CM ਮਾਨ ਦੀ ਕਾਬਲੀਅਤ ’ਤੇ ਵੱਡਾ ਸਵਾਲ ਹੈ ਮੱਤੇਵਾੜਾ ਪ੍ਰਾਜੈਕਟ ’ਤੇ ਸਰਕਾਰ ਦਾ ‘ਯੂ-ਟਰਨ’ : ਬਾਜਵਾ
Monday, Jul 11, 2022 - 09:20 PM (IST)
ਗੁਰਦਾਸਪੁਰ (ਜੀਤ ਮਠਾਰੂ)-ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਮੱਤੇਵਾੜਾ ਪ੍ਰੋਜੈਕਟ ਵਾਪਸ ਲੈਣ ਦੇ ਫ਼ੈਸਲੇ ’ਤੇ ਵਿਅੰਗ ਕਰਦਿਆਂ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਮਾਮਲੇ ’ਤੇ ਸਰਕਾਰ ਦੇ ਯੂ-ਟਰਨ ਨੇ ਇਕ ਵਾਰ ਮੁੜ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਬਲੀਅਤ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਾਜਵਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਭਗਵੰਤ ਮਾਨ ਖ਼ੁਦ ਮੁੱਖ ਮੰਤਰੀ ਨਹੀਂ ਸਨ ਅਤੇ ਉਨ੍ਹਾਂ ਦੀ ਪਾਰਟੀ ਸਰਕਾਰ ਤੋਂ ਬਾਹਰ ਸੀ ਤਾਂ ਉਸ ਮੌਕੇ ਭਗਵੰਤ ਮਾਨ ਵੱਲੋਂ ਮੱਤੇਵਾੜਾ ਪ੍ਰਾਜੈਕਟ ਦਾ ਵਿਰੋਧ ਕੀਤਾ ਜਾਂਦਾ ਸੀ ਪਰ ਇਸ ਪ੍ਰਾਜੈਕਟ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਜਦੋਂ ਆਮ ਆਦਮੀ ਪਾਰਟੀ ਸੱਤਾ ’ਚ ਆ ਗਈ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਇਸ ਦੀ ਵਕਾਲਤ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦੀ ਵੱਡੀ ਪਹਿਲਕਦਮੀ, ਹੁਣ ਘਰ ਬੈਠੇ ਪੁਲਸ ਕੋਲ ਦਰਜ ਕਰਵਾ ਸਕੋਗੇ ਸ਼ਿਕਾਇਤ, ਜਾਣੋ ਕਿਵੇਂ
ਇਸ ਪ੍ਰਾਜੈਕਟ ਸਬੰਧੀ ਪੰਜਾਬ ਦੇ ਲੋਕਾਂ ਵੱਲੋਂ ਕੀਤੇ ਵੱਡੇ ਵਿਰੋਧ ਅਤੇ ਪਾਏ ਗਏ ਦਬਾਅ ਕਾਰਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਹੈ। ਬਾਜਵਾ ਨੇ ਇਸ ਪ੍ਰਾਜੈਕਟ ਦੇ ਰੱਦ ਹੋਣ ਨਾਲ ਪੰਜਾਬ ਦੇ ਸੂਝਵਾਨ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ ਪਰ ਨਾਲ ਹੀ ਭਗਵੰਤ ਮਾਨ ਦੇ ਇਸ ਫ਼ੈਸਲੇ ਨੇ ਮੁੱਖ ਮੰਤਰੀ ਪੰਜਾਬ ਦੀ ਅਯੋਗਤਾ ਨੂੰ ਜਗ ਜ਼ਾਹਿਰ ਕਰ ਦਿੱਤਾ ਹੈ। ਇਥੇ ਹੀ ਬਸ ਨਹੀਂ, ਪ੍ਰਾਜੈਕਟ ਨੂੰ ਰੱਦ ਕਰਨ ਦਾ ਐਲਾਨ ਇਸ ਸਰਕਾਰ ’ਚ ਵਚਨਬੱਧਤਾ ਅਤੇ ਦੂਰਅੰਦੇਸ਼ੀ ਸੋਚ ਦੀ ਘਾਟ ਨੂੰ ਵੀ ਉਜਾਗਰ ਕਰ ਰਿਹਾ ਹੈ। ਲੋਕ ਇਸ ਗੱਲ ਨੂੰ ਸਮਝ ਗਏ ਹਨ ਕਿ ਇਹ ਸਰਕਾਰ ਗ਼ਲਤ ਫ਼ੈਸਲੇ ਲੈ ਕੇ ਬਾਅਦ ’ਚ ਉਨ੍ਹਾਂ ਨੂੰ ਵਾਪਸ ਲੈਣ ਵਾਲੀ ਸਰਕਾਰ ਬਣਦੀ ਜਾ ਰਹੀ ਹੈ। ਬਾਜਵਾ ਨੇ ਇਕ ਹੋਰ ਬਿਆਨ ਰਾਹੀਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦੇ ਫ਼ੈਸਲੇ ਦੀ ਵੀ ਸਖ਼ਤ ਨਿੰਦਾ ਕੀਤੀ।
ਇਹ ਖ਼ਬਰ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਭਿਆਨਕ ਹਾਦਸਾ, CID ਇੰਸਪੈਕਟਰ ਦੀ ਟਰੇਨ ਥੱਲੇ ਆਉਣ ਨਾਲ ਦਰਦਨਾਕ ਮੌਤ
ਬਾਜਵਾ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਤੁਲਨਾ 1846 ’ਚ ਸਰ ਹੈਨਰੀ ਲਾਰੈਂਸ ਵੱਲੋਂ ਸਿੱਖ ਸਾਮਰਾਜ ਨੂੰ ਕੰਟਰੋਲ ਕਰਨ ਲਈ ਬਰਤਾਨਵੀ ਰੈਜ਼ੀਡੈਂਟ ਤਿਆਰ ਕਰਨ ਦੇ ਤੱਤਕਾਲੀ ਫ਼ੈਸਲੇ ਨਾਲ ਕੀਤੀ। ਬਾਜਵਾ ਨੇ ਕਿਹਾ ਕਿ ਪੰਜਾਬ ’ਤੇ ਕਾਬਜ਼ ਹੋਣ ਲਈ ਜੋ ਸੋਚ ਉਸ ਮੌਕੇ ਬਰਤਾਨੀਆ ਨੇ ਦਿਖਾਈ ਸੀ, ਉਸੇ ਤਰ੍ਹਾਂ ਹੁਣ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਵਿਸ਼ੇਸ਼ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਕੇ ਆਮ ਆਦਮੀ ਪਾਰਟੀ ਨੇ ਵੀ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲੋਕਾਂ ਦੀ ਇੱਛਾ ਅਤੇ ਪਸੰਦ ਨੂੰ ਦਰਕਿਨਾਰ ਕਰ ਕੇ ਸਰਕਾਰ ਵੱਲੋਂ ਲਏ ਗਏ ਇਸ ਗ਼ਲਤ ਅਤੇ ਮੰਦਭਾਗੇ ਫ਼ੈਸਲੇ ਨੂੰ ਪੰਜਾਬ ਦੇ ਲੋਕ ਸਵੀਕਾਰ ਨਹੀਂ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਮੱਤੇਵਾੜਾ ਟੈਕਸਟਾਈਲ ਪਾਰਕ ਪ੍ਰਾਜੈਕਟ ਰੱਦ ਹੋਣ ’ਤੇ ਕੈਪਟਨ ਨੇ ਜਤਾਇਆ ਦੁੱਖ, ਕਹੀਆਂ ਇਹ ਗੱਲਾਂ