ਪੰਜਾਬ ਭਰ ''ਚੋਂ ਵੱਡੇ-ਵੱਡੇ ਲੋਕ ਰੋਜ਼ਾਨਾ ''ਆਪ'' ਪਾਰਟੀ ''ਚ ਹੋ ਰਹੇ ਹਨ ਸ਼ਾਮਲ: ਚੱਢਾ

04/08/2021 12:08:39 AM

ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ ਦਾ ਕਾਫ਼ਿਲਾ ਪੰਜਾਬ ਵਿਚ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਭਰ ਵਿਚ ਵੱਡੇ-ਵੱਡੇ ਲੋਕ ਰੋਜ਼ਾਨਾ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਬੁੱਧਵਾਰ ਨੂੰ ਮਾਝਾ ਖੇਤਰ ਵਿਚ ਪਾਰਟੀ ਨੂੰ ਉਸ ਸਮੇਂ ਇਕ ਵੱਡੀ ਕਾਮਯਾਬੀ ਮਿਲੀ ਜਦੋਂ ਕਾਂਗਰਸ ਪਾਰਟੀ ਦੇ ਆਗੂ ਸਰਵਣ ਸਿੰਘ ਧੁੰਨ ਅਤੇ ਕਈ ਹੋਰ ਕਾਂਗਰਸ ਆਗੂਆਂ ਨੇ ਆਪਣੇ ਸਾਥੀਆਂ ਸਮੇਤ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਮੁੱਖ ਦਫ਼ਤਰ ’ਚ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ, ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ਵਿਚ ਸਰਵਣ ਸਿੰਘ ਧੁੰਨ ‘ਆਪ’ ਵਿਚ ਸ਼ਾਮਲ ਹੋਏ।

ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ‘ਆਪ’ ‘ਵਿਚ ਸ਼ਾਮਲ ਹੋ ਰਹੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਬਿਹਤਰ ਕਰ ਕੇ ਵਿਕਾਸ ਦਾ ਇੱਕ ਨਵਾਂ ਮਾਡਲ ਪੇਸ਼ ਕੀਤਾ। ਅੱਜ ਦਿੱਲੀ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚੋਂ ਨਾਮ ਕਟਵਾ ਕੇ ਸਰਕਾਰੀ ਸਕੂਲ ਵਿਚ ਪੜ੍ਹਨ ਲਈ ਭੇਜ ਰਹੇ ਹਨ ਅਤੇ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦਾ ਮੁਫ਼ਤ ਤੇ ਵਧੀਆ ਇਲਾਜ ਹੋ ਰਿਹਾ ਹੈ। ਉਸੇ ਦਾ ਨਤੀਜਾ ਹੈ ਕਿ ਅੱਜ ਦੇਸ਼ ਭਰ ਦੇ ਲੋਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਦਿੱਲੀ ਵਿਚ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਅਤੇ ‘ਆਪ’ ਨੂੰ ਬਦਲਾਅ ਕਰਨ ਵਾਲੀ ਪਾਰਟੀ ਦੇ ਰੂਪ ਵਿਚ ਵੇਖ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਲਾਉਂਦੇ ਹੋਏ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲੋਕ ਕਾਂਗਰਸ ਛੱਡ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਜਿੰਨੇ ਵੀ ਵਾਅਦੇ ਕੀਤੇ, ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਪੂਰੇ ਭਾਰਤ ਦੇ ਸਭ ਤੋਂ ਨਿਕੰਮੇ ਅਤੇ ਆਲਸੀ ਮੁੱਖ ਮੰਤਰੀ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਉਨ੍ਹਾਂ ਨੂੰ ਧੋਖਾ ਦਿੱਤਾ।

ਪਾਰਟੀ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਪੰਜਾਬ ਦੇ ਨੌਜਵਾਨਾਂ ਨਾਲ ਹਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਾਉਣ ਤੋਂ ਬਾਅਦ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਕੈਪਟਨ ਸਰਕਾਰ ਨੇ ਵਿਭਾਗਾਂ ਦੇ ਪੁਨਰਗਠਨ ਦੇ ਨਾਂ ’ਤੇ ਉਲਟਾ ਹਜ਼ਾਰਾਂ ਡਸਰਕਾਰੀ ਅਹੁਦਿਆਂ ਨੂੰ ਖ਼ਤਮ ਕਰ ਦਿੱਤਾ। ਪੰਜਾਬ ਦੇ ਨੌਜਵਾਨ ਕੈਪਟਨ ਤੋਂ ਉਨ੍ਹਾਂ ਦੇ ਝੂਠੇ ਵਾਅਦਿਆਂ ਦਾ ਹਿਸਾਬ 2022 ਦੇ ਚੋਣਾਂ ਵਿਚ ਜ਼ਰੂਰ ਲੈਣਗੇ।

ਧੁੰਨ 2008 ਤੋਂ 2013 ਤਕ ਜ਼ਿਲਾ ਪਰਿਸ਼ਦ ਮੈਂਬਰ ਰਹੇ ਹਨ। ਉਨ੍ਹਾਂ ਨੇ 2012 ਵਿਚ ਖੇਮਕਰਨ ਵਿਧਾਨ ਸਭਾ ਖੇਤਰ ਤੋਂ ਵਿਧਾਨ ਸਭਾ ਚੋਣ ਲੜੀ ਅਤੇ ਲਗਭਗ 9000 ਵੋਟਾਂ ਹਾਸਲ ਕੀਤੀਆਂ। ਉਹ ਮੌਜੂਦਾ ਸਮੇਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਮੈਂਬਰ ਰਹਿ ਚੁੱਕੇ ਹਨ ਪਰ ਉਨ੍ਹਾਂ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਧੁੰਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦੇ ਤੋਂ ਅੱਜ ਹਰ ਪੰਜਾਬੀ ਨਿਰਾਸ਼ ਹੈ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਨੇਤਾ ਪਾਰਟੀ ਛੱਡਣ ਲਈ ਮਜ਼ਬੂਰ ਹਨ।

ਧੁੰਨ ਦੇ ਨਾਲ ਉਨ੍ਹਾਂ ਦੇ ਸਾਥੀ ਅਮਰੀਕ ਸਿੰਘ ਆਸਲ (ਚੇਅਰਮੈਨ), ਭਗਵੰਤ ਸਿੰਘ (ਕੰਬੋਕੇ) ਚੇਅਰਮੈਨ, ਜਸਵਿੰਦਰ ਸਿੰਘ (ਚੂੰਘ) ਪ੍ਰਧਾਨ, ਕਾਰਜ ਸਿੰਘ (ਡਲੀਰੀ), ਮੇਹਰ ਸਿੰਘ (ਸਰਪੰਚ), ਬਲਜੀਤ ਸਿੰਘ (ਅਲਗੋਂ) ਸਰਪੰਚ, ਗੁਲਸ਼ਨ (ਅਲਗੋਂ) ਪ੍ਰਧਾਨ, ਜੁਗਰਾਜ ਸਿੰਘ, ਗੁਰਕਰਮ ਸਿੰਘ (ਮੁਗਲ ਚੱਕ), ਸਾਬ ਸਿੰਘ (ਪਹੁਵਿੰਡ), ਬਾਜ ਸਿੰਘ (ਵੀਰਮ), ਸੁਖਵੰਤ ਸਿੰਘ (ਵੀਰਮ), ਸਰਵਨ ਸਿੰਘ (ਜਮਾਲਪੁਰ), ਸੁਖਚੈਨ ਸਿੰਘ (ਬੇਗੇਪੁਰ), ਗੁਰਸਾਹਿਬ ਸਿੰਘ (ਮਾਸਟਰ) ਰਾਜੋਕੇ, ਗੁਰਵਿੰਦਰ ਸਿੰਘ (ਕਾਲੇ) ਭਿੱਖੀਵਿੰਡ, ਦਿਲਬਾਗ ਸਿੰਘ (ਲੱਧੂ), ਹਰਪਾਲ ਸਿੰਘ ਚੱਠੂ (ਅਲਗੋਂ), ਲਖਵਿੰਦਰ ਸਿੰਘ (ਰਾਜੋਕੇ), ਲੱਕੀ ਔਲਖ, ਚਾਨਣ ਸਿੰਘ (ਬੁਰਜ), ਗੁਰਵੇਲ ਸਿੰਘ (ਬੁਰਜ), ਹਰਵਿੰਦਰ ਸਿੰਘ (ਬੁਰਜ), ਹੀਰਾ ਸਿੰਘ ਭੁੱਲਰ (ਰਾਜੋਕੇ), ਰੇਸ਼ਮ ਸਿੰਘ (ਧੁੰਨ), ਹੁਸ਼ਿਅਰ ਸਿੰਘ (ਜੋਧ ਸਿੰਘ ਵਾਲਾ), ਰਸਾਲ ਸਿੰਘ (ਕਾਜੀ ਚੱਕ), ਰਣਜੀਤ ਸਿੰਘ, ਜਰਮਨਜੀਤ ਗਿੱਲ (ਭਿੱਖੀਵਿੰਡ), ਗੁਰਸਾਬ ਸਿੰਘ ਡੱਲ ਵੀ ‘ਆਪ’ ਵਿਚ ਸ਼ਾਮਲ ਹੋਏ।


Bharat Thapa

Content Editor

Related News