ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਸੰਭਲਣ ਦਾ ਵੀ ਨਾ ਦਿੱਤਾ ਮੌਕਾ

Sunday, Sep 03, 2023 - 08:11 PM (IST)

ਜਲੰਧਰ (ਪੁਨੀਤ)–ਬਿਜਲੀ ਚੋਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪਾਵਰਕਾਮ ਦੇ ਐਨਫੋਰਸਮੈਂਟ ਵਿੰਗ ਵੱਲੋਂ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਕੀਤੀ ਗਈ ਛਾਪੇਮਾਰੀ ਤਹਿਤ 14 ਬਿਜਲੀ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਨੂੰ 10.10 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਇਨ੍ਹਾਂ ਵਿਚੋਂ ਕਈ ਅਜਿਹੇ ਕੇਸ ਫੜੇ ਗਏ, ਹਨ, ਜਿਨ੍ਹਾਂ ਵਿਚ ਸਿੱਧੀਆਂ ਤਾਰਾਂ ਪਾ ਕੇ ਬਿਜਲੀ ਚੋਰੀ ਕਰਕੇ ਵਿਭਾਗ ਨੂੰ ਚੂਨਾ ਲਾਇਆ ਜਾ ਰਿਹਾ ਸੀ। ਇਸ ਕਾਰਵਾਈ ਦੌਰਾਨ ਕਈ ਇਲਾਕਿਆਂ ਵਿਚ ਸਵੇਰੇ ਤੜਕੇ ਛਾਪੇਮਾਰੀ ਕਰਦੇ ਹੋਏ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ ਗਿਆ, ਜਿਸ ਨਾਲ ਵਿਭਾਗ ਨੂੰ ਚੋਰੀ ਦੇ ਕੇਸ ਫੜਨ ਵਿਚ ਸਫ਼ਲਤਾ ਮਿਲੀ।

ਇਸ ਲੜੀ ਵਿਚ ਐਨਫੋਰਸਮੈਂਟ ਵਿੰਗ ਵੱਲੋਂ ਸ਼ਹਿਰ ਦੇ ਅੰਦਰੂਨੀ ਭਗਤ ਸਿੰਘ ਚੌਂਕ ਨਜ਼ਦੀਕ ਪੈਂਦੇ ਪੰਜਪੀਰ ਕਾਲੋਨੀ, ਛੋਟੀ ਬਾਰਾਦਰੀ ਅਤੇ ਨਿਊ ਗੁਰੂ ਨਾਨਕ ਨਗਰ ਵਿਚ ਛਾਪੇਮਾਰੀ ਕਰਦੇ ਹੋਏ ਬਿਜਲੀ ਚੋਰੀ ਦੇ ਕਈ ਕੇਸ ਫੜੇ ਗਏ ਹਨ। ਛੋਟੀ ਬਾਰਾਦਰੀ ਵਿਚ ਕਮਰਸ਼ੀਅਲ ਕੁਨੈਕਸ਼ਨ ਚਲਾਉਣ ਲਈ ਮੀਟਰ ਤੋਂ ਪਹਿਲਾਂ ਸਿੱਧੀ ਤਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ 1.12 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰੂ ਨਾਨਕ ਨਗਰ ਵਿਚ ਛੱਤ ਦੇ ਨੇੜਿਓਂ ਲੰਘ ਰਹੀ ਤਾਰ ’ਤੇ ਕੁੰਡੀ ਪਾਉਣ ਦੇ ਮਾਮਲੇ ਵਿਚ 1.26 ਲੱਖ ਜੁਰਮਾਨਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਕਾਨਟਰੈਕਟ ਮੈਰਿਜ ਦੇ ਜਾਲ 'ਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ, ਖ਼ੁਦਕੁਸ਼ੀ ਤੱਕ ਪਹੁੰਚਾ ਰਹੀ ਵਿਦੇਸ਼ ਜਾਣ ਦੀ ਲਾਲਸਾ

ਇਸੇ ਤਰ੍ਹਾਂ ਨਕੋਦਰ ਡਿਵੀਜ਼ਨ ਅਧੀਨ ਸ਼ਾਹਕੋਟ ਦੇ ਪਿੰਡ ਬਜੂਹਾ ਖੁਰਦ ਵਿਚ ਛਾਪੇਮਾਰੀ ਕਰਦੇ ਹੋਏ ਇਕੱਠੇ ਬਿਜਲੀ ਚੋਰੀ ਦੇ 14 ਕੇਸ ਫੜੇ ਗਏ ਹਨ। ਇਥੇ ਘਰੇਲੂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾਣ ਦੇ ਬਾਵਜੂਦ ਖ਼ਪਤਕਾਰਾਂ ਵੱਲੋਂ ਸਿੱਧੀ ਕੁੰਡੀ ਪਾ ਕੇ ਬਿਜਲੀ ਚਲਾਈ ਜਾ ਰਹੀ ਸੀ। ਇਸ ’ਤੇ ਵਿਭਾਗ ਵੱਲੋਂ ਚੋਰੀ ਦੇ ਕੇਸ ਬਣਾਏ ਗਏ ਹਨ। ਇਥੇ ਇਕ ਖਪਤਕਾਰ ਵੱਲੋਂ ਆਟਾ ਚੱਕੀ ਚਲਾਉਣ ਲਈ ਸਰਕਿਟ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਫੜਿਆ ਗਿਆ ਹੈ, ਜਿਸ ’ਤੇ 1.08 ਲੱਖ ਜੁਰਮਾਨਾ ਠੋਕਿਆ ਗਿਆ ਹੈ।

ਵਿਭਾਗ ਵੱਲੋਂ ਦਿਹਾਤੀ ਇਲਾਕਿਆਂ ਵਿਚ ਚਲਾਈ ਗਈ ਮੁਹਿੰਮ ਤਹਿਤ ਕਪੂਰਥਲਾ ਦੇ ਕਈ ਪਿੰਡਾਂ ਵਿਚ ਛਾਪੇਮਾਰੀ ਕੀਤੀ ਗਈ, ਜਿਸ ਵਿਚ ਬਿਜਲੀ ਚੋਰੀ ਦੇ ਕਈ ਮਾਮਲੇ ਫੜੇ ਗਏ। ਇਸੇ ਤਰ੍ਹਾਂ ਨਕੋਦਰ ਅਧੀਨ ਇਕ ਪਿੰਡ ਵਿਚ ਗਲਤ ਢੰਗ ਨਾਲ ਟਿਊਬਵੈੱਲ ਕੁਨੈਕਸ਼ਨ ਚਲਾ ਰਹੇ ਵਿਅਕਤੀ ਨੂੰ 1.68 ਲੱਖ ਜੁਰਮਾਨਾ ਕੀਤਾ ਗਿਆ ਹੈ। ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਵਿਚ ਕੀਤੀ ਗਈ ਇਸ ਕਾਰਵਾਈ ਦੌਰਾਨ ਕਈ ਹੋਰ ਕੇਸ ਵੀ ਫੜੇ ਗਏ ਹਨ। ਸਾਰੇ ਕੇਸਾਂ ਨੂੰ ਮਿਲਾ ਕੇ ਕੁੱਲ 14 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਜੁਰਮਾਨੇ ਦੀ ਰਕਮ 10.10 ਲੱਖ ਬਣਦੀ ਹੈ। ਐਨਫੋਰਸਮੈਂਟ ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਸਾਹਮਣੇ ਆਏ ਕੇਸਾਂ ਵਿਚ ਵਰਤੇ ਗਏ ਉਪਕਰਨ ਅਤੇ ਬਿਜਲੀ ਦੀਆਂ ਤਾਰਾਂ ਜ਼ਬਤ ਕਰ ਲਈਆਂ ਗਈਆਂ ਹਨ। ਪੂਰੀ ਕਾਰਵਾਈ ਦੌਰਾਨ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ।

ਇਹ ਵੀ ਪੜ੍ਹੋ- ਕਰਮਾਂ ਦੀ ਖੇਡ! ਚਾਹੁੰਦਿਆਂ ਵੀ ਦੁਬਈ ਤੋਂ ਪਰਤ ਨਾ ਸਕਿਆ ਨੌਜਵਾਨ, ਹੁਣ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ

ਐਂਟੀ ਥੈਫਟ ਥਾਣੇ ਵਿਚ ਐੱਫ. ਆਈ. ਆਰ. ਦੀ ਸਿਫ਼ਾਰਿਸ਼
ਬਿਜਲੀ ਚੋਰੀ ਦੇ ਕੇਸਾਂ ਨੂੰ ਲੈ ਕੇ ਸਾਹਮਣੇ ਆਏ ਮਾਮਲਿਆਂ ਵਿਚ ਮੁਲਜ਼ਮ ਬਿਜਲੀ ਖਪਤਕਾਰਾਂ ਖ਼ਿਲਾਫ਼ ਪਾਵਰਕਾਮ ਦੇ ਐਂਟੀ ਥੈਫਟ ਥਾਣੇ ਵਿਚ ਬਿਜਲੀ ਚੋਰੀ ਸਬੰਧੀ ਸ਼ਿਕਾਇਤ ਭੇਜਦੇ ਹੋਏ ਐੱਫ਼. ਆਈ. ਆਰ. ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਕਾਰਵਾਈ ਦੀ ਸੂਚਨਾ ਮਿਲਣ ’ਤੇ ਕਈ ਲੋਕਾਂ ਵੱਲੋਂ ਸਾਮਾਨ ਅਤੇ ਤਾਰਾਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਵਿਭਾਗ ਵੱਲੋਂ ਚੋਰੀ ਕਰਨ ਵਾਲੇ ਖ਼ਪਤਕਾਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪਰਿਵਾਰ 'ਚ ਮਚਿਆ ਕੋਹਰਾਮ, ਨਕੋਦਰ ਵਿਖੇ ਮਾਪਿਆਂ ਦੇ ਜਵਾਨ ਪੁੱਤ ਦੀ ਸੱਪ ਦੇ ਡੱਸਣ ਕਾਰਨ ਮੌਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News