ਸ਼ਰਾਬ ਫੈਕਟਰੀ ਖ਼ਿਲਾਫ਼ ਲੱਗੇ ਧਰਨੇ ਤੋਂ ਆ ਸਕਦੀ ਹੈ ਵੱਡੀ ਖ਼ਬਰ, ਮੋਰਚੇ ਦੇ ਆਗੂਆਂ ਦੀ CM ਨਾਲ ਹੋਵੇਗੀ ਮੁਲਾਕਾਤ
Friday, Dec 16, 2022 - 03:06 PM (IST)
ਜ਼ੀਰਾ (ਦਵਿੰਦਰ ਸਿੰਘ ਅਕਾਲੀਆਂ ਵਾਲਾ) : ਜ਼ਹਿਰੀਲੀ ਹੋ ਰਹੀ ਧਰਤੀ, ਪੌਣ ਅਤੇ ਪਾਣੀ ਦੇ ਮਾਮਲੇ ਨੂੰ ਲੈ ਕੇ ਮਾਲਬਰੋਜ਼ ਸ਼ਰਾਬ ਫੈਕਟਰੀ ਪਿੰਡ ਮਨਸੂਰਵਾਲ ਕਲਾਂ ’ਚ ਕਈ ਮਹੀਨਿਆਂ ਤੋਂ ਸਾਂਝੇ ਮੋਰਚੇ ਵੱਲੋਂ ਇਲਾਕੇ ਭਰ ਦੀਆਂ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੇ ਮੋਰਚੇ ਨੂੰ ਚਕਾਉਣ ਦੇ ਲਈ ਪ੍ਰਸ਼ਾਸਨ ਪੱਬਾਂ ਭਾਰ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਲਾਕੇ ਦੇ ਲੋਕ ਧਰਤੀ ਹੇਠਲੇ ਪਾਣੀ ਦੇ ਜ਼ਹਿਰੀਲੇ ਅਤੇ ਖ਼ਤਮ ਹੋਣ ਤੋਂ ਇਲਾਵਾ ਅਤੇ ਹਵਾ ਤੇ ਧਰਤੀ ਦੇ ਜ਼ਹਿਰੀਲੇਪਣ ਦੇ ਮੁੱਦੇ ਨੂੰ ਲੈ ਕੇ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਦੇ ਲਈ ਡਟੇ ਹੋਏ ਹਨ।
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਹੁਕਮਾਂ ਮੁਤਾਬਕ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਮੇਨ ਗੇਟ ਤੋਂ 300 ਮੀਟਰ ਦੀ ਦੂਰੀ ’ਤੇ ਧਰਨਾਕਾਰੀ ਧਰਨਾ ਲਗਾ ਸਕਦੇ ਹਨ ਅਤੇ ਉਹ ਫੈਕਟਰੀ ਅੰਦਰ ਆਉਣ ਜਾਣ ਵਾਲੇ ਮੁਲਾਜ਼ਮਾਂ ਜਾਂ ਹੋਰ ਆਵਾਜਾਈ ਨੂੰ ਨਹੀਂ ਰੋਕਣਗੇ। ਉਨ੍ਹਾਂ ਦੱਸਿਆ ਕਿ ਫੈਕਟਰੀ ਬੰਦ ਦੇ ਬਦਲੇ ਪੰਜਾਬ ਸਰਕਾਰ 20 ਕਰੋੜ ਰੁਪਏ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ 'ਤੇ ਜਮ੍ਹਾਂ ਕਰਵਾ ਚੁੱਕੀ ਹੈ। ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਦੇ ਵਿਚ 20 ਦਸੰਬਰ ਨੂੰ ਤਰੀਕ ਰੱਖੀ ਗਈ ਹੈ।
ਪ੍ਰਸਾਸ਼ਨ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹੋ ਚੁੱਕਾ ਹੈ। ਫੈਕਟਰੀ ਦੇ ਆਸ ਪਾਸ ਦੇ ਪਿੰਡਾਂ ’ਚ ਪੁਲਸ ਤਾਇਨਾਤ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮੋਰਚੇ ਦੇ ਆਗੂ ਬਲਦੇਵ ਸਿੰਘ ਜ਼ੀਰਾ, ਸੰਦੀਪ ਸਿੰਘ ਢਿੱਲੋਂ , ਗੁਰਮੇਲ ਸਿੰਘ ਸਰਪੰਚ ਮਨਸੂਰਵਾਲ, ਹਰਪ੍ਰੀਤ ਸਿੰਘ ਲੌਂਗੋਦੇਵਾ, ਫ਼ਤਹਿ ਸਿੰਘ ਢਿੱਲੋਂ, ਰੋਬਿਨ ਬਰਾੜ, ਸੁਖਦੇਵ ਸਿੰਘ ਕੋਕਰੀ ਸੂਬਾ ਜਰਨਲ ਸਕੱਤਰ, ਬਲਰਾਜ ਸਿੰਘ ਫੇਰੋਕੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਕਰਨ ਦੇ ਲਈ ਰਵਾਨਾ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਸ ਮੁਖੀ ਮੈਡਮ ਰਵਿੰਦਰ ਕੌਰ ਨੇ ਕੱਲ੍ਹ ਇਨ੍ਹਾਂ ਦੇ ਨਾਲ ਮੀਟਿੰਗ ਕੀਤੀ ਸੀ ਕਿ ਤੁਹਾਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਈ ਜਾਵੇਗੀ ਪਰ ਉਨ੍ਹਾਂ ਕੁਝ ਸ਼ਰਤਾਂ ਰੱਖੀਆਂ ਸਨ, ਜਿਸਨੂੰ ਲੈ ਕੇ ਮੋਰਚੇ ਦੇ ਆਗੂਆਂ ਨੇ ਮਨ੍ਹਾ ਕਰ ਦਿੱਤਾ ਸੀ ਪਰ ਅੱਜ ਬਿਨਾਂ ਸ਼ਰਤ ਮੁੱਖ ਮੰਤਰੀ ਨਾਲ ਮੀਟਿੰਗ ਹੋ ਰਹੀ ਹੈ। ਇਸ ਸਬੰਧੀ ਗੁਰਮੇਲ ਸਿੰਘ ਮਨਸੂਰਵਾਲ ਅਤੇ ਸੰਦੀਪ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸਾਡਾ ਇੱਕੋ ਇੱਕ ਮਕਸਦ ਫੈਕਟਰੀ ਨੂੰ ਬੰਦ ਕਰਵਾਉਣਾ ਹੈ।