ਭੋਗਪੁਰ ’ਚ ਫੜੇ ਗਏ ਗੈਂਗਸਟਰਾਂ ’ਚ ਇਕ ਨਿਕਲਿਆ ਪੰਜਾਬ ਪੁਲਸ ਦਾ ਸਾਬਕਾ ਸਿਪਾਹੀ, ਹੋਏ ਵੱਡੇ ਖ਼ੁਲਾਸੇ

Wednesday, Nov 02, 2022 - 06:27 PM (IST)

ਭੋਗਪੁਰ : ਭੋਗਪੁਰ ਥਾਣਾ ਇਲਾਕੇ ਦੇ ਇੱਟਾਂਬੱਧੀ ਪਿੰਡ/ਚੱਕ ਝੰਡੂ ਨੇੜੇ ਪੁਲਸ ਨੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 5 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਪੁਲਸ ਦੀ ਸਪੈਸ਼ਲ ਕਾਊਂਟਰ ਇੰਟੈਲੀਜੈਂਸ ਟੀਮ ਦੀ ਸੂਚਨਾ ਦੇ ਆਧਾਰ ’ਤੇ ਪੁਲਸ ਵਲੋਂ ਭੋਗਪੁਰ ਥਾਣੇ ਦੇ ਲੋਹਾਰਾ ਅਤੇ ਇੱਟਾਂਬੱਧੀ ਪਿੰਡਾਂ ਵਿਚ ਇਕ ਵੱਡੀ ਮੁਹਿੰਮ ਚਲਾਈ ਗਈ। ਇਨ੍ਹਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡੇ ਖੁਲਾਸੇ ਹੋਏ ਹਨ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਵਿਚ ਇਕ ਮੁਲਜ਼ਮ ਪੰਜਾਬ ਪੁਲਸ ਦਾ ਬਰਖਾਸਤ ਕਾਂਸਟੇਬਲ ਲਵਪ੍ਰੀਤ ਸਿੰਘ ਉਰਫ ਚੀਨੀ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਦੋ ਰਿਵਾਲਵਰ, ਪਸਤੌਲ (ਗਲੋਕ), 10 ਕਾਰਤੂਸ ਤਿੰਨ ਖੋਲ ਅਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ। ਦੋਸ਼ੀ ਚੀਨੀ ਦੇ ਤਾਰ ਕੈਨੇਡਾ ਬੈਠੇ ਗੈਂਗਸਟਰ/ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਨਾਲ ਜੁੜੇ ਹਨ। ਦੇਹਾਤ ਪੁਲਸ ਉਸ ਨੂੰ ਹਥਿਆਰਾਂ ਦੀ ਇਕ ਖੇਪ ਦੇ ਮਾਮਲੇ ਵਿਚ ਲੱਭ ਰਹੀ ਸੀ। ਪੁਲਸ ਅੰਮ੍ਰਿਤਸਰ ਦੇ ਪਿੰਡ ਧੁਨਕਪੁਰ ਦੇ ਲਵਪ੍ਰੀਤ ਸਿੰਘ ਚੀਨੀ ਤੇ ਮਨਪ੍ਰੀਤ ਸਿੰਘ ਮੰਨਾ, ਆਦਮਪੁਰ ਦੇ ਪਿੰਡ ਗਿੰਨੀ ਦੇ ਗੁਰਬੀਰ ਸਿੰਘ, ਕਰਤਾਰਪੁਰ ਦੇ ਪਿੰਡ ਧੀਰਪੁਰ ਦੇ ਸੰਦੀਪ ਕੁਮਾਰ ਸਾਬੀ ਅਤੇ ਮਲਿਆਂ ਦੇ ਸੰਜੀਵ ਕੁਮਾਰ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰੇਗੀ। ਚੀਨੀ ਦਾ ਇਕ ਸਾਥੀ ਵਿਜੇ ਗਿੱਲ ਨੰਗਲ (ਕਰਤਾਰਪੁਰ) ਫਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਚਾਵਾਂ ਨਾਲ ਕਰਾਈ ਲਵ-ਮੈਰਿਜ ਦਾ ਹੋਇਆ ਖ਼ੌਫਨਾਕ ਅੰਤ, ਚਾਰ ਮਹੀਨਿਆਂ ’ਚ ਟੁੱਟ ਗਿਆ ਸੱਤ ਜਨਮਾਂ ਦਾ ਰਿਸ਼ਤਾ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦਾ ਸਾਬਕਾ ਸਿਪਾਹੀ ਲਵਪ੍ਰੀਤ ਸਿੰਘ ਦੇ ਤਾਰ ਸਿੱਧੇ ਕੈਨੇਡਾ ਦੇ ਲਖਬੀਰ ਸਿੰਘ ਲੰਡਾ ਨਾਲ ਜੁੜੇ ਹਨ। ਪਾਕਿ ਵਿਚ ਬੈਠਾ ਅੱਤਵਾਦੀ ਰਿੰਦਾ ਲੰਡਾ ਰਾਹੀਂ ਡ੍ਰੋਨ ਤੋਂ ਹਥਿਆਰ ਦੀ ਖੇਪ ਭੇਜ ਰਿਹਾ ਹੈ ਅਤੇ ਚੀਨੀ ਉਸ ਨੂੰ ਸਰਹੱਦ ਤੋਂ ਚੁੱਕ ਕੇ ਪੰਜਾਬ ਅਤੇ ਦਿੱਲੀ ਵਿਚ ਡਿਲੀਵਰੀ ਦੇ ਰਿਹਾ ਹੈ। ਚੀਨੀ ਇਕ ਹਫਤਾ ਪਹਿਲਾਂ ਦਿੱਲੀ ਦੇ ਸਪੈਸ਼ਲ ਸੈੱਲ ਦੇ ਰਡਾਰ ’ਤੇ ਆਇਆ ਸੀ। ਉਹ ਇੰਟਰਨੈੱਟ ਕਾਲਿੰਗ ਰਾਹੀਂ ਹੀ ਆਪਣੀ ਗੈਂਗ ਨਾਲ ਸੰਪਰਕ ਵਿਚ ਸੀ। ਉਸ ਦੇ ਤਾਰ ਲੁਟੇਰੇ ਵਿਜੇ ਨਾਲ ਜੁੜ ਗਏ ਸਨ। ਵਿਜੇ ਫਿਲੌਰ ਪੁਲਸ ਵਿਚ ਫੜੇ ਗਏ ਹਥਿਆਰ ਦੇ ਮਾਮਲੇ ਵਿਚ ਸਾਹਮਣੇ ਆਇਆ ਸੀ। ਉਸ ’ਤੇ 10 ਕੇਸ ਦਰਜ ਹਨ ਪਰ ਉਹ ਪੁਲਸ ਦੀ ਗ੍ਰਿਫਤ ਵਿਚ ਨਹੀਂ ਸੀ ਆ ਸਕਿਆ। 

ਇਹ ਵੀ ਪੜ੍ਹੋ : ਭੋਗਪੁਰ ’ਚ ਪੰਜਾਬ ਤੇ ਦਿੱਲੀ ਦੇ ਸਪੈਸ਼ਲ ਕਾਊਂਟਰ ਇੰਟੈਲੀਜੈਂਸੀ ਦੀ ਵੱਡੀ ਕਾਰਵਾਈ, ਘੇਰਾ ਪਾ ਕੇ ਫੜੇ 5 ਗੈਂਗਸਟਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News