ਗ੍ਰਿਫ਼ਤਾਰੀ ਮਗਰੋਂ ਸੁਖਪਾਲ ਖਹਿਰਾ ਨੂੰ ਲੈ ਕੇ ਵੱਡੇ ਖ਼ੁਲਾਸੇ, ਪੁਲਸ ਚਾਰਜਸ਼ੀਟ 'ਚ ਖੁੱਲ੍ਹਿਆ ਸਾਰਾ ਕੱਚਾ ਚਿੱਠਾ
Friday, Sep 29, 2023 - 11:17 AM (IST)
ਚੰਡੀਗੜ੍ਹ : ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਜਿੱਥੇ ਇਕ ਪਾਸੇ ਸਰਕਾਰ ’ਤੇ ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦੇ ਦੋਸ਼ ਲਾ ਰਹੇ ਹਨ, ਉੱਥੇ ਹੀ ਪੰਜਾਬ ਪੁਲਸ ਨੇ ਇਸ ਮਾਮਲੇ ’ਚ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਲੰਬਾ ਸਮਾਂ ਉਨ੍ਹਾਂ ਖ਼ਿਲਾਫ਼ ਠੋਸ ਸਬੂਤ ਇਕੱਠੇ ਕਰਨ ’ਚ ਲਾਇਆ ਹੈ। ਪੁਲਸ ਦੀ ਚਾਰਜਸ਼ੀਟ ਤੋਂ ਸਾਫ਼ ਹੈ ਕਿ ਖਹਿਰਾ ਨੂੰ ਹੁਣ ਇਸ ਮਾਮਲੇ ’ਚ ਸਿਆਸੀ ਲੜਾਈ ਦੇ ਨਾਲ-ਨਾਲ ਲੰਬੀ ਕਾਨੂੰਨੀ ਲੜਾਈ ਵੀ ਲੜਨੀ ਪਵੇਗੀ।
2015 ਦੇ ਨਸ਼ਾ ਤਸਕਰੀ ਦੇ ਮਾਮਲੇ ’ਚ ਹੋਈ ਹੈ ਖਹਿਰਾ ਦੀ ਗ੍ਰਿਫ਼ਤਾਰੀ
ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਦੋ ਮਾਮਲਿਆਂ ’ਚ ਚੱਲੀ ਜਾਂਚ ਦੇ ਆਧਾਰ ’ਤੇ ਹੋਈ ਹੈ। ਇਨ੍ਹਾਂ ’ਚੋਂ ਪਹਿਲਾ ਮਾਮਲਾ 2015 ’ਚ ਫਾਜ਼ਿਲਕਾ ’ਚ ਹੋਈ ਨਸ਼ੇ ਦੀ ਖ਼ੇਪ ਦੀ ਬਰਾਮਦਗੀ ਦਾ ਹੈ। 2015 ’ਚ ਫਾਜ਼ਿਲਕਾ ਪੁਲਸ ਨੇ ਨਸ਼ਾ ਤਸਕਰਾਂ ਦੇ ਇਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਹੈਰੋਇਨ ਤੋਂ ਇਲਾਵਾ ਸੋਨੇ ਦੇ ਬਿਸਕੁਟ, ਹਥਿਆਰ, ਗੋਲੀ-ਸਿੱਕਾ ਅਤੇ ਪਾਕਿਸਤਾਨੀ ਸਿਮ ਬਰਾਮਦ ਕੀਤੇ ਸਨ। ਦੂਜਾ ਮਾਮਲਾ ਦਿੱਲੀ ’ਚ ਚਲਾਏ ਜਾ ਰਹੇ ਫਰਜ਼ੀ ਪਾਸਪੋਰਟ ਗਿਰੋਹ ਦਾ ਹੈ। ਪੁਲਸ ਨੇ ਇਸ ਮਾਮਲੇ ’ਚ ਖਹਿਰਾ ਖ਼ਿਲਾਫ਼ ਨਸ਼ਾ ਤਸਕਰਾਂ ਕੋਲੋਂ ਮਨੀ ਲਾਂਡਰਿੰਗ ਦੇ ਦੋਸ਼ ਲਾਏ ਹਨ।
ਨਸ਼ਾ ਤਸਕਰਾਂ ਕੋਲੋਂ ਖਹਿਰਾ ਨੇ ਲਏ ਆਰਥਿਕ ਲਾਭ
2015 ਦੇ ਨਸ਼ਾ ਤਸਕਰੀ ਦੇ ਮਾਮਲੇ ’ਚ ਗੁਰਦੇਵ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ ਅਤੇ ਸੁਭਾਸ਼ ਚੰਦਰ ਨਾਂ ਦੇ ਦੋਸ਼ੀਆਂ ਨੂੰ ਅਕਤੂਬਰ 2017 ’ਚ ਸਜ਼ਾ ਹੋ ਚੁੱਕੀ ਹੈ। ਪੁਲਸ ਦੀ ਚਾਰਜਸ਼ੀਟ ਮੁਤਾਬਕ ਇਸ ਮਾਮਲੇ ’ਚ ਸਜ਼ਾਯਾਫਤਾ ਗੁਰਦੇਵ ਸਿੰਘ ਦੇ ਸੁਖਪਾਲ ਖਹਿਰਾ ਨਾਲ ਸਬੰਧ ਸਨ ਅਤੇ ਉਸ ਨੂੰ ਸਿਆਸੀ ਸੁਰੱਖਿਆ ਦਿੰਦੇ ਰਹੇ ਹਨ। ਪੁਲਸ ਚਾਰਜਸ਼ੀਟ ’ਚ ਦੋਸ਼ ਲਾਇਆ ਗਿਆ ਹੈ ਕਿ ਸੁਖਪਾਲ ਖਹਿਰਾ ਨਸ਼ਾ ਤਸਕਰਾਂ ਦੇ ਅੰਤਰਰਾਸ਼ਟਰੀ ਗਿਰੋਹ ਨੂੰ ਸਿਆਸੀ ਸੁਰੱਖਿਆ ਦਿੰਦਾ ਸੀ ਅਤੇ ਬਦਲੇ ’ਚ ਗਿਰੋਹ ਖਹਿਰਾ ਨੂੰ ਆਰਥਿਕ ਲਾਭ ਦਿੰਦਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕੀ ਹੈ ਨਵੀਂ Timing
ਤਸਕਰ ਗੁਰਦੇਵ ਸਿੰਘ ਨੇ 78 ਵਾਰ ਕੀਤੀ ਖਹਿਰਾ ਨਾਲ ਗੱਲਬਾਤ
ਚਾਰਜਸ਼ੀਟ ਮੁਤਾਬਕ ਮਾਮਲੇ ’ਚ ਸਜ਼ਾਯਾਫਤਾ ਗੁਰਦੇਵ ਸਿੰਘ ਦੀ ਪਿਛਲੇ 11 ਮਹੀਨਿਆਂ ’ਚ ਸੁਖਪਾਲ ਖਹਿਰਾ ਨਾਲ 78 ਵਾਰ ਗੱਲ ਹੋਈ ਹੈ। ਗੁਰਦੇਵ ਸਿੰਘ ਨੂੰ ਜਦੋਂ ਇਹ ਪਤਾ ਲੱਗਾ ਕਿ ਉਸਦਾ ਫ਼ੋਨ ਟੈਪ ਹੋ ਰਿਹਾ ਹੈ ਅਤੇ ਪੁਲਸ ਨੂੰ ਉਸਦੀ ਗੱਲਬਾਤ ਬਾਰੇ ਸਾਰੀ ਜਾਣਕਾਰੀ ਹਾਸਲ ਹੋ ਰਹੀ ਹੈ ਤਾਂ ਗੁਰਦੇਵ ਸਿੰਘ ਨੇ 28 ਫਰਵਰੀ ਨੂੰ ਆਪਣਾ ਫ਼ੋਨ ਬੰਦ ਕਰ ਲਿਆ ਪਰ ਆਪਣਾ ਫ਼ੋਨ ਨੰਬਰ ਬਦਲ ਕੇ 28 ਫਰਵਰੀ ਅਤੇ 4 ਮਾਰਚ ਦਰਮਿਆਨ 6 ਵਾਰ ਖਹਿਰਾ ਨਾਲ ਗੱਲ ਕੀਤੀ। ਗੁਰਦੇਵ ਸਿੰਘ ਨੇ ਇਹ ਸਾਰੀ ਗੱਲਬਾਤ ਆਪਣੇ ਡਰਾਈਵਰ ਮਨਜੀਤ ਸਿੰਘ ਦੇ ਨੰਬਰ ਤੋਂ ਸੁਖਪਾਲ ਖਹਿਰਾ ਦੇ ਪੀ. ਐੱਸ. ਓ. ਜੋਗਾ ਸਿੰਘ ਦੇ ਫ਼ੋਨ ’ਤੇ ਕੀਤੀ। ਗੁਰਦੇਵ ਸਿੰਘ ਦੀ ਇਕ ਭੈਣ ਯੂ. ਕੇ. ’ਚ ਰਹਿੰਦੀ ਹੈ। ਉਸ ਨੇ ਵੀ ਪਿਛਲੇ ਦਿਨੀਂ ਕਈ ਵਾਰ ਖਹਿਰਾ ਨਾਲ ਯੂ. ਕੇ. ਤੋਂ ਗੱਲਬਾਤ ਕੀਤੀ ਹੈ। ਪੁਲਸ ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਗੁਰਦੇਵ ਸਿੰਘ ਦੇ ਪਿਤਾ ਅਤੇ ਸੁਖਪਾਲ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਦੇ ਕਰੀਬੀ ਰਿਸ਼ਤੇ ਸਨ ਅਤੇ ਬਾਅਦ ’ਚ ਸੁਖਪਾਲ ਖਹਿਰਾ ਅਤੇ ਗੁਰਦੇਵ ਸਿੰਘ ਵੀ ਆਪਸ ’ਚ ਚੰਗੇ ਦੋਸਤ ਬਣ ਗਏ।
ਇਹ ਵੀ ਪੜ੍ਹੋ : ਪੰਜਾਬ ਦੀਆਂ ਮੰਡੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਇਸ ਤਾਰੀਖ਼ ਤੋਂ ਕਿਸਾਨਾਂ ਨੂੰ ਹੋਣ ਵਾਲੀ ਹੈ ਔਖ
ਖਹਿਰਾ ਦੀ ਆਮਦਨ ਘੱਟ ਪਰ ਖ਼ਰਚ 6.5 ਕਰੋੜ
ਪੁਲਸ ਚਾਰਜਸ਼ੀਟ ’ਚ ਖਹਿਰਾ ਦੀ ਆਮਦਨ ਅਤੇ ਖ਼ਰਚ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਹਨ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਸੁਖਪਾਲ ਖਹਿਰਾ ਨੇ 2014 ਤੋਂ ਲੈ ਕੇ 2020 ਦਰਮਿਆਨ ਆਪਣੇ ਪਰਿਵਾਰ ’ਤੇ 6.5 ਕਰੋੜ ਰੁਪਏ ਖ਼ਰਚ ਕੀਤੇ ਹਨ ਅਤੇ ਇਹ ਖ਼ਰਚ ਉਨ੍ਹਾਂ ਦੀ ਤੈਅ ਆਮਦਨ ਮੁਕਾਬਲੇ ਕਿਤੇ ਵੱਧ ਹੈ। ਇੰਨਾ ਹੀ ਨਹੀਂ, ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੁਖਪਾਲ ਖਹਿਰਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖ਼ਾਤਿਆਂ ’ਚ ਇਸ ਮਿਆਦ ਦੌਰਾਨ ਮੋਟੀ ਰਕਮ ਜਮ੍ਹਾਂ ਕਰਵਾਈ ਗਈ ਹੈ ਅਤੇ ਇਸ ਰਕਮ ਦਾ ਕੋਈ ਹਿਸਾਬ ਨਹੀਂ ਹੈ। ਪੁਲਸ ਦੀ ਚਾਰਜਸ਼ੀਟ ’ਚ ਇਹ ਲਿਖਿਆ ਗਿਆ ਹੈ ਕਿ ਸੁਖਪਾਲ ਖਹਿਰਾ ਲਗਾਤਾਰ 2015 ਤੋਂ ਨਸ਼ਾ ਤਸਕਰਾਂ ਦੇ ਸੰਪਰਕ ’ਚ ਹਨ ਅਤੇ ਇਸ ਗਿਰੋਹ ਦੇ ਮੈਂਬਰਾਂ ਤੋਂ ਲਏ ਗਏ ਪੈਸਿਆਂ ਨਾਲ ਖਹਿਰਾ ਨੇ ਪ੍ਰਾਪਰਟੀ ਖ਼ਰੀਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8