ਵੱਡਾ ਖ਼ੁਲਾਸਾ: ਵਾਤਾਵਰਨ ਤਬਦੀਲੀ ਤੋਂ ਦਹਿਸ਼ਤਗਰਦ ਵੀ ਪ੍ਰੇਸ਼ਾਨ, ਭਾਰਤ ’ਚ ਕਈ ਥਾਵਾਂ ਹੁਣ ਲੁਕਣਯੋਗ ਨਹੀਂ
Thursday, Apr 18, 2024 - 12:07 PM (IST)
ਜਲੰਧਰ (ਇੰਟ.)- ਵਿਗਿਆਨੀਆਂ ਨੇ ਪੂਰੀ ਦੁਨੀਆ ਨੂੰ ਹੋ ਰਹੀ ਵਾਤਾਵਰਨ ਤਬਦੀਲੀ ਬਾਰੇ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਕਈ ਖੋਜਾਂ ਵੀ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ ’ਚ ਐਡੀਲੇਡ ਅਤੇ ਰਟਗਰਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਵੱਡਾ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਵਾਤਾਵਰਨ ਤਬਦੀਲੀ ਭਾਰਤ ’ਚ ਅੱਤਵਾਦੀ ਸਰਗਰਮੀਆਂ ਦੇ ਟਿਕਾਣੇ ’ਤੇ ਅਸਰ ਪਾ ਰਹੀਆਂ ਹਨ। ਖੋਜ ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਵੱਲੋਂ ਵਰਤੇ ਜਾਂਦੇ ਕੁਝ ਦੂਰ-ਦੁਰਾਡੇ ਦੇ ਖੇਤਰਾਂ ਦਾ ਮਾਹੌਲ ਇੰਨੀ ਤੇਜ਼ੀ ਨਾਲ ਬਦਲ ਗਿਆ ਹੈ ਕਿ ਉਹ ਸਥਾਨ ਹੁਣ ਉਨ੍ਹਾਂ ਲਈ ਲੁਕਣ ਦੇ ਯੋਗ ਨਹੀਂ ਰਹੇ। ਇਸ ਕਾਰਨ ਉਨ੍ਹਾਂ ਨੂੰ ਹੋਰ ਖੇਤਰਾਂ ਦਾ ਰੁਖ ਕਰਨ ਲਈ ਮਜਬੂਰ ਹੋਣਾ ਪਿਆ ਹੈ। ਖੋਜ ਦੇ ਨਤੀਜੇ ਜਨਰਲ ਆਫ਼ ਅਪਲਾਈਡ ਸਕਿਓਰਿਟੀ ਰਿਸਰਚ ’ਚ ਪ੍ਰਕਾਸ਼ਿਤ ਕੀਤੇ ਗਏ ਹਨ।
ਤਾਪਮਾਨ, ਮੀਂਹ ਅਤੇ ਉਚਾਈ ਪ੍ਰੇਸ਼ਾਨੀ ਦੇ ਕਾਰਨ
ਡਾਊਨ ਟੂ ਅਰਥ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੋਜਕਰਤਾਵਾਂ ਨੇ ਐਡੀਲੇਡ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਨਾਲ ਜੁੜੇ ਮਾਹਿਰ ਡਾਕਟਰ ਜੇਰੇਡ ਡੀਮੇਲੋ ਦੀ ਅਗਵਾਈ ਵਿਚ 1998 ਤੋਂ 2017 ਦਰਮਿਆਨ ਭਾਰਤ ਵਿਚ ਹੋਈਆਂ ਅੱਤਵਾਦੀ ਘਟਨਾਵਾਂ ਬਾਰੇ ਇਕ ਅਧਿਐਨ ਕੀਤਾ ਹੈ। ਇਸ ਅਧਿਐਨ ਵਿਚ ਖੋਜਕਰਤਾਵਾਂ ਨੇ ਭੂ-ਸਥਾਨਕ ਵਿਸ਼ਲੇਸ਼ਣ ਰਾਹੀਂ ਜਲਵਾਯੂ ਕਾਰਕਾਂ ਅਤੇ ਅੱਤਵਾਦ ਵਿਚਕਾਰ ਸਥਾਨਕ ਸਬੰਧਾਂ ਦੀ ਜਾਂਚ ਕੀਤੀ। ਇਸ ਅਧਿਐਨ ਦੇ ਨਤੀਜਿਆਂ ਦੇ ਅਨੁਸਾਰ, ਤਾਪਮਾਨ, ਮੀਂਹ ਅਤੇ ਉਚਾਈ ਵਰਗੇ ਕੁਝ ਮੌਸਮੀ ਕਾਰਨ ਭਾਰਤ ਵਿਚ ਅੱਤਵਾਦੀ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਸਬੰਧੀ ਡਾਕਟਰ ਡੀਮੇਲੋ ਨੇ ਮੀਡੀਆ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਤਾਪਮਾਨ, ਮੀਂਹ ਅਤੇ ਉਚਾਈ ਦਾ ਸਬੰਧ ਅੱਤਵਾਦੀ ਸਰਗਰਮੀਆਂ ਦੇ ਬਦਲਦੇ ਪੈਟਰਨ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਪੁਲਸ ਵੱਲੋਂ 2 ਮੁਲਜ਼ਮ ਗ੍ਰਿਫ਼ਤਾਰ
ਰਾਸ਼ਟਰੀ ਸੁਰੱਖਿਆ ਨਾਲ ਵੀ ਜੁੜਿਆ ਹੈ ਮਾਮਲਾ
ਖੋਜ ਮੁਤਾਬਕ ਨਵੇਂ ਖੇਤਰਾਂ ’ਚ ਅੱਤਵਾਦੀਆਂ ਦੀ ਆਵਾਜਾਈ ਨਾ ਸਿਰਫ਼ ਮੌਸਮੀ ਤਬਦੀਲੀਆਂ ਦੀ ਤੀਬਰਤਾ ਨਾਲ ਜੁੜੀ ਹੋਈ ਸੀ, ਸਗੋਂ ਅੱਤਵਾਦੀ ਸਰਗਰਮੀਆਂ ’ਚ ਇਹ ਬਦਲਾਅ ਮੌਸਮੀ ਵੀ ਸੀ। ਅਜਿਹੀ ਸਥਿਤੀ ’ਚ ਡਾ. ਡੀਮੇਲੋ ਦਾ ਕਹਿਣਾ ਹੈ ਕਿ ਵਾਤਾਵਰਨ ਤਬਦੀਲੀ ਦੇ ਵਧਦੇ ਮਾੜੇ ਪ੍ਰਭਾਵਾਂ ਨੂੰ ਸੰਬੋਧਨ ਕਰਨਾ ਨਾ ਸਿਰਫ਼ ਵਾਤਾਵਰਨ ਦਾ ਮੁੱਦਾ ਹੈ, ਸਗੋਂ ਇਹ ਸਿੱਧੇ ਤੌਰ ’ਤੇ ਰਾਸ਼ਟਰੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਹ ਅਧਿਐਨ 1998 ਤੋਂ 2017 ਦਰਮਿਆਨ ਭਾਰਤ ਵਿਚ ਹੋਈਆਂ ਅੱਤਵਾਦੀ ਸਰਗਰਮੀਆਂ ’ਤੇ ਕੇਂਦ੍ਰਿਤ ਸੀ। ਇਸ ਸਮੇਂ ਦੌਰਾਨ ਗਲੋਬਲ ਟੈਰੋਰਿਜ਼ਮ ਡੇਟਾਬੇਸ ਨੇ ਭਾਰਤ ਵਿਚ ਅੱਤਵਾਦੀ ਹਮਲਿਆਂ ਦੀਆਂ 9,096 ਘਟਨਾਵਾਂ ਦਰਜ ਕੀਤੀਆਂ ਸਨ। ਡਾ. ਡੀਮੇਲੋ ਅਨੁਸਾਰ ਇਨ੍ਹਾਂ 20 ਸਾਲਾਂ ਦੇ ਅਰਸੇ ਦੌਰਾਨ ਭਾਰਤ ਦਾ ਔਸਤ ਤਾਪਮਾਨ ਵੀ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਦੇਰ ਰਾਤ ਤੱਕ ਕੀਤੀਆਂ ਕੁੜੀ ਨਾਲ ਫੋਨ 'ਤੇ ਗੱਲਾਂ, ਸਵੇਰੇ ਮਾਪਿਆਂ ਨੇ ਖੋਲ੍ਹਿਆ ਕਮਰੇ ਦਾ ਦਰਵਾਜ਼ਾ ਤਾਂ ਪੁੱਤ ਨੂੰ ਵੇਖ ਉੱਡੇ ਹੋਸ਼
ਦੇਸ਼ ਦੇ ਉੱਤਰੀ ਤੇ ਪੂਰਬੀ ਖੇਤਰਾਂ ’ਚ ਬਦਲਿਆ ਹੈ ਪੈਟਰਨ
ਖੋਜ ਦੌਰਾਨ ਭਾਰਤ ਦੇ ਕੁਝ ਖੇਤਰ ਅਜਿਹੇ ਸਨ, ਜੋ ਵਾਰ-ਵਾਰ ਅੱਤਵਾਦੀ ਹਿੰਸਾ ਤੋਂ ਪ੍ਰਭਾਵਿਤ ਹੋਏ। ਇਹ ਖੇਤਰ ਮੁੱਖ ਤੌਰ ’ਤੇ ਦੇਸ਼ ਦੇ ਉੱਤਰੀ ਅਤੇ ਪੂਰਬੀ ਖੇਤਰਾਂ ਵਿਚ ਹਨ। ਇਸ ਸਮੇਂ ਦੌਰਾਨ ਜਿਹੜੇ ਸੂਬੇ ਅੱਤਵਾਦ ਦੇ ਹਾਟ-ਸਪਾਟ ਰਹੇ, ਉਨ੍ਹਾਂ ਵਿਚ ਜੰਮੂ-ਕਸ਼ਮੀਰ, ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਮਨੀਪੁਰ, ਤ੍ਰਿਪੁਰਾ, ਛੱਤੀਸਗੜ੍ਹ, ਉੜੀਸਾ, ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਹਰਿਆਣਾ, ਪੰਜਾਬ, ਦਿੱਲੀ, ਕੇਰਲ ਸ਼ਾਮਲ ਹਨ। ਹਾਲਾਂਕਿ ਇਹ ਅਧਿਐਨ ਅੱਤਵਾਦੀ ਸਰਗਰਮੀਆਂ ਦੇ ਟਿਕਾਣੇ ’ਤੇ ਕੇਂਦਰਿਤ ਸੀ। ਖੋਜਕਰਤਾਵਾਂ ਅਨੁਸਾਰ ਅੰਕੜੇ ਇਸ ਤੱਥ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਇਨ੍ਹਾਂ ਅੱਤਵਾਦੀ ਸਰਗਰਮੀਆਂ ਨਾਲ ਸਬੰਧਤ ਹੋਰ ਮੁੱਦੇ, ਜਿਵੇਂ ਕਿ ਉਨ੍ਹਾਂ ਦੀ ਸਿਖਲਾਈ ਦੇ ਥਾਂ ਵੀ ਵਾਤਾਵਰਨ ਤਬਦੀਲੀਆਂ ਨਾਲ ਬਦਲ ਰਹੇ ਹਨ।
ਇਹ ਵੀ ਪੜ੍ਹੋ- ਪ੍ਰਭੂ ਸ਼੍ਰੀ ਰਾਮ ਜੀ ਦੇ ਲੱਗੇ ਜੈਕਾਰੇ, ਜਲੰਧਰ 'ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ, ਭਗਤਾਂ ਦਾ ਆਇਆ ਸੈਲਾਬ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8