ਪੁਲਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, 6 ਕਿਲੋ ਅਫੀਮ ਸਣੇ 2 ਸਮੱਗਲਰ ਕਾਬੂ
Tuesday, Mar 14, 2023 - 12:12 AM (IST)
ਜਗਰਾਓਂ (ਮਾਲਵਾ)-ਲੁਧਿਆਣਾ ਦਿਹਾਤੀ ਪੁਲਸ ਨੇ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਨ ਵਾਲੇ 2 ਨਸ਼ਾ ਸਮੱਗਲਰਾਂ ਨੂੰ ਦੋ ਵੱਖ-ਵੱਖ ਮਾਮਲਿਆਂ ’ਚ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਮਾਮਲਿਆਂ ਦੀ ਜਾਣਕਾਰੀ ਦਿੰਦਿਆਂ ਪ੍ਰੈੱਸ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪਹਿਲੇ ਮਾਮਲੇ ’ਚ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਨਵਦੀਪ ਸਿੰਘ ਗਸ਼ਤ ਦੌਰਾਨ ਇਲਾਕੇ ’ਚ ਹੀ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪਿੰਡ ਵੰਡਾਲਾ ਬੰਬ ਥਾਣਾ ਜ਼ੀਰਾ ਜ਼ਿਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਗੁਰਜੀਤ ਸਿੰਘ ਗੀਤੀ ਆਪਣੇ ਟਰਾਲੇ ’ਚ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਕਰਦਾ ਹੈ। ਅੱਜ ਉਹ ਵੀ ਉਹ ਆਪਣੇ ਟਰਾਲੇ ਵਿੱਚ ਭਾਰੀ ਮਾਤਰਾ ਵਿੱਚ ਅਫੀਮ ਲੈ ਕੇ ਜਗਰਾਓਂ ਸ਼ਹਿਰ ਵੱਲ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਅੱਜ ਲਿਆ ਗਿਆ ਟੀਚਰ ਇਲਿਜੀਬਿਲਟੀ ਟੈਸਟ ਘਿਰਿਆ ਵਿਵਾਦਾਂ ’ਚ, ਜਾਣੋ ਕੀ ਹੈ ਮਾਮਲਾ
ਐੱਸ.ਐੱਸ.ਪੀ. ਬੈਂਸ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਮੁਖੀ ਨਵਦੀਪ ਸਿੰਘ ਨੇ ਮਿਲੀ ਜਾਣਕਾਰੀ ਦੇ ਆਧਾਰ ’ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਟਰਾਲਾ ਚਾਲਕ ਦੇ ਟਰਾਲੇ ਨੂੰ ਰੋਕ ਕੇ ਜਦੋਂ ਪੁਲਸ ਨੇ ਟਰਾਲੇ ਦੀ ਤਲਾਸ਼ੀ ਲਈ ਤਾਂ ਟਰਾਲੇ ’ਚੋਂ 5 ਕਿਲੋ ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਟਰਾਲਾ ਚਾਲਕ ਨੇ ਪੁਲਸ ਨੂੰ ਦੱਸਿਆ ਕਿ ਉਹ ਅਸਾਮ ਤੋਂ ਅਫ਼ੀਮ ਲੈ ਕੇ ਪੰਜਾਬ ਆਇਆ ਹੈ।
ਦੂਜੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬੈਂਸ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਐੱਸ.ਆਈ ਅੰਗਰੇਜ਼ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਕਿ ਸ਼ਾਹਕੋਟ ਦਾ ਰਹਿਣ ਵਾਲਾ ਮਾਨ ਸਿੰਘ ਨਾਂ ਦਾ ਵਿਅਕਤੀ ਬਾਹਰਲੇ ਸੂਬਿਆਂ ਤੋਂ ਅਫੀਮ ਲੈ ਕੇ ਆਉਂਦਾ ਹੈ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਹੈ। ਅੱਜ ਵੀ ਉਹ ਆਪਣੀ ਸਵਿਫ਼ਟ ਕਾਰ ਵਿਚ ਅਫੀਮ ਲੈ ਕੇ ਜਗਰਾਓਂ ਸ਼ਹਿਰ ਵੱਲ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਜ਼ੀਰਕਪੁਰ ’ਚ ਖ਼ੌਫ਼ਨਾਕ ਵਾਰਦਾਤ, ਚਾਕੂਆਂ ਨਾਲ ਹਮਲਾ ਕਰ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਮਿਲੀ ਜਾਣਕਾਰੀ ਦੇ ਅਧਾਰ ’ਤੇ ਐੱਸ.ਆਈ. ਅੰਗਰੇਜ਼ ਸਿੰਘ ਨੇ ਨਾਕਾਬੰਦੀ ਦੌਰਾਨ ਸਵਿਫ਼ਟ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਕਾਰ ’ਚੋਂ 1 ਕਿਲੋ ਅਫੀਮ ਬਰਾਮਦ ਹੋਈ। ਜਦੋਂ ਪੁਲਸ ਵੱਲੋਂ ਕਾਰ ਸਵਾਰ ਮਾਨ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਹ ਰਾਂਚੀ ਤੋਂ ਅਫੀਮ ਲਿਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਮਾਨ ਸਿੰਘ ਖਿਲਾਫ ਪਹਿਲਾਂ ਵੀ ਮੁਕੱਦਮਾ ਦਰਜ ਹੈ।
ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਮੁਲਜਮ ਗੁਰਜੀਤ ਸਿੰਘ ਗੀਤੀ ਦਾ 4 ਦਿਨ ਤੇ ਮਾਨ ਸਿੰਘ ਸਿੰਘ ਦਾ 3 ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਮੁਲਜਮਾ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।