ਪੰਜਾਬ ਦੀ ਹਵਾਈ ਕੁਨੈਕਟੀਵਿਟੀ ਨੂੰ ਵੱਡਾ ਹੁਲਾਰਾ ; ਅੰਮ੍ਰਿਤਸਰ ਤੋਂ ਬੈਂਕਾਕ ਲਈ ਚੱਲਣਗੀਆਂ Direct Flights
Saturday, Dec 14, 2024 - 06:06 AM (IST)
ਜਲੰਧਰ/ਅੰਮ੍ਰਿਤਸਰ (ਯੂ.ਐੱਨ.ਆਈ., ਸਲਵਾਨ)- ਪੰਜਾਬ ਦੀ ਹਵਾਈ ਕੁਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਏਅਰ ਇੰਡੀਆ ਐਕਸਪ੍ਰੈੱਸ 27 ਦਸੰਬਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਦੋ ਨਵੇਂ ਉਡਾਣ ਰੂਟ ਸ਼ੁਰੂ ਕਰਨ ਜਾ ਰਹੀ ਹੈ। ਇਹ ਨਵੀਆਂ ਸੇਵਾਵਾਂ ਅੰਮ੍ਰਿਤਸਰ ਨੂੰ ਬੈਂਗਲੁਰੂ ਅਤੇ ਬੈਂਕਾਕ ਨਾਲ ਜੋੜਨਗੀਆਂ।
ਫਲਾਈ ਅੰਮ੍ਰਿਤਸਰ ਪਹਿਲ ਦੇ ਗਲੋਬਲ ਕੋਆਰਡੀਨੇਟਰ ਸਮੀਪ ਸਿੰਘ ਗੁਮਟਾਲਾ ਅਤੇ ਕੋਆਰਡੀਨੇਟਰ (ਭਾਰਤ) ਯੋਗੇਸ਼ ਕਾਮਰਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਏਅਰਲਾਈਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਫਲਾਈਟ ਬੈਂਗਲੁਰੂ ਤੋਂ ਸਵੇਰੇ 5:55 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9:20 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੀ ਉਡਾਣ ਸਵੇਰੇ 11:30 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2:45 ਵਜੇ ਬੈਂਗਲੁਰੂ ਪਹੁੰਚੇਗੀ।
ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਫਲਾਈਟ ਸਵੇਰੇ 10:40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 5 ਵਜੇ ਬੈਂਕਾਕ ਦੇ ਸਵਰਨਭੂਮੀ ਹਵਾਈ ਅੱਡੇ ’ਤੇ ਪਹੁੰਚੇਗੀ। ਬੈਂਕਾਕ ਤੋਂ ਵਾਪਸੀ ਦੀ ਉਡਾਣ ਸ਼ਾਮ 6 ਵਜੇ ਰਵਾਨਾ ਹੋਵੇਗੀ ਅਤੇ ਰਾਤ 9:30 ਵਜੇ ਅੰਮ੍ਰਿਤਸਰ ਪਹੁੰਚੇਗੀ।
ਗੁਮਟਾਲਾ ਨੇ ਕਿਹਾ ਕਿ ਦੋਵੇਂ ਰੂਟ ਬੋਇੰਗ 737 ਮੈਕਸ 8 ਜਹਾਜ਼ਾਂ ਦੀ ਵਰਤੋਂ ਕਰਦੇ ਹੋਏ ਹਫਤੇ ਵਿਚ ਚਾਰ ਵਾਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਸੰਚਾਲਿਤ ਹੋਣਗੇ। ਇਹ ਵਿਕਾਸ 27 ਅਕਤੂਬਰ, 2024 ਨੂੰ ਥਾਈ ਲਾਈਨ ਏਅਰ ਵੱਲੋਂ ਬੈਂਕਾਕ ਦੇ ਡਾਨ ਮੁਆਂਗ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਹਾਲ ਹੀ ਵਿਚ ਲਾਂਚ ਕੀਤੇ ਜਾਣ ਤੋਂ ਬਾਅਦ ਹੋਇਆ ਹੈ।
ਇਹ ਵੀ ਪੜ੍ਹੋ- ਬਿਕਰਮ ਮਜੀਠੀਆ ਦਾ PM ਮੋਦੀ ਦੇ ਨਾਂ ਸੰਦੇਸ਼ ; ''ਅੰਨਦਾਤਾ ਨੂੰ ਮਰਨ ਵਰਤ 'ਤੇ ਬੈਠਣ ਲਈ ਹੋਣਾ ਪਿਆ ਮਜਬੂਰ...''
ਏਅਰ ਇੰਡੀਆ ਐਕਸਪ੍ਰੈੱਸ ਉਡਾਣਾਂ ਦੇ ਜੁੜਨ ਨਾਲ ਹੁਣ ਬੈਂਕਾਕ ਲਈ ਕੁੱਲ ਅੱਠ ਹਫਤਾਵਾਰੀ ਕੁਨੈਕਸ਼ਨ ਮੁਹੱਈਆ ਕਰੇਗਾ, ਜਿਸ ਨਾਲ ਯਾਤਰੀਆਂ ਨੂੰ ਜ਼ਿਆਦਾ ਬਦਲ ਅਤੇ ਲਚਕੀਲਾਪਨ ਮਿਲੇਗਾ। ਘਰੇਲੂ ਮੋਰਚੇ ’ਤੇ ਇੰਡੀਗੋ ਏਅਰਲਾਈਨਜ਼ ਮੌਜੂਦਾ ਸਮੇਂ ਅੰਮ੍ਰਿਤਸਰ ਤੋਂ ਬੈਂਗਲੁਰੂ ਲਈ ਰੋਜ਼ਾਨਾ ਸੇਵਾ ਚਲਾਉਂਦੀ ਹੈ। ਮੌਜੂਦਾ ਸਰਦੀਆਂ ਦੇ ਪੀਕ ਸੀਜ਼ਨ ਦੌਰਾਨ ਇੰਡੀਗੋ ਨੇ 31 ਜਨਵਰੀ 2025 ਤੱਕ ਦੂਜੀ ਰੋਜ਼ਾਨਾ ਉਡਾਣ ਸ਼ਾਮਲ ਕੀਤੀ ਹੈ।
ਗੁਮਟਾਲਾ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਉਡਾਣਾਂ ਦੀ ਸ਼ੁਰੂਆਤ ਨਾਲ ਸਮਰੱਥਾ ਵਿਚ ਹੋਰ ਵਾਧਾ ਹੋਵੇਗਾ, ਯਾਤਰੀਆਂ ਨੂੰ ਵਾਧੂ ਬਦਲ ਮਿਲਣਗੇ ਅਤੇ ਸੰਭਾਵਿਤ ਰੂਪ ਨਾਲ ਵਧਦੇ ਮੁਕਾਬਲੇ ਜ਼ਰੀਏ ਕਿਰਾਏ ਵਿਚ ਕਮੀ ਆਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਨਵੀਆਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਵਿਚ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਦੱਖਣ-ਪੂਰਬੀ ਏਸ਼ੀਆ ਤੋਂ ਅੰਤਰਰਾਸ਼ਟਰੀ ਯਾਤਰੀਆਂ ਅਤੇ ਬੈਂਗਲੁਰੂ ਦੇ ਘਰੇਲੂ ਸੈਲਾਨੀਆਂ ਤੱਕ ਵਧੇਰੇ ਪਹੁੰਚ ਨਾਲ ਇਸ ਇਲਾਕੇ ਨੂੰ ਆਰਥਿਕ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪਹਿਲਾਂ ਹੀ ਕੁਆਲਾਲੰਪੁਰ (ਮਲੇਸ਼ੀਆ ਏਅਰਲਾਈਨਜ਼, ਏਅਰ ਏਸ਼ੀਆ, ਬਾਟਿਕ ਏਅਰ) ਅਤੇ ਸਿੰਗਾਪੁਰ (ਸਕੂਟ) ਤੋਂ ਸਿੱਧੀਆਂ ਉਡਾਣਾਂ ਨਾਲ ਦੱਖਣ-ਪੂਰਬੀ ਏਸ਼ੀਆ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਇਹ ਕੈਰੀਅਰ ਬੈਂਕਾਕ, ਆਸਟ੍ਰੇਲੀਆ ਅਤੇ ਕਈ ਹੋਰ ਗਲੋਬਲ ਮੰਜ਼ਿਲਾਂ ਲਈ ਇਕ-ਸਟਾਪ ਕੁਨੈਕਸ਼ਨ ਮੁਹੱਈਆ ਕਰਦੇ ਹਨ।
ਇਹ ਵੀ ਪੜ੍ਹੋ- ਕਾਰ ਸਵਾਰ ਨੌਜਵਾਨਾਂ ਦਾ ਕਾਰਾ ; ਨਾਕਾ ਦੇਖ ਭਜਾ ਲਈ ਕਾਰ, ਜਾਂਦੇ-ਜਾਂਦੇ ਪੁਲਸ ਪਾਰਟੀ 'ਤੇ ਚਲਾ'ਤੀਆਂ ਗੋਲ਼ੀਆਂ
ਕਾਮਰਾ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਨਵੀਆਂ ਉਡਾਣਾਂ ਇਕ ਵਿਸ਼ਵ ਹਵਾਬਾਜ਼ੀ ਹੱਬ ਵਜੋਂ ਅੰਮ੍ਰਿਤਸਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵਿਕਾਸ ਫਲਾਈ ਅੰਮ੍ਰਿਤਸਰ ਪਹਿਲ ਦੇ ਅੰਮ੍ਰਿਤਸਰ ਨੂੰ ਵਿਸ਼ਵ ਪੱਧਰੀ ਹਵਾਬਾਜ਼ੀ ਅਤੇ ਸੈਰ-ਸਪਾਟਾ ਸਥਾਨ ਵਜੋਂ ਉਤਸ਼ਾਹਿਤ ਕਰਨ ਲਈ ਕੀਤੇ ਗਏ ਯਤਨਾਂ ਦੇ ਅਨੁਸਾਰ ਹਨ। ਉਨ੍ਹਾਂ ਸੂਬਾ ਸਰਕਾਰ ਨੂੰ ਸਰਗਰਮ ਕਦਮ ਚੁੱਕਣ ਦੀ ਅਪੀਲ ਕੀਤੀ, ਜਿਸ ਵਿਚ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਤੋਂ ਹਵਾਈ ਅੱਡੇ ਨੂੰ ਸਿੱਧਾ ਜੋੜਨ ਲਈ ਪਨਬੱਸ ਅਤੇ ਪੀ.ਆਰ.ਟੀ.ਸੀ. ਰੂਟਾਂ ’ਤੇ ਇੰਟਰਸਿਟੀ ਬੱਸ ਸੇਵਾਵਾਂ ਸ਼ੁਰੂ ਕਰਨਾ ਸ਼ਾਮਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e