ਮਰ ਚੁੱਕੇ ਵਿਅਕਤੀਆਂ ਦੇ ਆਧਾਰ ਕਾਰਡ ਬਣਵਾ ਕੇ ਕਰ ਦਿੱਤਾ ਵੱਡਾ ਕਾਂਡ
Wednesday, Dec 04, 2024 - 06:18 PM (IST)
ਗੜ੍ਹਸ਼ੰਕਰ (ਭਾਰਦਵਾਜ)- ਥਾਣਾ ਗੜ੍ਹਸ਼ੰਕਰ ਪੁਲਸ ਨੇ ਚੰਦਰ ਸ਼ੇਖਰ ਮਹਿਤਾ ਵਾਸੀ ਦੀਪ ਕਾਲੋਨੀ ਗੜ੍ਹਸ਼ੰਕਰ ਵੱਲੋਂ ਦਿਤੇ ਬਿਆਨ 'ਤੇ ਕਾਰਵਾਈ ਕਰਦੇ ਹੋਏ 9 ਮੁਲਜ਼ਮਾਂ ਖ਼ਿਲਾਫ਼ ਜਾਅਲੀ ਦਸਤਾਵੇਜ਼ ਬਣਾ ਕੇ ਜ਼ਮੀਨ ਬੈਨਾਮਾ ਕਰਵਾਉਣ ਦੇ ਦੋਸ਼ ਤਹਿਤ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ ਕੀਤਾ ਹੈ। ਚੰਦਰ ਸ਼ੇਖਰ ਮਹਿਤਾ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 16 ਸਿਤਬਰ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਦੀ ਜ਼ਮੀਨ ਪਿੰਡ ਪਨਾਮ ਵਿਚ ਹੈ, ਜਿਸ ਦਾ ਬੈਨਾਮਾ ਜਸਵਿੰਦਰ ਕੌਰ ਪਤਨੀ ਕਿਰਪਾਲ ਸਿੰਘ ਵਾਸੀ ਚੱਕ ਹਾਜੀਪੁਰ ਅਤੇ ਰੀਟਾ ਰਾਣੀ ਪਤਨੀ ਦਵਿੰਦਰਪਾਲ ਸਿੰਘ ਵਾਸੀ ਰੂਪਨਗਰ ਨੇ ਦੁਨੀਆ ਨੂੰ ਅਲਵਿਦਾ ਆਖ ਚੁਕੇ ਲੋਕਾਂ ਦੇ ਜਾਅਲੀ ਆਧਾਰ ਬਣਾ ਕੇ ਆਪਣੇ ਨਾਂ ਕਰਵਾ ਲਿਆ ਹੈ ਅਤੇ ਉਸ ਜ਼ਮੀਨ 'ਤੇ 12 ਲੱਖ ਰੁਪਏ ਦਾ ਕਰਜ਼ਾ ਵੀ ਹਾਸਲ ਕਰ ਲਿਆ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਨਵੀਂ Timing
ਉਨ੍ਹਾਂ ਦੱਸਿਆ ਕਿ ਉਸ ਦੇ ਤਾਇਆ ਬ੍ਰਹਮ ਸ਼ਰਨ ਮਹਿਤਾ ਦੀ ਮੌਤ 19 ਜਨਵਰੀ 2006 ਵਿਚ ਹੋਈ ਸੀ। ਉਹ ਮਨਿਸਟਰੀ ਆਫ਼ ਡਿਫ਼ੈਸ ਵਿਚ ਕਲਾਸ ਵਨ ਅਫ਼ਸਰ ਸਨ, ਤਾਇਆ ਸ਼ਿਵ ਸ਼ਰਨ ਮਹਿਤਾ ਜਿਨ੍ਹਾਂ ਦੀ ਮੌਤ 29 ਮਈ 1996 ਨੂੰ ਹੋ ਗਈ ਸੀ, ਉਹ ਸਿਵਲ ਸਰਜਨ ਸਨ। ਪਿਤਾ ਕਿਸ਼ਨ ਚੰਦ ਮਹਿਤਾ ਦੀ 13 ਸਿਤਬਰ 2008, ਚਾਚਾ ਪਰਲਾਦ ਨਰਾਇਣ ਮਹਿਤਾ ਜੋ ਇਨਕਮ ਟੈਕਸ ਅਫ਼ਸਰ ਸਨ ਦੀ ਮੌਤ 15 ਨਵੰਬਰ 2020, ਸਤਗੁਰੂ ਨਾਥ ਜੋ ਸਾਡੇ ਦਾਦਾ ਦੇ ਭਰਾ ਦੇ ਬੇਟੇ ਸਨ, ਦੀ ਮੌਤ 30 ਮਾਰਚ 1990 ਨੂੰ ਹੋਈ ਸੀ। ਚੰਦਰ ਸ਼ੇਖਰ ਮਹਿਤਾ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਜਾਅਲੀ ਆਧਾਰ ਕਾਰਡ ਬਣਾ ਕੇ ਅੰਗੂਠੇ ਲਾ ਕੇ 12 ਕਨਾਲ 18 ਮਰਲੇ ਜ਼ਮੀਨ ਦਾ ਜਾਅਲੀ ਵਿਕਰੀ ਨਾਮਾ ਸਾਜਨ ਕੁਮਾਰ ਵਸੀਕਾ ਨਵੀਸ ਤੋਂ ਲਿਖਵਾ ਕੇ 8 ਜੁਲਾਈ 2024 ਨੂੰ ਗੜ੍ਹਸ਼ੰਕਰ ਦੇ ਨੰਬਰਦਾਰ ਸੁਰਜੀਤ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਬਲਜੀਤ ਸਿੰਘ ਨੂੰ ਬਤੌਰ ਗਵਾਹ ਬਣਾ ਕੇ ਜਸਵਿੰਦਰ ਕੌਰ ਪਤਨੀ ਕਿਰਪਾਲ ਸਿੰਘ ਦੇ ਨਾਮ ਅਤੇ ਤਹਿਸੀਲਦਾਰ ਲਖਵਿੰਦਰ ਸਿੰਘ, ਰਿਜਸਟਰੀ ਕਲਰਕ ਗੁਰਮਿੰਦਰ ਸਿੰਘ ਤੋਂ ਕਰਵਾ ਲਿਆ ਗਿਆ।
ਉਸ ਨੇ ਦੱਸਿਆ ਕਿ ਇਸੇ ਤਰਾਂ ਮਹਿਤਾ ਪਰਿਵਾਰ ਦੇ ਫੋਤ ਚੁੱਕੇ ਬੰਦਿਆਂ ਦੇ ਨਾਮ 'ਤੇ ਜਾਅਲੀ ਬੰਦੇ ਖੜ੍ਹੇ ਕਰਕੇ ਦੋ ਹੋਰ ਰਜਿਸਟਰੀਆਂ ਕਿਰਪਾਲ ਸਿੰਘ ਨੇ ਆਪਣੀ ਪਤਨੀ ਜਸਵਿੰਦਰ ਕੌਰ ਦੇ ਨਾਮ ਕਰਵਾ ਲਈਆਂ। ਇਕ ਰਜਿਸਟਰੀ ਰੀਟਾ ਰਾਣੀ ਪਤਨੀ ਦਵਿੰਦਰਪਾਲ ਸਿੰਘ ਵਾਸੀ ਰੂਪਨਗਰ ਦੇ ਨਾਮ ਤੇ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਦੁਨੀਆ ਛੱਡ ਚੁਕੇ ਲੋਕਾਂ ਦੇ ਨਾਮ ਤੇ ਜਾਅਲੀ ਆਧਾਰ ਕਾਰਡ ਬਣਾ ਕੇ ਜ਼ਮੀਨ ਬੈਨਾਮਾ ਕਰਵਾਨੀ ਇਕ ਗੰਭੀਰ ਮਸਲਾ ਹੈ, ਜਿਸ ਨਾਲ ਸਾਡੇ ਦੇਸ਼ ਦੀ ਸੁਰੱਖਿਆ ਵੀ ਜੁੜੀ ਹੋਈ ਹੈ, ਅਜਿਹੇ ਦੋਸ਼ੀਆਂ ਨੂੰ ਲੱਭਣਾ ਬਹੁਤ ਜਰੂਰੀ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਜਾਅਲੀ ਆਧਾਰ ਕਾਰਡ ਬਣਵਾਉਣ ਵਾਲੇ, ਜਾਅਲੀ ਦਸਤਾਵੇਜ਼ ਵੀ ਵਰਤਣ ਵਾਲੇ, ਜਾਅਲੀ ਦਸਤਾਵੇਜ਼ ਨੂੰ ਤਸਦੀਕ ਕਰਨ ਵਾਲੇ, ਜਾਅਲੀ ਬੈਨਾਮੇ ਲਿਖਣ ਵਾਲੇ, ਵੇਚਣ ਵਾਲੇ, ਖ਼ਰੀਦਣ ਵਾਲੇ, ਜਾਅਲੀ ਦਸਤਾਵੇਜ਼ਾਂ ਨਾਲ਼ ਬੈਂਕ ਨਾਲ ਠਗੀ ਮਾਰਨ ਅਤੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਇਸ ਵਿਚ ਸਹਿਯੋਗ ਕਰਨ ਵਾਲੇ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਚੌੜਾ ਦੀ ਪਤਨੀ ਆਈ ਮੀਡੀਆ ਸਾਹਮਣੇ, ਕਰ 'ਤੇ ਵੱਡੇ ਖ਼ੁਲਾਸੇ
ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਐੱਸ. ਐੱਸ. ਪੀ. ਹੁਸ਼ਿਆਰਪੁਰ ਨੇ ਐੱਸ. ਐੱਚ. ਓ. ਗੜ੍ਹਸ਼ੰਕਰ ਨੂੰ ਕਿਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ, ਜਸਵਿੰਦਰ ਕੌਰ ਪਤਨੀ ਕਿਰਪਾਲ ਸਿੰਘ ਵਾਸੀ ਚੱਕ ਹਾਜੀਪੁਰ ਥਾਣਾ ਗੜ੍ਹਸ਼ੰਕਰ, ਰੀਟਾ ਰਾਣੀ ਪਤਨੀ ਦਵਿੰਦਰਪਾਲ ਵਾਸੀ ਮੱਹਲਾ ਫੁਲ ਚੱਕਰ ਰੂਪਨਗਰ, ਸੁਰਜੀਤ ਸਿੰਘ ਨੰਬਰਦਾਰ ਗੜ੍ਹਸ਼ੰਕਰ, ਗੁਰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰੱਤੇਵਾਲ ਕਾਠਗੜ ਸਬਸ ਨਗਰ, ਜੋਤੀ ਵਰਮਾ ਪੁੱਤਰੀ ਸੰਜੀਵ ਕੁਮਾਰ ਰੱਤੇਵਾਲ ਕਾਠਗੜ ਸਬਸ ਨਗਰ, ਕੁਲਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਲੋਹਟ ਬਲਾਚੌਰ ਸਬਸ ਨਗਰ, ਪਰਵਿੰਦਰ ਪੁੱਤਰ ਦਵਿੰਦਰਪਾਲ ਰੂਪਨਗਰ ਅਤੇ ਰਾਜੇਸ਼ ਕੁਮਾਰ ਵਕੀਲ ਵਾਸੀ ਗੜ੍ਹਸ਼ੰਕਰ ਦੇ ਖ਼ਿਲਾਫ਼ ਧਾਰਾ 419,420,465,467,468,471,120-ਬੀ ਆਈ. ਪੀ. ਸੀ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹੋਏ ਹਮਲੇ ਬਾਰੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8