ਜਲੰਧਰ ਨਗਰ ਨਿਗਮ ਨਾਲ ਵੱਡਾ ਪਾਰਕਿੰਗ ਘਪਲਾ, ਇਨ੍ਹਾਂ ਥਾਵਾਂ ਦੀ ਨਿਲਾਮੀ ਹੋ ਸਕਦੀ ਹੈ ਰੱਦ

Monday, Jun 09, 2025 - 01:22 PM (IST)

ਜਲੰਧਰ ਨਗਰ ਨਿਗਮ ਨਾਲ ਵੱਡਾ ਪਾਰਕਿੰਗ ਘਪਲਾ, ਇਨ੍ਹਾਂ ਥਾਵਾਂ ਦੀ ਨਿਲਾਮੀ ਹੋ ਸਕਦੀ ਹੈ ਰੱਦ

ਜਲੰਧਰ (ਖੁਰਾਣਾ)-ਹਾਲ ਹੀ ’ਚ ਸ਼ਹਿਰ ਵਿਚ ਪਾਰਕਿੰਗ ਸਾਈਟਸ ਨੂੰ ਲੈ ਕੇ ਨਗਰ ਨਿਗਮ ਵੱਲੋਂ ਕੀਤੀ ਗਈ ਈ-ਨਿਲਾਮੀ ਪ੍ਰਕਿਰਿਆ ਹੁਣ ਵਿਵਾਦਾਂ ਵਿਚ ਘਿਰ ਗਈ ਹੈ। ਜਾਣਕਾਰੀ ਅਨੁਸਾਰ ਨਿਗਮ ਨੇ ਸ਼ਹਿਰ ’ਚ ਲਗਭਗ ਦੋ ਦਰਜਨ ਪਾਰਕਿੰਗ ਸਾਈਟਸ ਤੈਅ ਕੀਤੀਆਂ ਸਨ, ਜਿਨ੍ਹਾਂ ਤੋਂ ਕਰੋੜਾਂ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਜਾ ਸਕਦਾ ਸੀ ਪਰ ਇਨ੍ਹਾਂ ਸਾਈਟਸ ਵਿਚੋਂ ਸਿਰਫ਼ ਇਕ ਦਰਜਨ ਦੀ ਹੀ ਨਿਲਾਮੀ ਹੋ ਸਕੀ, ਜਦਕਿ ਬਾਕੀ ਥਾਵਾਂ ਦੀ ਨਿਲਾਮੀ ਲੰਮੇ ਸਮੇਂ ਤੋਂ ਸਿਰੇ ਨਹੀਂ ਚੜ੍ਹ ਪਾ ਰਹੀ ਹੈ। ਹੁਣ ਇਕ ਵੱਡਾ ਖ਼ੁਲਾਸਾ ਹੋਇਆ ਹੈ ਕਿ ਸ਼ਹਿਰ ਵਿਚ ਲੰਮੇ ਸਮੇਂ ਤੋਂ ਸਰਗਰਮ ਪਾਰਕਿੰਗ ਮਾਫ਼ੀਆ ਨੇ ਨਾ ਸਿਰਫ਼ ਨਿਗਮ ਨਾਲ ਧੋਖਾ ਕੀਤਾ, ਸਗੋਂ ਈ-ਨਿਲਾਮੀ ਪ੍ਰਕਿਰਿਆ ਵਿਚ ਵੱਡੇ ਪੱਧਰ ’ਤੇ ਫਰਜ਼ੀਵਾੜਾ ਵੀ ਕੀਤਾ ਹੈ।

ਨਿਗਮ ਦੇ ਰਿਕਾਰਡ ਅਨੁਸਾਰ ਜਿਹੜੀਆਂ 12 ਪਾਰਕਿੰਗ ਸਾਈਟਸ ਦੀ ਪਿਛਲੇ ਦਿਨੀਂ ਸਫ਼ਲ ਨਿਲਾਮੀ ਹੋਈ, ਉਨ੍ਹਾਂ ਵਿਚੋਂ 6 ਸਾਈਟਸ ਲਈ ਇਕ ਹੀ ਆਈ. ਪੀ. ਐਡਰੈੱਸ ਤੋਂ ਬੋਲੀ ਲਾਈ ਗਈ। ਇਸ ਦਾ ਮਤਲਬ ਇਹ ਹੈ ਕਿ ਵੱਖ-ਵੱਖ ਠੇਕੇਦਾਰਾਂ ਦੇ ਨਾਂ ’ਤੇ ਬੋਲੀ ਲਾਉਣ ਵਾਲੇ ਅਸਲ ਵਿਚ ਇੱਕੋ ਗਰੁੱਪ ਦੇ ਮੈਂਬਰ ਹੋ ਸਕਦੇ ਹਨ। ਨਿਗਮ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਸਮੇਂ ਸਿਰ ਮਿਲ ਗਈ ਸੀ ਕਿ ਮਾਫ਼ੀਆ ਨੇ ਈ-ਨਿਲਾਮੀ ਵਿਚ ਪੂਲਿੰਗ ਕਰਕੇ ਧੋਖਾਧੜੀ ਕੀਤੀ ਹੈ। ਇਸ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਨਿਗਮ ਅਧਿਕਾਰੀ ਨੇ ਇਸ ਮਾਮਲੇ ਵਿਚ ਐੱਫ਼. ਆਈ. ਆਰ. ਦਰਜ ਕਰਵਾਉਣ ਦੀ ਹਿੰਮਤ ਨਹੀਂ ਵਿਖਾਈ ਹੈ।

ਇਹ ਵੀ ਪੜ੍ਹੋ: Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
ਮਾਫ਼ੀਆ ਨੇ ਇਨ੍ਹਾਂ ਸਾਈਟਸ ਲਈ ਪੂਲਿੰਗ ਕਰਕੇ ਕੀਤੀ ਧੋਖਾਧੜੀ
-ਸਤਨਾਮ ਮੋਟਰ ਗੈਰੇਜ, ਬੀ. ਐੱਮ. ਸੀ. ਚੌਕ ਦੇ ਸਾਹਮਣੇ-4.72 ਲੱਖ
-ਸਰਕਟ ਹਾਊਸ ਦੇ ਸਾਹਮਣੇ, ਸਟੇਟ ਬੈਂਕ ਕੰਧ ਦੇ ਨੇੜੇ-9.40 ਲੱਖ
-ਮੂਨਲਾਈਟ ਪੱਬ ਦੇ ਸਾਹਮਣੇ, ਜੀ. ਟੀ. ਰੋਡ-7.60 ਲੱਖ
-ਆਈ. ਸੀ. ਆਈ. ਸੀ. ਆਈ. ਬੈਂਕ ਦੇ ਸਾਹਮਣੇ, ਜੀ. ਟੀ. ਰੋਡ-9.40 ਲੱਖ
-ਨਰਿੰਦਰ ਸਿਨੇਮਾ ਦੇ ਨੇੜੇ, ਗਲਾਸੀ ਜੰਕਸ਼ਨ ਦੇ ਨੇੜੇ-9.40 ਲੱਖ
-ਗਲਾਸੀ ਜੰਕਸ਼ਨ ਦੇ ਸਾਹਮਣੇ, ਬੱਸ ਸਟੈਂਡ ਦੇ ਨੇੜੇ-16.60 ਲੱਖ

ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ ਪੂਰਾ ਮਾਮਲਾ
ਨਿਗਮ ਹਾਊਸ ਦੇ ਆਉਣ ਦੇ ਬਾਅਦ ਜਾਗੀਆਂ ਸਨ ਬਦਲਾਅ ਦੀਆਂ ਉਮੀਦਾਂ
ਨਗਰ ਨਿਗਮ ਵਿਚ ਹੁਣ ਅਫਸਰਸ਼ਾਹੀ ਦਾ ਰਾਜ ਖਤਮ ਹੋ ਗਿਆ ਹੈ। ਹਾਲ ਹੀ ਵਿਚ ਨਗਰ ਨਿਗਮ ਚੋਣਾਂ ਤੋਂ ਬਾਅਦ ਇਕ ਨਵਾਂ ਹਾਊਸ ਬਣਿਆ ਹੈ। ਇਸ ਕਾਰਨ ਨਿਗਮ ਦੀ ਆਮਦਨ ਵਿਚ ਸੁਧਾਰ ਦੇਖਣ ਨੂੰ ਮਿਲ ਰਿਹਾ ਸੀ। ਪਿਛਲੀ ਵਾਰ ਅਧਿਕਾਰੀਆਂ ਦੇ ਕਾਰਜਕਾਲ ਦੌਰਾਨ ਕੁੱਲ 26 ਪਾਰਕਿੰਗ ਸਾਈਟਸ ਦੀ ਈ-ਨਿਲਾਮੀ ਕਰਵਾਈ ਗਈ ਸੀ ਪਰ ਕੌਂਸਲਰ ਹਾਊਸ ਦੀ ਘਾਟ ਕਾਰਨ ਅਲਾਟਮੈਂਟ ਰੋਕ ਦਿੱਤੀ ਗਈ ਸੀ। ਇਸ ਸਾਲ ਦੇ ਸ਼ੁਰੂ ਵਿਚ ਕੌਂਸਲਰ ਹਾਊਸ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਨਿਗਮ ਨੇ ਫਿਰ ਈ-ਨਿਲਾਮੀ ਕਰਵਾਈ ਅਤੇ ਕਈ ਸਾਈਟਸ ਨੂੰ ਸਫ਼ਲਤਾਪੂਰਵਕ ਅਲਾਟ ਵੀ ਹੋ ਗਈ। ਇਸ ਨਾਲ ਸਿਸਟਮ ਵਿਚ ਬਦਲਾਅ ਦੀ ਉਮੀਦ ਜਾਗੀ ਸੀ ਪਰ ਹਾਲ ਹੀ ਵਿਚ ਹੋਈ ਧੋਖਾਧੜੀ ਨੇ ਸਾਬਤ ਕਰ ਦਿੱਤਾ ਹੈ ਕਿ ਪਾਰਕਿੰਗ ਮਾਫ਼ੀਆ ਸ਼ਹਿਰ ਵਿਚ ਕਾਫ਼ੀ ਹਾਵੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੋਵੇਗਾ ਫਾਇਦਾ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ
ਸਾਰੀ ਨਿਲਾਮੀ ਰੱਦ ਹੋਈ ਤਾਂ ਨਿਗਮ ਨੂੰ ਹੋਵੇਗਾ ਕਰੋੜਾਂ ਦਾ ਨੁਕਸਾਨ
ਪਤਾ ਲੱਗਾ ਹੈ ਕਿ ਹੁਣ ਨਗਰ ਨਿਗਮ ਇਨ੍ਹਾਂ ਸਾਰੀਆਂ ਥਾਵਾਂ ਦੀ ਨਿਲਾਮੀ ਰੱਦ ਕਰਨ ਦੀ ਤਿਆਰੀ ਵਿਚ ਹੈ। ਮੇਅਰ ਵਨੀਤ ਧੀਰ ਨੇ ਵੀ ਨਿਲਾਮੀ ਰੱਦ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਅਜਿਹੀ ਸਥਿਤੀ ਵਿਚ ਨਿਗਮ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਧੋਖਾਧੜੀ ਦੇ ਮੱਦੇਨਜ਼ਰ ਨਿਗਮ ਇਨ੍ਹਾਂ ਸਾਈਟਸ ਦੀ ਨਿਲਾਮੀ ਵੀ ਰੱਦ ਕਰਨ ਜਾ ਰਿਹਾ ਹੈ :
-ਰੰਗਲਾ ਵਿਹੜਾ ਪ੍ਰਾਜੈਕਟ-66.30 ਲੱਖ ਰੁਪਏ ਸਾਲਾਨਾ ਵਿਚ ਅਲਾਟ
-ਕੰਪਨੀ ਬਾਗ ਪਾਰਕਿੰਗ-42.30 ਲੱਖ ਰੁਪਏ ਸਾਲਾਨਾ ਵਿਚ ਅਲਾਟ
-ਮਾਡਲ ਟਾਊਨ, ਸਰਕਾਰੀ ਗਰਲਜ਼ ਸਕੂਲ ਦੇ ਨੇੜੇ-17.60 ਲੱਖ ਰੁਪਏ
-ਸ਼ਕਤੀ ਟਾਵਰ, ਵਿਸ਼ਾਲ ਮੈਗਾ ਮਾਰਟ ਦੇ ਸਾਹਮਣੇ-11.10 ਲੱਖ ਰੁਪਏ
-ਅਪੈਕਸ ਟਾਵਰ ਦੇ ਸਾਹਮਣੇ, ਜੀ. ਟੀ. ਰੋਡ-5.20 ਲੱਖ ਰੁਪਏ
-ਬੱਸ ਸਟੈਂਡ ਨੇੜੇ ਪਾਰਕਿੰਗ ਪਲੇਸ-8.70 ਲੱਖ
-ਕੰਪਨੀ ਬਾਗ ਪਾਰਕਿੰਗ ਦੀ ਦੁਕਾਨ ਨੰਬਰ 1-2.60 ਲੱਖ

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ
ਸਵਾਲ-ਮਾਲੀਏ ਦੇ ਨੁਕਸਾਨ ਲਈ ਕਿਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ
ਨਿਗਮ ਦੇ ਰਿਕਾਰਡ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਆਪਸ ਵਿਚ ਪੂਲ ਕੇ ਨਿਗਮ ਨਾਲ ਧੋਖਾ ਕਰਨ ਵਾਲੇ ਮਾਫੀਆ ਨੇ ਨੰਦ ਟੂਰਿਜ਼ਮ ਅੈਂਡ ਫਿਨਸਰਵ ਲਿਮਟਿਡ ਦੇ ਨਾਂ ’ਤੇ ਧੋਖਾਧੜੀ ਕੀਤੀ ਅਤੇ ਇਕ ਹੀ ਆਈ. ਪੀ. ਪਤੇ ਤੋਂ ਨਿਲਾਮੀ ਵਿਚ ਹਿੱਸਾ ਲਿਆ। ਇਸੇ ਕੰਪਨੀ ਨੇ ਸਾਰੀਆਂ 6 ਪਾਰਕਿੰਗ ਸਾਈਟਸ ਵਿਚ ਬੋਲੀਆਂ ਆਪਣੇ ਨਾਂ ’ਤੇ ਕਰਵਾਈਆਂ। ਇਸ ਕੰਪਨੀ ਦੇ ਸਾਰੇ ਦਸਤਾਵੇਜ਼ ਨਿਗਮ ਦੇ ਰਿਕਾਰਡ ਵਿਚ ਮੌਜੂਦ ਹਨ ਪਰ ਫਿਰ ਵੀ ਨਿਗਮ ਵੱਲੋਂ ਕੋਈ ਸੁਰੱਖਿਆ ਨਾ ਲੈਣ ਦੀ ਅਸਮਰੱਥਾ ਕਈ ਸਵਾਲ ਖੜ੍ਹੇ ਕਰ ਰਹੀ ਹੈ। ਨਿਗਮ ਦੇ ਅਧਿਕਾਰੀ ਇਹ ਵੀ ਜਾਣਦੇ ਹਨ ਕਿ ਨਿਗਮ ਦਾ ਸ਼ਕਤੀਸ਼ਾਲੀ ਠੇਕੇਦਾਰ ਸ਼ਿਵਮ ਮਦਾਨ ਲੰਮੇ ਸਮੇਂ ਤੋਂ ਪਾਰਕਿੰਗ ਸਾਈਟਸ ਦੀ ਨਿਲਾਮੀ ਵਿਚ ਦਿਲਚਸਪੀ ਦਿਖਾ ਰਿਹਾ ਸੀ। ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਸ ਪੂਰੇ ਮਾਮਲੇ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ? ਕੀ ਨਿਗਮ ਦੇ ਅਧਿਕਾਰੀ ਮਾਫ਼ੀਆ ਵਿਰੁੱਧ ਸਖ਼ਤ ਸਟੈਂਡ ਲੈਣਗੇ ਅਤੇ ਐੱਫ.ਆਈ.ਆਰ. ਦਰਜ ਕਰਨਗੇ? ਮੰਨਿਆ ਜਾ ਰਿਹਾ ਹੈ ਕਿ ਜੇਕਰ ਹੁਣ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿਚ ਨਿਗਮ ਨੂੰ ਅਜਿਹੀ ਧੋਖਾਧੜੀ ਤੋਂ ਬਚਾਉਣਾ ਮੁਸ਼ਕਲ ਹੋਵੇਗਾ। ਜੇਕਰ ਨਿਗਮ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ ਅਤੇ ਨਿਗਮ ਨਾਲ ਧੋਖਾਧੜੀ ਕਰਨ ਵਾਲੇ ਤੱਤਾਂ ਦੀ ਵੀ ਪਛਾਣ ਹੋ ਗਈ ਹੈ, ਤਾਂ ਐੱਫ.ਆਈ.ਆਰ. ਦਰਜ ਕਰਨ ਵਿਚ ਕੀ ਨੁਕਸਾਨ ਹੈ। ਇਸ ਵੇਲੇ ਸਾਰਿਆਂ ਦੀਆਂ ਨਜ਼ਰਾਂ ਨਗਰ ਨਿਗਮ ਕਮਿਸ਼ਨਰ ਦੇ ਅਗਲੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹੈ।

ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News