ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ ''ਚ ਬਠਿੰਡਾ ਦੇ SP(D) ਦਾ ਵੱਡਾ ਖ਼ੁਲਾਸਾ
Wednesday, Apr 12, 2023 - 06:26 PM (IST)
ਬਠਿੰਡਾ (ਵੈੱਬ ਡੈਸਕ) : ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਬਠਿੰਡਾ ਦੇ ਐੱਸ. ਪੀ. (ਡੀ) ਅਜੇ ਗਾਂਧੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਸ਼ਮਦੀਦਾਂ ਮੁਤਾਬਕ ਫਾਇਰਿੰਗ ਕਰਨ ਵਾਲੇ ਵਿਅਕਤੀ ਸਿਵਲ ਕੱਪੜਿਆਂ 'ਚ ਸਨ ਅਤੇ ਇਸ ਵਾਰਦਾਤ ਨੂੰ 2 ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਲਸ ਨੂੰ ਮੌਕੇ ਤੋਂ INSAS ਰਾਇਫ਼ਲ ਦੇ 19 ਖਾਲੀ ਖੋਲ ਬਰਾਮਦ ਕੀਤੇ ਹੋਏ ਹਨ। ਐੱਸ. ਪੀ. (ਡੀ) ਮੁਤਾਬਕ ਇਹ ਫਾਇਰਿੰਗ ਸੁੱਤੇ ਪਏ ਜਵਾਨਾਂ 'ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਰਮੀ ਅਫ਼ਸਰਾਂ ਦੇ ਬਿਆਨਾਂ ਦੇ ਆਧਾਰ 'ਤੇ ਐੱਫ. ਆਈ. ਆਰ . ਦਰਜ ਕਰ ਰਹੇ ਹਾਂ। ਮ੍ਰਿਤਕ ਜਵਾਨਾਂ ਦੀ ਪਛਾਣ ਸਾਗਨ ਬਾਨੇ, ਕਮਲੇਸ਼ ਆਰ, ਯੋਗੇਸ਼ ਕੁਮਾਰ, ਸੰਤੋਸ਼ ਐੱਮ. ਨਾਗਰਾਲ ਵਜੋਂ ਹੋਈ ਹੈ। ਮਰਨ ਵਾਲੇ ਵਿਅਕਤੀਆਂ ਵਿੱਚੋਂ 3 ਡਰਾਈਵਰ ਅਤੇ ਇਕ ਗੰਨਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ 'ਤੇ ਭਾਰਤੀ ਫ਼ੌਜ ਦਾ ਬਿਆਨ ਆਇਆ ਸਾਹਮਣੇ
ਜ਼ਿਕਰਯੋਗ ਹੈ ਕਿ ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿਚ ਅੱਜ ਤੜਕੇ ਲਗਭਗ 4.35 ਵਜੇ ਹੋਈ ਫਾਇਰਿੰਗ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਫਾਇਰਿੰਗ ਕਿਸ ਵਲੋਂ ਕੀਤੀ ਗਈ ਹੈ, ਫਿਲਹਾਲ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਸ ਅਤੇ ਫੌਜ ਵਲੋਂ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਆਉਣ ਜਾਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਫੌਜ ਨੇ ਵੀ ਇਸ ਘਟਨਾ ਨੂੰ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ। ਪੰਜਾਬ ਪੁਲਸ ਸੂਤਰਾਂ ਮੁਤਾਬਕ ਦੋ ਦਿਨ ਪਹਿਲਾਂ ਇਕ ਰਾਇਫਲ ਅਤੇ 28 ਗੋਲ਼ੀਆਂ ਵੀ ਗਾਇਬ ਹੋਈਆਂ ਸਨ। ਇਸ ਘਟਨਾ ਦੇ ਪਿੱਛੇ ਆਰਮੀ ਦਾ ਹੀ ਕੋਈ ਵਿਅਕਤੀ ਹੋ ਸਕਦਾ ਹੈ। ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਤੇ ਫੌਜ ਵਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਇਕੋ ਝਟਕੇ 'ਚ ਤਬਾਹ ਹੋਈਆਂ ਪਰਿਵਾਰ ਦੀਆ ਖ਼ੁਸ਼ੀਆਂ, 2 ਸਕੇ ਭਰਾਵਾਂ ਦੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।