ਪੰਜਾਬ: 10 ਬਦਮਾਸ਼ਾਂ ਨੇ ਘੇਰ ਕੇ ਵੱਢ''ਤਾ ਮੁੰਡਾ! ਦਿੱਤੀ ਰੂਹ ਕੰਬਾਊ ਮੌਤ
Tuesday, Jun 30, 2026 - 04:56 PM (IST)
ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ)- ਕਪੂਰਥਲਾ ਦੇ ਮੁਹੱਲਾ ਲਾਹੌਰੀ ਗੇਟ ਨੇੜੇ ਇਕ ਨੌਜਵਾਨ ਨੂੰ ਰਸਤੇ ’ਚ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 7 ਮੁਲਜ਼ਮਾਂ ਤੇ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਕਰਤਾਰਪੁਰ ਦੇ ਮੁਹੱਲਾ ਬਾਰਾਦਰੀ ਬਾਜ਼ਾਰ ਦੀ ਰਹਿਣ ਵਾਲੀ ਸਾਬਕਾ ਕੌਂਸਲਰ ਮੋਨਿਕਾ ਕਪੂਰ ਪਤਨੀ ਡਿੰਪਲ ਕਪੂਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 28 ਜੂਨ ਨੂੰ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੇ ਭਰਾ ਜਤਿੰਦਰ ਕੁਮਾਰ ਉਰਫ਼ ਜਿੰਦਰ ’ਤੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ, ਜੋ ਸਿਵਲ ਹਸਪਤਾਲ ਕਪੂਰਥਲਾ ’ਚ ਦਾਖ਼ਲ ਹੈ। ਜਦੋਂ ਉਹ ਆਪਣੇ ਪਤੀ ਨਾਲ ਹਸਪਤਾਲ ਪਹੁੰਚੀ ਤਾਂ ਉਥੇ ਮੌਜੂਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਤਿੰਦਰ ਦੀ ਮੌਤ ਹੋ ਚੁੱਕੀ ਹੈ।
ਸ਼ਿਕਾਇਤਕਰਤਾ ਅਨੁਸਾਰ ਵਾਰਦਾਤ ਵਾਲੇ ਦਿਨ ਜਤਿੰਦਰ ਕੁਮਾਰ ਆਪਣੇ ਦੋਸਤ ਪੰਕਜ ਉਰਫ਼ ਪੰਕੂ ਨਾਲ ਮੁਹੱਲਾ ਲਾਹੌਰੀ ਗੇਟ ’ਚ ਕਿਰਾਏ ’ਤੇ ਲਏ ਮਕਾਨ ਨੂੰ ਖ਼ਾਲੀ ਕਰਨ ਦਾ ਕਹਿ ਕੇ ਸਕੂਟਰ ’ਤੇ ਵਾਪਸ ਆ ਰਿਹਾ ਸੀ। ਦੁਪਹਿਰ 3:30 ਵਜੇ ਦੇ ਕਰੀਬ ਜਦੋਂ ਉਹ ਲਾਹੌਰੀ ਗੇਟ ਨੇੜਲੇ ਗੁਰਦੁਆਰਾ ਸਾਹਿਬ ਕੋਲ ਪਹੁੰਚੇ ਤਾਂ ਉੱਥੇ ਨਿਖਿਲ ਸ਼ਰਮਾ ਉਰਫ਼ ਬੋਵਾ, ਸੌਰਵ ਕੁਮਾਰ ਉਰਫ਼ ਮਾਸੀ, ਨਿਖਿਲ ਉਰਫ਼ ਲਾਲੂ (ਸਾਰੇ ਵਾਸੀ ਲਾਹੌਰੀ ਗੇਟ) ਅਤੇ ਸਾਹਿਲ ਵਾਸੀ ਮਹਿਤਾਬਗੜ੍ਹ ਨੇ ਆਪਣੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਸਕੂਟਰ ਦੀ ਚਾਬੀ ਕੱਢ ਲਈ।
ਜਤਿੰਦਰ ਆਪਣੀ ਜਾਨ ਬਚਾਉਣ ਲਈ ਬਾਬਾ ਤੇਲੂ ਜੀ ਦੀ ਕੁਟੀਆ ਵੱਲ ਭੱਜਿਆ ਪਰ ਮੁਲਜ਼ਮਾਂ ਨੇ ਉਸ ਦਾ ਪਿੱਛਾ ਕਰਕੇ ਇਕ ਕਲੀਨਿਕ ਨੇੜੇ ਘੇਰ ਲਿਆ। ਹਮਲੇ ਦੌਰਾਨ ਸੌਰਵ ਕੁਮਾਰ ਨੇ ਜਤਿੰਦਰ ਦੇ ਸਿਰ ਦੇ ਪਿੱਛੇ ਦਾਤਰ ਮਾਰਿਆ, ਜਿਸ ਨਾਲ ਉਹ ਡਿੱਗ ਪਿਆ। ਇਸ ਤੋਂ ਬਾਅਦ ਨਿਖਿਲ ਸ਼ਰਮਾ ਨੇ ਲੱਤ ’ਤੇ ਖੰਡੇ ਨਾਲ, ਨਿਖਿਲ ਉਰਫ਼ ਲਾਲੂ ਨੇ ਖੱਬੀ ਬਾਂਹ ’ਤੇ ਅਤੇ ਸਾਹਿਲ ਸਣੇ 2-3 ਅਣਪਛਾਤੇ ਮੁਲਜ਼ਮਾਂ ਨੇ ਜਤਿੰਦਰ ’ਤੇ ਦਾਤਰਾਂ ਨਾਲ ਕਈ ਵਾਰ ਕੀਤੇ। ਮੌਕੇ ’ਤੇ ਮੌਜੂਦ ਚਾਚੇ ਦੇ ਲੜਕੇ ਪੁਨੀਤ ਸਹਿਗਲ ਨੇ ਜਤਿੰਦਰ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਕਤਲ ਦੀ ਵਜ੍ਹਾ ਦੱਸਦਿਆਂ ਮੋਨਿਕਾ ਕਪੂਰ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਹਰਸ਼ ਕੁਮਾਰ ਨੇ ਨਿਖਿਲ ਸ਼ਰਮਾ ਬੋਵਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਇਕ ਮਾਮਲਾ ਦਰਜ ਕਰਵਾਇਆ ਸੀ, ਜਿਸ ਦੀ ਪੈਰਵਾਈ ਜਤਿੰਦਰ ਕਰਦਾ ਸੀ। ਇਹ ਕਤਲ ਹਰਸਿਮਰਨਜੀਤ ਸਿੰਘ ਉਰਫ਼ ਪ੍ਰਿੰਸ ਬਾਬਾ, ਚਾਹਤ ਸੂਦ ਉਰਫ਼ ਗੋਪੀ ਅਤੇ ਰਾਜੁਕ ਸ਼ਰਮਾ ਦੀ ਸ਼ਹਿ ’ਤੇ ਕੀਤਾ ਗਿਆ ਹੈ, ਜੋ ਜਤਿੰਦਰ ਨੂੰ ਅਕਸਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ।
ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਨਿਖਿਲ ਸ਼ਰਮਾ ਬੋਵਾ, ਸੌਰਵ ਕੁਮਾਰ ਮਾਸੀ, ਨਿਖਿਲ ਲਾਲੂ, ਸਾਹਿਲ, ਹਰਸਿਮਰਨਜੀਤ ਸਿੰਘ ਪ੍ਰਿੰਸ ਬਾਬਾ, ਚਾਹਤ ਸੂਦ ਗੋਪੀ, ਰਾਜੁਕ ਸ਼ਰਮਾ ਅਤੇ 2-3 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
