ਪੰਜਾਬ ''ਚ ਜਾਅਲੀ ਸਰਟੀਫਿਕੇਟਾਂ ਨੂੰ ਲੈ ਕੇ ਵੱਡਾ ਘਪਲਾ, ਕੀਤੀ ਗਈ ਵੱਡੀ ਕਾਰਵਾਈ
Wednesday, Mar 19, 2025 - 11:06 AM (IST)

ਮੋਹਾਲੀ (ਰਣਬੀਰ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ’ਤੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਦਾ ਵੱਡਾ ਘਪਲਾ ਸਾਹਮਣੇ ਆਇਆ ਹੈ। ਥਾਣਾ ਫੇਜ਼-8 ਪੁਲਸ ਨੇ ਇਸ ਮਾਮਲੇ ਦੀ ਪੜਤਾਲ ਕਰਦਿਆਂ ਕੁੱਲ 4 ਵਿਅਕਤੀਆਂ ਅਜੇ ਕੁਮਾਰ, ਕੁਲਦੀਪ ਸਿੰਘ, ਕਿਸ਼ਨ ਸਿੰਘ ਤੇ ਬੋਰਡ ਦੇ ਮੁਲਾਜ਼ਮ ਅਵਨਿੰਦਰ ਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਕਾਫ਼ੀ ਕੁੱਝ ਨਿਕਲ ਕੇ ਸਾਹਮਣੇ ਆਉਣ ਦੀ ਉਮੀਦ ਹੈ। ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸਹਾਇਕ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦੱਸਿਆ ਸੀ ਕਿ ਪੰਜਾਬ ਫਾਰਮੇਸੀ ਕੌਂਸਲ ਵੱਲੋਂ ਸਿੱਖਿਆ ਬੋਰਡ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਗਿਆ ਸੀ, ਜਿਸ ਤਹਿਤ ਫਾਰਮੇਸੀ ਕੌਂਸਲ ਵੱਲੋਂ 2023 ’ਚ 2 ਉਮੀਦਵਾਰਾਂ ਅਜੇ ਕੁਮਾਰ ਤੇ ਕੁਲਦੀਪ ਸਿੰਘ ਦੇ ਸਰਟੀਫਿਕੇਟ ਵੈਰੀਫਾਈ ਕਰਨ ਲਈ ਬੋਰਡ ਦਫ਼ਤਰ ਭੇਜੇ ਗਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲਿਆਂ ਲਈ ਬੁਰੀ ਖ਼ਬਰ! ਰੱਦ ਕੀਤਾ ਜਾ ਸਕਦਾ...
ਇਨ੍ਹਾਂ ਦੀ ਪਹਿਲੀ ਵਾਰ ਬੋਰਡ ਵੱਲੋਂ ਕੀਤੀ ਗਈ ਪੜਤਾਲ ’ਚ ਉਕਤ ਸਰਟੀਫਿਕੇਟਾਂ ਨੂੰ ਸਹੀ ਦੱਸਿਆ ਗਿਆ ਸੀ ਪਰ ਫਾਰਮੇਸੀ ਕੌਂਸਲ ਵੱਲੋਂ ਇਹ ਸਰਟੀਫਿਕੇਟ ਸ਼ੱਕੀ ਹੋਣ ਕਰਕੇ ਦੁਬਾਰਾ ਵੈਰੀਫਿਕੇਸ਼ਨ ਲਈ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਭੇਜੇ ਗਏ ਤਾਂ ਦੂਜੀ ਵਾਰ ਦੀ ਰਿਪੋਰਟ ’ਚ ਦੋਵੇਂ ਸਰਟੀਫਿਕੇਟ ਜਾਅਲੀ ਮਿਲੇ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵੈਰੀਫਿਕੇਸ਼ਨ ਸ਼ਾਖਾ ’ਚ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਸੀ। ਦਰਅਸਲ 2 ਸਹਾਇਕਾਂ ਵੱਲੋਂ ਵੈਰੀਫਿਕੇਸ਼ਨ ਲਈ ਦਸਤੀ ਤਰੀਕੇ ਨਾਲ ਸਰਟੀਫਿਕੇਟ ਪ੍ਰਾਪਤ ਕੀਤੇ ਗਏ ਸਨ, ਜੋ ਵੈਰੀਫਿਕੇਸ਼ਨ ਸ਼ਾਖਾ ਦੇ ਰਜਿਸਟਰ ’ਚ ਦਰਜ ਹੀ ਨਹੀਂ ਹੋਏ ਸਨ। ਇਸ ਮਾਮਲੇ ਦੀ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਅਜੇ ਸ਼ਰਮਾ ਨੇ ਕਬੂਲਿਆ ਕਿ ਉਸ ਨੂੰ ਕ੍ਰਿਸ਼ਨ ਸਿੰਘ ਨੇ 65 ਹਜ਼ਾਰ ਰੁਪਏ ਲੈ ਕੇ ਜਾਅਲੀ ਸਰਟੀਫਿਕੇਟ ਤਿਆਰ ਕਰ ਕੇ ਦਿੱਤਾ ਸੀ।
ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਅਹਿਮ ਫ਼ੈਸਲਾ
ਇਸੇ ਤਰ੍ਹਾਂ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਕੰਮ ਨੂੰ ਬੋਰਡ ਦੇ ਇਕ ਮੁਲਾਜ਼ਮ ਦੀ ਮਦਦ ਨਾਲ ਅੰਜਾਮ ਦਿੱਤਾ ਸੀ, ਜੋ ਦਿਹਾੜੀਦਾਰ ਦੇ ਤੌਰ ’ਤੇ ਕੰਮ ਕਰਦਾ ਸੀ। ਪੜਤਾਲ ਅਫ਼ਸਰ ਵੱਲੋਂ ਜਦੋਂ ਉਸ ਦੇ ਫੋਨ ਰਿਕਾਰਡ ਦੀ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕ੍ਰਿਸ਼ਨ ਸਿੰਘ ਵੱਲੋਂ ਉਸ ਨਾਲ ਕਈ ਵਾਰ ਫੋਨ ਰਾਹੀਂ ਸੰਪਰਕ ਕੀਤਾ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਅਜੇ ਕੁਮਾਰ ਅਤੇ ਕੁਲਦੀਪ ਸਿੰਘ ਮੋਗਾ ਨੇ ਆਪਣਾ ਬਾਰ੍ਹਵੀਂ ਮੈਡੀਕਲ ਦਾ ਜਾਅਲੀ ਸਰਟੀਫਿਕੇਟ ਕਿਸ਼ਨ ਸਿੰਘ ਵਾਸੀ ਪਿੰਡ ਕਾਮਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਰਾਹੀਂ ਤਿਆਰ ਕਰਵਾਇਆ ਸੀ। ਸਰਟੀਫਿਕੇਟ ਹਾਸਲ ਕਰ ਕੇ ਉਨ੍ਹਾਂ ਨੇ ਪੰਜਾਬ ਫਾਰਮੇਸੀ ਕੌਂਸਲ ਤੋਂ ਆਪਣੀ ਡੀ. ਫਾਰਮੇਸੀ ਰਜਿਸਟਰ ਕਰਵਾਉਣ ਲਈ ਜਦੋਂ ਅਪਲਾਈ ਕੀਤਾ ਤਾਂ ਸਰਟੀਫਿਕੇਟਾਂ ਦੀ ਪੜਤਾਲ ਲਈ ਦੋਵੇਂ ਉਮੀਦਵਾਰਾਂ ਦੇ ਦਸਤਾਵੇਜ਼ ਸਿੱਖਿਆ ਬੋਰਡ ਦੇ ਦਫ਼ਤਰ ਭੇਜੇ ਗਏ।
ਬੋਰਡ ਦੀ ਸਿੰਗਲ ਵਿੰਡੋ ’ਤੇ ਉਸ ਸਮੇਂ ਸਰਟੀਫਿਕੇਟ ਸੀਨੀਅਰ ਸਹਾਇਕ ਅਵਨਿੰਦਰ ਪਾਲ ਸਿੰਘ ਨੂੰ ਮਸੂਲ ਹੋਏ ਸਨ, ਜਿਨ੍ਹਾਂ ਦੀ ਅੱਗੇ ਦੀ ਪੜਤਾਲ ਬੋਰਡ ਵੱਲੋਂ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਦੋਵੇਂ ਕੇਸ ਵੈਰੀਫਿਕੇਸ਼ਨ ਸ਼ਾਖਾ ’ਚ ਪ੍ਰਾਪਤ ਹੀ ਨਹੀਂ ਹੋਏ ਅਤੇ ਨਾ ਹੀ ਇਨ੍ਹਾਂ ਕੇਸਾਂ ਦੀ ਕੋਈ ਵੈਰੀਫਿਕੇਸ਼ਨ ਰਿਪੋਰਟ ਸ਼ਾਖਾ ਵੱਲੋਂ ਫਾਰਮੇਸੀ ਕੌਂਸਲ ਨੂੰ ਭੇਜੀ ਗਈ ਹੈ। ਇਸ ਤੋਂ ਜ਼ਾਹਰ ਹੈ ਕਿ ਆਪਸੀ ਮਿਲੀ-ਭੁਗਤ ਨਾਲ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਸਿੱਖਿਆ ਬੋਰਡ ਦੇ ਸਹਾਇਕ ਸਕੱਤਰ ਦੀ ਸ਼ਿਕਾਇਤ ’ਤੇ ਪੁਲਸ ਨੇ ਚਾਰੋਂ ਮੁਲਜ਼ਮਾਂ ’ਤੇ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਅੰਦਰ ਪੁਲਸ ਤਫ਼ਤੀਸ਼ ਦੌਰਾਨ ਜੇਕਰ ਕਿਸੇ ਹੋਰ ਸ਼ਖ਼ਸ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਸ਼ਾਮਲ ਜਾਂ ਤਫ਼ਤੀਸ਼ ਕਰ ਕੇ ਨਾਮਜ਼ਦ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8