ਵਿਦਿਆਰਥੀ ਖਿਡਾਰੀਆਂ ਦੇ ਹਿੱਤ ’ਚ ਪੰਜਾਬ ਸਰਕਾਰ ਦਾ ਵੱਡਾ ਫੈਸਲਾ
Saturday, Apr 01, 2023 - 06:38 PM (IST)
ਲੁਧਿਆਣਾ (ਵਿੱਕੀ) : ਸਕੂਲੀ ਵਿਦਿਆਰਥੀਆਂ ਦਾ ਖੇਡਾਂ ਪ੍ਰਤੀ ਰੁਝਾਨ ਵਧਾਉਣ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਸਕੂਲ ਸਟੇਟ ਖੇਡਾਂ ਦੇ ਤਗਮਾ ਜੇਤੂਆਂ ਨੂੰ ਇਸ ਵਾਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ’ਚ ਵਾਧੂ ਅੰਕ ਦੇਣ ਵੱਲ ਕਦਮ ਵਧਾਏ ਹਨ। ਇਸ ਬਾਰੇ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਪੋਰਟਸ ਕੋਆਰਡੀਨੇਟਰਾਂ ਨੂੰ ਪੱਤਰ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਵਿਭਾਗ ਦੇ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ 66ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਤਗਮਾ ਜੇਤੂਆਂ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਖਿਡਾਰੀਆਂ ਨੂੰ ਵਾਧੂ ਖੇਡ ਅੰਕ ਦਿੱਤੇ ਜਾਣੇ ਹਨ, ਜਿਸ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਟੇਟ ਖੇਡਾਂ ਦੇ ਤਮਗਾ ਜੇਤੂ ਵਿਦਿਆਰਥੀਆਂ ਦੀ ਆਨਲਾਈਨ ਐਂਟਰੀ ਕਰਨ ਲਈ ਸਪੋਰਟਸ ਮਾਰਕਸ ਐਂਟਰੀ ਪੋਰਟਲ ਬਣਾਇਆ ਗਿਆ ਹੈ, ਜਿਸ ਵਿਚ 66ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2022-23 ਦੇ ਜੇਤੂਆਂ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਪੋਰਟਸ ਕੋਆਰਡੀਨੇਟਰ ਵਲੋਂ ਭਾਰੀ ਜਾਣੀ ਹੈ।
ਇਹ ਵੀ ਪੜ੍ਹੋ : ਮੌਸਮ ਦੇ ਤੇਵਰ ਦੇਖ ਕੇ ਕਿਸਾਨਾਂ ਦੇ ਫੁੱਲੇ ਸਾਹ, ਅਰਦਾਸਾਂ ਲਈ ਉੱਠੇ ਹੱਥ
ਖੇਡ ਪਾਲਿਸੀ 2021 ਮੁਤਾਬਕ ਅੰਤਰ ਜ਼ਿਲ੍ਹਾ ਖੇਡ ਦੇ ਜੇਤੂ ਖਿਡਾਰੀਆਂ ਨੂੰ ਪਹਿਲਾ ਸਥਾਨ ਹਾਸਲ ਕਰਨ ’ਤੇ 15, ਦੂਜਾ ਸਥਾਨ ਪ੍ਰਾਪਤ ਕਰਨ ’ਤੇ 12 ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਨੂੰ 9 ਅੰਕ ਦਿੱਤੇ ਜਾਣਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਟੇਟ ਖੇਡਾਂ ਦਾ ਕੋਈ ਜੇਤੂ ਖਿਡਾਰੀ ਵਾਧੂ ਖੇਡ ਅੰਕ ਪ੍ਰਾਪਤ ਕਰਨ ਤੋਂ ਵਾਂਝਾ ਰਹਿੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ.) ਅਤੇ ਸਪੋਰਟਸ ਕੋਆਰਡੀਨੇਟਰ ਦੀ ਹੋਵੇਗੀ।
ਇਹ ਵੀ ਪੜ੍ਹੋ : ਅਹਿਮ ਬਦਲਾਅ : ਬਿਜਲੀ ਦਰਾਂ ਵਧਣਗੀਆਂ, 15 ਸਾਲ ਪੁਰਾਣੇ ਸਰਕਾਰੀ ਵਾਹਨ ਹੋਣਗੇ ਬੰਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ