ਅਕਾਲੀ ਦਲ 'ਚ ਬਾਗ਼ੀ ਸੁਰਾਂ ਨੇ ਫੜਿਆ ਜ਼ੋਰ, 'ਸ਼੍ਰੋਮਣੀ ਅਕਾਲੀ ਦਲ ਬਚਾਓ' ਲਹਿਰ ਦਾ ਕੀਤਾ ਜਾਵੇਗਾ ਆਗਾਜ਼

Wednesday, Jun 26, 2024 - 02:08 AM (IST)

ਜਲੰਧਰ (ਮ੍ਰਿਦੁਲ)– ਸ਼੍ਰੋਮਣੀ ਅਕਾਲੀ ਦਲ 'ਚ ਬੀਤੇ ਕਈ ਦਿਨਾਂ ਤੋਂ ਬਗਾਵਤ ਦੇ ਸੁਰ ਛਿੜਨ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਸਨ। ਹੁਣ ਸ਼੍ਰੋਮਣੀ ਅਕਾਲੀ ਦਲ ’ਚ ਉਸ ਵੇਲੇ ਬਾਗੀ ਸੁਰਾਂ ਨੇ ਉਸ ਵੇਲੇ ਜ਼ੋਰ ਫੜ ਲਿਆ, ਜਦੋਂ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਅਸਿੱਧੇ ਤੌਰ ’ਤੇ ਅਸਤੀਫਾ ਮੰਗ ਲਿਆ ਅਤੇ ‘ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ’ ਦਾ ਆਗਾਜ਼ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਅਰਦਾਸ ਕਰਨ ਉਪਰੰਤ ਕਰਨ ਦਾ ਐਲਾਨ ਕੀਤਾ। ਇਹ ਜਾਣਕਾਰੀ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ ਤੇ ਹੋਰਨਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਜਾਣਕਾਰੀ ਅਨੁਸਾਰ ਜਲੰਧਰ ’ਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਇਕ ਉੱਚ ਪੱਧਰੀ ਮੀਟਿੰਗ ਹੋਈ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਦੀ ਆਏ ਦਿਨ ਹੋ ਰਹੀ ਮਾੜੀ ਹਾਲਤ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ’ਚ ਇਨ੍ਹਾਂ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾਉਣ ਲਈ ਕਿਹਾ ਅਤੇ ਕਿਸੇ ਨਿਰਪੱਖ ਰਾਜਨੀਤਕ ਤੇ ਧਾਰਮਿਕ ਸੁਮੇਲ ਵਾਲੀ ਸ਼ਖਸੀਅਤ ਨੂੰ ਅਗਵਾਈ ਕਰਨ ਲਈ ਅਪੀਲ ਕੀਤੀ ਗਈ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਜਾਵੇਗਾ ਲਿਖਤੀ ਖਿਮਾ ਜਾਚਨਾ ਪੱਤਰ
ਪ੍ਰੋ. ਚੰਦੂਮਾਜਰਾ ਤੇ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਰਸ਼ ਤੋਂ ਫਰਸ਼ ’ਤੇ ਆਉਣ ਲਈ ਪਿਛਲੇ ਸਮੇਂ ’ਚ ਸਰਕਾਰ ਵੇਲੇ ਤੇ ਪਾਰਟੀ ’ਚ ਹੋਈਆਂ ਕੁਤਾਹੀਆਂ ਲਈ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਲਿਖ਼ਤੀ ਖਿਮਾ ਜਾਚਨਾ ਪੱਤਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- SC 'ਚ ਸੁਣਵਾਈ ਤੋਂ ਪਹਿਲਾਂ ਕੇਜਰੀਵਾਲ ਨੂੰ ਵੱਡਾ ਝਟਕਾ, ED ਤੋਂ ਬਾਅਦ ਹੁਣ CBI ਨੇ ਕੀਤਾ ਗ੍ਰਿਫ਼ਤਾਰ

ਇਸ ਦੌਰਾਨ ਇਕ ਮਤਾ ਪਾਸ ਕਰਦਿਆਂ ਅੱਜ ਦੇ ਦਿਨ ਜੋ ਦੇਸ਼ ਵਿਚ ਸਮੇਂ ਦੀ ਹਕੂਮਤ ਵੱਲੋਂ ਐਮਰਜੈਂਸੀ ਲਗਾਈ ਗਈ ਸੀ, ਦੀ ਸਰਬਸੰਮਤੀ ਨਾਲ ਨਿੰਦਾ ਕੀਤੀ ਗਈ। ਇਹ ਮਤਾ ਵੀ ਪਾਸ ਕੀਤਾ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਰਿਹਾਈ ਦੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਜਾਵੇਗੀ।

ਇਕ ਮਤੇ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਾ ਕਰਨ ਦੀ ਨਿੰਦਾ ਕੀਤੀ ਗਈ ਅਤੇ ਉਨ੍ਹਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ। ਮਤੇ ’ਚ ਕਿਹਾ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਜਾਵੇਗਾ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਤੇ ਮੌਜੂਦਾ ਜਲ ਸੰਕਟ ਦੇ ਹੱਲ ਲਈ ਯਤਨ ਕੀਤੇ ਜਾਣਗੇ, ਪੰਜਾਬ ਦੀ ਆਰਥਿਕ ਮੰਦੀ, ਜੋ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਹੈ, ਬਾਰੇ ਵਿਚਾਰ-ਵਟਾਂਦਰਾ ਕਰਕੇ ਆਪਣਾ ਬਣਦਾ ਯੋਗਦਾਨ ਪਾਇਆ ਜਾਵੇਗਾ।

ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ 'ਚ 30 ਸਾਲ ਬਾਅਦ ਲਿਬਰਲਜ਼ ਦੀ ਹੋਈ ਵੱਡੀ ਹਾਰ, ਖ਼ਤਰੇ 'ਚ ਪਈ ਟਰੂਡੋ ਦੀ ਲੀਡਰਸ਼ਿਪ

ਇਸ ਮੌਕੇ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਵਧ ਰਹੀ ਅਰਾਜਕਤਾ ਦੇ ਮਾਹੌਲ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ’ਚ ਬੀਬੀ ਕਿਰਨਜੀਤ ਕੌਰ, ਭਾਈ ਮਨਜੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਗਗਨਜੀਤ ਸਿੰਘ ਬਰਨਾਲਾ, ਹਰਿੰਦਰਪਾਲ ਸਿੰਘ ਟੌਹੜਾ, ਬੀਬੀ ਹਰਜੀਤ ਕੌਰ ਤਲਵੰਡੀ, ਪਰਮਿੰਦਰ ਸਿੰਘ ਢੀਂਡਸਾ, ਪਰਵਿੰਦਰ ਪਾਲ ਸਿੰਘ ਰਿਟਾਇਰ ਪੀ.ਸੀ.ਐੱਸ. ਸਮੇਤ ਵੱਖ-ਵੱਖ ਸਖਸ਼ੀਅਤਾਂ ਸ਼ਾਮਲ ਹੋਈਆਂ।

ਇਨ੍ਹਾਂ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ ਸਾਰੇ ਕੋਰ ਕਮੇਟੀ ਮੈਂਬਰ, ਸੰਤਾ ਸਿੰਘ ਉਮੈਦਪੁਰੀ, ਭਾਈ ਮਨਜੀਤ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਗਗਨਜੀਤ ਸਿੰਘ ਬਰਨਾਲਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਹਲਕਾ ਇੰਚਾਰਜ ਤੇ ਸਾਰੇ ਸੀਨੀਅਰ ਮੀਤ ਪ੍ਰਧਾਨ , ਸੁੱਚਾ ਸਿੰਘ ਛੋਟੇਪੁਰ ਮੈਂਬਰ ਸਲਾਹਕਾਰ ਬੋਰਡ, ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਹਲਕਾ ਇੰਚਾਰਜ, ਸਰਵਨ ਸਿੰਘ ਫਿਲੌਰ ਸਾਬਕਾ ਮੰਤਰੀ, ਜਸਟਿਸ ਨਿਰਮਲ ਸਿੰਘ, ਸੰਤ ਬਲਬੀਰ ਸਿੰਘ ਘੁੰਨਸ, ਸੁਖਵਿੰਦਰ ਸਿੰਘ ਔਲਖ, ਕਰਨੈਲ ਸਿੰਘ ਪੰਜੋਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਇੰਚਾਰਜ ਸਨੌਰ ਆਦਿ ਹਾਜ਼ਰ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News