਹਜ਼ਾਰ ਇੰਤਕਾਲ ਇਕ ਦਿਨ ਅੰਦਰ ਹੋਏ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪਲਾਟਾਂ ਦੀ ਰਜਿਸਟਰੀ ਲਈ NOC ਦੀ ਸ਼ਰਤ ਖ਼ਤਮ (ਵੀਡੀਓ)
ਇਸ ਤੋਂ ਬਾਅਦ ਫਿਰ ਦੁਬਾਰਾ ਇਕ ਹਫ਼ਤੇ ਬਾਅਦ ਇੰਤਕਾਲਾਂ ਦਾ ਵਿਸ਼ੇਸ਼ ਸਮਾਂ ਰੱਖਿਆ ਸੀ ਅਤੇ ਉਹਦੇ 'ਚ 55 ਹਜ਼ਾਰ ਦੇ ਕਰੀਬ ਇੰਤਕਾਲ ਇਕ ਦਿਨ ਅੰਦਰ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ 85 ਹਜ਼ਾਰ ਇੰਤਕਾਲ 2 ਦਿਨਾਂ ਅੰਦਰ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਪਠਾਣਮਾਜਰਾ ਦੀ ਗੱਲ ਨਾਲ ਸਹਿਮਤ ਹਨ ਕਿ ਕਿਸੇ ਵੀ ਵਿਅਕਤੀ ਨੂੰ ਇੰਤਕਾਲ ਨੂੰ ਲੈ ਕੇ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਿੰਨੀਆਂ ਪੰਜਾਬ 'ਚ ਇੰਤਕਾਲਾਂ ਦੀਆਂ ਪੈਂਡੈਂਸੀਆਂ ਪਈਆਂ ਹਨ, ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਦੇ ਇੰਤਕਾਲ ਦਰਜ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8