ਸਿੱਖਿਆ ਬੋਰਡ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਵੱਡੀ ਰਾਹਤ, ਬਣਨਗੇ ਸੈਲਫ ਪ੍ਰੀਖਿਆ ਕੇਂਦਰ

Friday, Nov 12, 2021 - 03:32 PM (IST)

ਸਿੱਖਿਆ ਬੋਰਡ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਵੱਡੀ ਰਾਹਤ, ਬਣਨਗੇ ਸੈਲਫ ਪ੍ਰੀਖਿਆ ਕੇਂਦਰ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਡਾ ਫੈਸਲਾ ਕਰਦੇ ਹੋਏ ਪ੍ਰਾਈਵੇਟ ਸਕੂਲਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮਾਰਚ 2021-2022 ਦੀਆਂ ਪ੍ਰੀਖਿਆਵਾਂ ਲਈ ਸਕੂਲਾਂ ਦੇ ਸੈਲਫ ਪ੍ਰੀਖਿਆ ਕੇਂਦਰ ਬਣਾਉਣ ਦਾ ਤੋਹਫਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਰੈਕੋਗਨਾਈਜ਼ਡ ਅਤੇ ਐਫ਼ੀਲਿਏਟਡ ਸਕੂਲਜ਼ ਐਸੋਸੀਏਸ਼ਨ ਪੰਜਾਬ (ਰਾਸਾ) ਵਲੋਂ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਮੁਲਾਕਾਤ ਕੀਤੀ ਗਈ ਗਈ। ਸਿੱਖਿਆ ਮੰਤਰੀ ਦੇ ਆਦੇਸ਼ਾਂ ਅਨੁਸਾਰ ਰਾਸਾ ਦਾ ਇਕ ਵਫਦ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੂੰ ਸਿੱਖਿਆ ਬੋਰਡ ਦੇ ਦਫਤਰ ਵਿਚ ਮਿਲਿਆ। ਰਾਸਾ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ (ਬਬਲੂ) ਨੇ ਦੱਸਿਆ ਕਿ ਰਾਸਾ ਵੱਲੋਂ ਸਿੱਖਿਆ ਮੰਤਰੀ ਪਾਸੋਂ ਮੰਗ ਕੀਤੀ ਗਈ ਕਿ ਦਸੰਬਰ ਵਿਚ ਆ ਰਹੀਆਂ ਪਹਿਲੀ ਟਰਮ ਬੋਰਡ ਪ੍ਰੀਖਿਆਵਾਂ, ਜਿਨ੍ਹਾਂ ਵਿਚ ਪੰਜਵੀਂ ਦੇ ਸੈਂਟਰ ਸਕੂਲ ਵਿਚ ਹੀ ਬਣਾਏ ਜਾ ਰਹੇ ਹਨ, ਜਦੋਂ ਕਿ 8ਵੀਂ, 10ਵੀਂ ਤੇ 12ਵੀਂ ਦੇ ਸੈਂਟਰ ਆਪਣੇ ਸਕੂਲ ਵਿਚ ਨਾ ਬਣਾ ਕੇ ਬਾਹਰ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਟਰਮ ਦੇ ਪੇਪਰ ਦਾ ਸਮਾਂ ਇਕ ਘੰਟੇ ਦਾ ਹੈ ਜਦੋਂ ਕਿ ਬਾਹਰੀ ਪ੍ਰੀਖਿਆ ਕੇਂਦਰਾਂ ਵਿਚ ਬੱਚਿਆਂ ਨੂੰ ਲਿਜਾਣ ਅਤੇ ਛੱਡਣ ਉੱਪਰ ਹੀ ਦੋ ਘੰਟੇ ਲੱਗ ਜਾਣੇ ਹਨ। ਇਸ ਪ੍ਰਕਾਰ ਇਹ ਨੀਤੀ ਬੱਚਿਆਂ ਦਾ ਟਾਈਮ ਖ਼ਰਾਬ ਕਰਨ ਅਤੇ ਸਕੂਲਾਂ ਨੂੰ ਬੇਲੋੜੀ ਖੱਜਲ-ਖੁਆਰੀ ’ਚ ਪਾਉਣ ਤੋਂ ਵਧੇਰੇ ਕੁਝ ਨਹੀਂ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਬਿਜਲੀ ਖਰੀਦ ਸਮਝੌਤਿਆਂ ਸਮੇਤ ਭ੍ਰਿਸ਼ਟਾਚਾਰ ਦੇ ਸਮੂਹ ਮਾਮਲਿਆਂ ਦੀ ਵਿਜੀਲੈਂਸ ਜਾਂਚ ਦਾ ਐਲਾਨ

ਇਸ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਸਾਲ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਸਕੂਲਾਂ ਦੇ ਸੈਲਫ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਇਕ ਪ੍ਰਫਾਰਮਾ ਭਰਨਾ ਪਵੇਗਾ, ਜੋ ਕਿ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਪਾ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਗੁਰਤੇਜ ਸਿੰਘ, ਉਪ ਸਕੱਤਰ ਮਨਮੀਤ ਸਿੰਘ ਭੱਠਲ ਅਤੇ ਗੁਰਪ੍ਰੇਮ ਸਿੰਘ ਸਹਾਇਕ ਸਕੱਤਰ ਤੋਂ ਇਲਾਵਾ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ, ਚਰਨਜੀਤ ਸਿੰਘ ਪਾਰੋਵਾਲ ਉਪ ਪ੍ਰਧਾਨ ਪੰਜਾਬ ਰਾਸਾ, ਜਗਜੀਤ ਸਿੰਘ ਮੁੱਖ ਸਲਾਹਕਾਰ ਪੰਜਾਬ ਰਾਸਾ, ਸੁਖਵਿੰਦਰ ਸਿੰਘ ਭੱਲਾ ਵਾਈਸ ਚੇਅਰਮੈਨ ਪੰਜਾਬ ਰਾਸਾ, ਜਗਤਪਾਲ ਮਹਾਜਨ ਸਹਿ ਜਰਨਲ ਸਕੱਤਰ ਰਾਸਾ ਪੰਜਾਬ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਵਿਵਾਦਾਂ ਨਾਲ ਪੁਰਾਣਾ ਨਾਤਾ ਹੈ ਸੁਖਪਾਲ ਖਹਿਰਾ ਦਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 


author

Anuradha

Content Editor

Related News