ਧਰਮਸੌਤ ਖ਼ਿਲਾਫ਼ ਵਿਜੀਲੈਂਸ ਨੂੰ ਮਿਲੇ ਅਹਿਮ ਸੁਰਾਗ, ''ਸਿੰਗਲਾ'' ਵੀ ਰਾਡਾਰ ''ਤੇ
Friday, Jun 10, 2022 - 07:51 PM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਵਿਜੀਲੈਂਸ ਬਿਊਰੋ ਸਾਬਕਾ ਵਣ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਗਿਆਤ ਸਰੋਤਾਂ ਤੋਂ ਆਮਦਨ ਅਤੇ ਖੁੱਲ੍ਹੇ ਖ਼ਰਚੇ ਵਿਚਕਾਰ ਮੇਲ ਬਿਠਾਉਣ ਵਿਚ ਲੱਗੀ ਹੋਈ ਹੈ। ਪਤਾ ਚੱਲਿਆ ਹੈ ਕਿ ਧਰਮਸੌਤ ਵਲੋਂ ਕਾਫ਼ੀ ਵੱਡੀ ਰਾਸ਼ੀ ਆਪਣੇ ਅਤੇ ਕਥਿਤ ਓ. ਐੱਸ. ਡੀ. ਚਮਕੌਰ ਸਿੰਘ ਅਤੇ ਖੰਨਾ ਦੇ ਰਹਿਣ ਵਾਲੇ ਵਿਅਕਤੀ ਦੇ ਜ਼ਰੀਏ ਖ਼ਰਚ ਕੀਤੀ ਜਾਂਦੀ ਰਹੀ ਹੈ। ਇਸ ਵਿਚੋਂ ਕੁਝ ਅਜਿਹੇ ਖ਼ਰਚਿਆਂ ਦਾ ਹਿਸਾਬ ਵਿਜੀਲੈਂਸ ਦੇ ਹੱਥ ਲੱਗ ਗਿਆ ਹੈ, ਜਿਸਦਾ ਸਬੰਧ ਚੋਣਾਂ ਦੌਰਾਨ ਖ਼ਰੀਦੀ ਗਈ ਸ਼ਰਾਬ ਅਤੇ ਹੋਰ ਸਮੱਗਰੀ ਨਾਲ ਜੁੜਿਆ ਹੋਇਆ ਹੈ। ਵਿਜੀਲੈਂਸ ਵਲੋਂ ਹੁਣ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਧਰਮਸੌਤ ਵਲੋਂ ਉਕਤ ਖ਼ਰਚੇ ਦਾ ਬਿਓਰਾ ਚੋਣ ਕਮਿਸ਼ਨ ਨੂੰ ਸੌਂਪਿਆ ਗਿਆ ਸੀ ਜਾਂ ਨਹੀਂ।
ਇਹ ਵੀ ਪੜ੍ਹੋ- ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ: ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ ਲਾਰੇਂਸ ਬਿਸ਼ਨੋਈ
ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੂੰ ਧਰਮਸੌਤ ਦੀ ਮੋਹਾਲੀ, ਰੋਪੜ, ਖੰਨਾ, ਨਾਭੇ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਵੀ ਜਾਇਦਾਦ ਨਿਵੇਸ਼ ਦੀ ਸੂਚਨਾ ਮਿਲੀ ਹੈ, ਜਿਸ ਨੂੰ ਪੁਖ਼ਤਾ ਕਰਨ ਲਈ ਸਬੰਧਿਤ ਵਿਭਾਗਾਂ ਤੋਂ ਜਾਣਕਾਰੀ ਮੰਗੀ ਜਾ ਰਹੀ ਹੈ।ਉਧਰ, ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਧਰਮਸੌਤ ਦੇ ਓ. ਐੱਸ. ਡੀ. ਰਹੇ ਚਮਕੌਰ ਸਿੰਘ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਤਾ ਚੱਲਿਆ ਹੈ ਕਿ ਚਮਕੌਰ ਸਿੰਘ ਵਲੋਂ ਪਟਿਆਲਾ ਦੀ ਇੱਕ ਰੱਈਸ ਕਾਲੋਨੀ ਵਿਚ ਆਪਣੀ ਸੇਵਾਮੁਕਤੀ ਨਾਲ ਕੁਝ ਹੀ ਸਮਾਂ ਪਹਿਲਾਂ ਆਪਣੀ ਪਤਨੀ ਦੇ ਨਾਂ ’ਤੇ 250 ਵਰਗ ਗਜ ਦਾ ਪਲਾਟ ਖ਼ਰੀਦਿਆ ਗਿਆ ਸੀ ਪਰ ਇਸਦੀ ਜਾਣਕਾਰੀ ਵਿਭਾਗ ਨੂੰ ਨਹੀਂ ਦਿੱਤੀ ਗਈ ਸੀ। ਇਸ ਕਾਰਨ ਵਿਜੀਲੈਂਸ ਇਸ ਜਾਇਦਾਦ ਖ਼ਰੀਦ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹੋਏ ਇਸਦੀ ਜਾਂਚ ਵਿਚ ਜੁਟ ਗਈ ਹੈ।
ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ
ਉੱਥੇ ਹੀ, ਪਟਿਆਲਾ ਦਾ ਹੀ ਰਹਿਣ ਵਾਲਾ ਇਕ ਵਪਾਰੀ ਸਿੰਗਲਾ ਵੀ ਵਿਜੀਲੈਂਸ ਦੇ ਰਾਡਾਰ ’ਤੇ ਹੈ। ਵਿਜੀਲੈਂਸ ਬਿਊਰੋ ਉਕਤ ਵਿਅਕਤੀ ਨੂੰ ਵੀ ਪੁੱਛਗਿਛ ਲਈ ਬੁਲਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਉਸਦੇ ਵਾਇਸ ਸੈਂਪਲ ਲੈ ਕੇ ਵਾਇਰਲ ਹੋਈ ਆਡੀਓ ਨਾਲ ਮਿਲਾਨ ਕੀਤਾ ਜਾ ਸਕੇ। ਧਿਆਨ ਰਹੇ ਕਿ ਉਕਤ ਵਾਇਰਲ ਆਡੀਓ ਵਿਚ ਜੰਗਲਾਤ ਵਿਭਾਗ ਦੇ ਮੁਲਾਜ਼ਮ ਨੂੰ ਧਮਕਾਉਣ ਵਾਲਾ ਵਿਅਕਤੀ ਖ਼ੁਦ ਇਹ ਗੱਲ ਕਹਿ ਰਿਹਾ ਹੈ ਕਿ ਉਹ ਸਾਬਕਾ ਮੰਤਰੀ ਅਤੇ ਓ. ਐੱਸ. ਡੀ. ਦੀ ਨੇਕ ਕਮਾਈ ਦਾ ਨਿਵੇਸ਼ ਕਰਦਾ ਹੈ। ਇਸ ਲਈ ਵਿਜੀਲੈਂਸ ਬਿਊਰੋ ਇਸ ਵਿਅਕਤੀ ਨੂੰ ਅਹਿਮ ਕੜੀ ਮੰਨ ਕੇ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਉਸ ਤੋਂ ਪੁੱਛਗਿਛ ਹੋਣ ’ਤੇ ਕਈ ਖ਼ੁਲਾਸੇ ਹੋਣਗੇ।
ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ