ਦੁੱਗਰੀ ਇਲਾਕੇ ’ਚ ਪਾਵਰਕਾਮ ਦੀ ਵੱਡੀ ਕਾਰਵਾਈ, ਬਿਜਲੀ ਦੀ ਸਿੱਧੀ ਕੁੰਡੀ ਤੇ ਓਵਰਲੋਡ ਦੇ 45 ਮਾਮਲੇ ਕੀਤੇ ਬੇਨਕਾਬ
Wednesday, Aug 21, 2024 - 03:24 AM (IST)
ਲੁਧਿਆਣਾ (ਖੁਰਾਣਾ) : ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਪੰਜਾਬ ਸਰਕਾਰ ਪਾਵਰਕਾਮ ਕਾਰਪੋਰੇਸ਼ਨ ਦੇ ਡਾਇਰੈਕਟਰ ਡੀ.ਪੀ.ਐੱਸ. ਗਰੇਵਾਲ ਦੇ ਨਿਰਦੇਸ਼ਾਂ ’ਤੇ ਪਾਵਰਕਾਮ ਇਨਫੋਰਸਮੈਂਟ ਵਿਭਾਗ ਦੇ ਐੱਸ.ਆਈ. ਬਲਜਿੰਦਰ ਸਿੰਘ ਸਿੱਧੂ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਵੱਲੋਂ ਭਾਰੀ ਪੁਲਸ ਫੋਰਸ ਨਾਲ ਦੁੱਗਰੀ ਇਲਾਕੇ ਦੀ ਸੀ.ਆਰ.ਪੀ.ਐੱਫ. ਕਾਲੋਨੀ, ਧੱਕਾ ਕਾਲੋਨੀ ਸਮੇਤ ਹੋਰ ਸ਼ੱਕੀ ਇਲਾਕਿਆਂ ’ਚ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਵੱਡੀ ਮੁਹਿੰਮ ਛੇੜੀ ਗਈ।
ਬਿਜਲੀ ਚੋਰਾਂ ਖਿਲਾਫ ਚਲਾਏ ਗਏ ਆਪਰੇਸ਼ਨ ’ਚ ਪਾਵਰਕਾਮ ਇਨਫੋਰਸਮੈਂਟ ਵਿੰਗ ਦੇ ਚੀਫ ਇੰਜੀਨੀਅਰ ਸੰਦੀਪ ਗਰਗ ਵੱਲੋਂ ਖੁਦ ਮੌਕੇ ’ਤੇ ਮੌਜੂਦ ਰਹਿ ਕੇ ਕਮਾਨ ਸੰਭਾਲੀ ਗਈ ਤਾਂ ਕਿ ਵਿਭਾਗੀ ਕਾਰਵਾਈ ਦੌਰਾਨ ਸੰਭਾਵਿਤ ਬੇਕਾਬੂ ਹੋਣ ਵਾਲੇ ਹਾਲਾਤ ’ਤੇ ਸਮਾਂ ਰਹਿੰਦੇ ਕਾਬੂ ਪਾਇਆ ਜਾ ਸਕੇ।
ਇਹ ਵੀ ਪੜ੍ਹੋ : 'ਗਲੋਬਲ ਫਾਈਨਾਂਸ' ਮੈਗਜ਼ੀਨ ਦੀ ਦਰਜਾਬੰਦੀ 'ਚ ਛਾਏ ਸ਼ਕਤੀਕਾਂਤ ਦਾਸ, ਦੂਜੇ ਸਾਲ ਬਣੇ ਚੋਟੀ ਦੇ ਕੇਂਦਰੀ ਬੈਂਕਰ
ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਪਾਵਰਕਾਮ ਇਨਫੋਰਸਮੈਂਟ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਅਗਵਾਈ ’ਚ ਵਿਭਾਗ ਦੇ 100 ਦੇ ਕਰੀਬ ਮੁਲਾਜ਼ਮ, ਜਿਨ੍ਹਾਂ ’ਚ ਪਟਿਆਲਾ ਸਮੇਤ ਹੋਰ ਇਲਾਕਿਆਂ ਦੀ ਟੀਮਾਂ ਵੀ ਸ਼ਾਮਲ ਸਨ, ਸਵੇਰੇ ਕਰੀਬ 9 ਵਜੇ ਹੀ ਮੋਰਚਾ ਸੰਭਾਲਦੇ ਹੋਏ ਦੁੱਗਰੀ ਪੁਲਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਥਾਣਾ ਦੁੱਗਰੀ ਦੀ ਪੁਲਸ ਫੋਰਸ ਅਤੇ ਵੱਡੀ ਗਿਣਤੀ ’ਚ ਹੋਮਗਾਰਡ ਦੇ ਜਵਾਨਾਂ ਵੱਲੋਂ ਸਵੇਰੇ-ਸਵੇਰੇ ਬਿਜਲੀ ਚੋਰਾਂ ਖਿਲਾਫ ਬੋਲੇ ਗਏ ਧਾਅਵਿਆਂ ਨਾਲ ਲੋਕਾਂ ’ਚ ਹਫੜਾ-ਦਫੜੀ ਮੱਚ ਗਈ ਅਤੇ ਕਾਲੋਨੀ ’ਚ ਰਹਿਣ ਵਾਲੇ ਲਗਭਗ ਸਾਰੇ ਪਰਿਵਾਰ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਮੌਕੇ ਤੋਂ ਭੱਜ ਖੜ੍ਹੇ ਹੋਏ।
ਚੀਫ ਇੰਜੀਨੀਅਰ ਇਨਫੋਰਸਮੈਂਟ ਵਿੰਗ ਇੰਦਰਪਾਲ ਸਿੰਘ ਅਤੇ ਪਾਵਰਕਾਮ ਵਿਭਾਗ ਲੁਧਿਆਣਾ ਸੈਂਟਰਲ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਦੁੱਗਰੀ ਸਥਿਤ ਸੀ.ਆਰ.ਪੀ.ਐੱਫ. ਕਾਲੋਨੀ ’ਚ 300 ਦੇ ਕਰੀਬ ਥਾਵਾਂ ’ਤੇ ਚੈਕਿੰਗ ਕੀਤੀ ਗਈ, ਜਿਸ ’ਚ ਬਿਜਲੀ ਦੀ ਚੋਰੀ ਅਤੇ ਦੁਰਵਰਤੋਂ ਕਰਨ ਦੇ ਕੁੱਲ 45 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ 37 ਥਾਵਾਂ ’ਤੇ ਬਿਜਲੀ ਨੂੰ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਅਤੇ 8 ਹੋਰ ਮਾਮਲਿਆਂ ’ਚ ਮੁਲਜ਼ਮਾਂ ਵੱਲੋਂ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਸਮੇਤ ਬਿਜਲੀ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ, ਜਿਸ ’ਚ ਕਰੀਬ ਮੁਲਜ਼ਮਾਂ ਕੋਲੋਂ 8.82 ਲੱਖ ਦੇ ਭਾਰੀ ਜੁਰਮਾਨੇ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ।
ਕਾਬਿਲੇਗੌਰ ਹੈ ਕਿ ਬੀਤੀ 12 ਅਗਸਤ ਨੂੰ ਵੀ ਪਾਵਰਕਾਮ ਅਤੇ ਇਨਫੋਰਸਮੈਂਟ ਵਿੰਗ ਦੇ ਅਧਿਕਾਰੀਆਂ ਵੱਲੋਂ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਤ ਸਾਰੀਆਂ ਡਵੀਜ਼ਨਾਂ ’ਚ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ 4036 ਥਾਵਾਂ ’ਤੇ ਛਾਪੇਮਾਰੀ ਕਰ ਕੇ ਸਬੰਧਤ ਮੁਲਜ਼ਮਾਂ ਨੂੰ 1 ਕਰੋੜ ਦੇ ਕਰੀਬ ਦਾ ਭਾਰੀ ਜੁਰਮਾਨਾ ਲਗਾਇਆ ਗਿਆ ਸੀ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਭਵਿੱਖ ਦੇ ਦਿਨਾਂ ’ਚ ਵੀ ਮੁਹਿੰਮ ਜਾਰੀ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8