ਜਲੰਧਰ ਨਗਰ ਨਿਗਮ 'ਚ ਵੱਡੀ ਕਾਰਵਾਈ, 8 ਸੁਪਰਡੈਂਟਾਂ ਸਣੇ 14 ਅਧਿਕਾਰੀਆਂ ਦੇ ਤਬਾਦਲੇ
Wednesday, Feb 26, 2025 - 02:19 PM (IST)

ਜਲੰਧਰ (ਪੁਨੀਤ)–ਨਗਰ ਨਿਗਮ ਵਿਚ ਤਬਾਦਲਿਆਂ ਨੂੰ ਲੈ ਕੇ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। ਨਿਗਮ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਵਿਚ 14 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ, ਜਿਨ੍ਹਾਂ ਵਿਚ 8 ਸੁਪਰਡੈਂਟ, ਇਕ ਸਿਸਟਮ ਮੈਨੇਜਰ, 2 ਜੂਨੀਅਰ ਸਹਾਇਕ ਅਤੇ ਕੁਝ ਕਲਰਕ ਆਦਿ ਸ਼ਾਮਲ ਹਨ। ਇਨ੍ਹਾਂ ਤਬਾਦਲਿਆਂ ਵਿਚ ਸਭ ਤੋਂ ਪ੍ਰਮੁੱਖ ਤਹਿਬਾਜ਼ਾਰੀ ਵਿਭਾਗ ਤੋਂ ਸੁਪਰਡੈਂਟ ਮਨਦੀਪ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਡਾਗ ਕੰਪਾਊਂਡ ਦਾ ਕਾਰਜਭਾਰ ਸੌਂਪਣਾ ਅਤੇ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਨੂੰ ਇਸ਼ਤਿਹਾਰ ਸ਼ਾਖਾ ਦਾ ਚਾਰਜ ਦੇਣਾ ਸ਼ਾਮਲ ਹੈ। ਤਬਾਦਲਿਆਂ ਦੇ ਵਿਰੋਧ ’ਚ ਨਿਗਮ ਨਾਲ ਸਬੰਧਤ ਕਰਮਚਾਰੀ ਯੂਨੀਅਨਾਂ ਨੇ ਨਿਗਮ ਦਫ਼ਤਰ ਵਿਚ ਧਰਨਾ-ਪ੍ਰਦਰਸ਼ਨ ਕੀਤਾ, ਜਿਸ ਨਾਲ ਲਗਭਗ ਡੇਢ ਘੰਟੇ ਤਕ ਨਿਗਮ ਦਾ ਕੰਮਕਾਜ ਰੁਕਿਆ ਰਿਹਾ। ਵਿਰੋਧ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਤਬਾਦਲਿਆਂ ਨੂੰ ਅਣਉਚਿਤ ਦੱਸਦੇ ਹੋਏ ਕਿਹਾ ਕਿ ਇਹ ਨਿਯਮਾਂ ਖ਼ਿਲਾਫ਼ ਹੈ।
ਇਹ ਵੀ ਪੜ੍ਹੋ : Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ
ਧਰਨਾ-ਪ੍ਰਦਰਸ਼ਨ ਦੀ ਖ਼ਬਰ ਮਿਲਦੇ ਹੀ ਮੇਅਰ ਵਿਨੀਤ ਧੀਰ ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰ ਕੇ ਗੱਲਬਾਤ ਲਈ ਸੱਦਿਆ। ਯੂਨੀਅਨ ਆਗੂਆਂ ਨੇ ਮੇਅਰ ਨੂੰ ਇਕ ਮੰਗ-ਪੱਤਰ ਸੌਂਪ ਕੇ ਤਬਾਦਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਸ ਵਾਰ ਦੇ ਬਜਟ ਵਿਚ ਮਾਲੀਏ ਵਿਚ ਵਾਧੇ ਦਾ ਟੀਚਾ ਗਲਤ ਢੰਗ ਨਾਲ ਰੱਖਿਆ ਗਿਆ ਹੈ। ਮੇਅਰ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਨਿਗਮ ਕਮਿਸ਼ਨਰ ਨਾਲ ਚਰਚਾ ਕਰ ਕੇ ਉਚਿਤ ਕਦਮ ਚੁੱਕਣਗੇ। ਇਸੇ ਭਰੋਸੇ ਤੋਂ ਬਾਅਦ ਕਰਮਚਾਰੀਆਂ ਨੇ ਆਪਣਾ ਧਰਨਾ ਖਤਮ ਕੀਤਾ, ਹਾਲਾਂਕਿ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਜੇਕਰ ਤਬਾਦਲਿਆਂ ਨੂੰ ਰੱਦ ਨਾ ਕੀਤਾ ਗਿਆ ਤਾ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਧਰਨਾ-ਪ੍ਰਦਰਸ਼ਨ ਕਰਨ ਵਾਲੇ ਸੁਪਰਡੈਂਟਾਂ ਵਿਚ ਪ੍ਰਾਪਰਟੀ ਟੈਕਸ, ਲਾਇਸੈਂਸ ਬ੍ਰਾਂਚ ਆਦਿ ਤੋਂ ਮਹੀਪ ਸਰੀਨ, ਰਾਜੀਵ ਰਿਸ਼ੀ, ਅਮਿਤ ਯਸ਼, ਐੱਸ. ਈ. ਰਾਜੇਸ਼ ਡੋਗਰਾ, ਰਾਹੁਲ ਧਵਨ, ਐਕਸੀਅਨ ਜਸਪਾਲ ਸਿੰਘ, ਬਲਜੀਤ ਸਿੰਘ, ਐੱਸ. ਡੀ ਓ. ਕਰਣ ਦੱਤਾ ਆਦਿ ਸ਼ਾਮਲ ਰਹੇ। ਉਥੇ ਹੀ, ਕਰਮਚਾਰੀ ਯੂਨੀਅਨ ਨੂੰ ਨਿਗਮ ਨਾਲ ਸਬੰਧਤ ਦੂਜੀਆਂ ਕਰਮਚਾਰੀ ਯੂਨੀਅਨਾਂ ਨੇ ਵੀ ਸਮਰਥਨ ਦਿੱਤਾ। ਉਨ੍ਹਾਂ ਦੇ ਆਗੂਆਂ ਵਿਚ ਬੰਟੂ ਸੱਭਰਵਾਲ, ਰਿੰਪੀ ਕਲਿਆਣ ਆਦਿ ਸ਼ਾਮਲ ਰਹੇ। ਨਿਗਮ ਕਰਮਚਾਰੀਆਂ ਦੀਆਂ ਗੱਲਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਨਿਗਮ ਦਫਤਰ ਅਤੇ ਜ਼ੋਨਲ ਦਫ਼ਤਰਾਂ ਦਾ ਕੰਮ ਠੱਪ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੇਕਰ ਕੋਈ ਤਸੱਲੀਬਖਸ਼ ਹੱਲ ਨਾ ਨਿਕਲਿਆ ਤਾਂ ਆਗਾਮੀ ਦਿਨਾਂ ਵਿਚ ਨਿਗਮ ਦੇ ਸਾਰੇ ਕਰਮਚਾਰੀ ਅੰਦੋਲਨ ਕਰਦੇ ਨਜ਼ਰ ਆ ਸਕਦੇ ਹਨ। ਇਸ ਦੇ ਲਈ ਮੇਅਰ ਨੇ ਸ਼ੁੱਕਰਵਾਰ ਤਕ ਦਾ ਸਮਾਂ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ, ਨਸ਼ੇ 'ਚ ਟੱਲੀ ASI ਨੇ ਨੌਜਵਾਨਾਂ ’ਤੇ ਚੜ੍ਹਾ 'ਤੀ ਗੱਡੀ
ਨਿਗਮ ਅਧਿਕਾਰੀਆਂ ਦੇ ਤਬਾਦਲਿਆਂ ’ਚ ਕੌਣ ਕਿਥੇ ਪਹੁੰਚਿਆ?
ਕਮਿਸ਼ਨਰ ਗੌਤਮ ਜੈਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੇਠ ਲਿਖੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਹਰਪ੍ਰੀਤ ਸਿੰਘ ਵਾਲੀਆ ਤੋਂ ਵਾਟਰ ਸਪਲਾਈ ਦਾ ਕਾਰਜਭਾਰ ਵਾਪਸ ਲੈ ਕੇ ਸਟੋਰ ਦਾ ਵਾਧੂ ਚਾਰਜ ਦਿੱਤਾ ਗਿਆ। ਦਲਜੀਤ ਕੌਰ ਨੂੰ ਸਟੋਰ ਦੇ ਕਾਰਜਭਾਰ ਤੋਂ ਹਟਾਇਆ ਗਿਆ। ਅਸ਼ਵਨੀ ਗਿੱਲ ਨੂੰ ਐਡਵਰਟਾਈਜ਼ਮੈਂਟ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ। ਰਾਕੇਸ਼ ਸ਼ਰਮਾ ਨੂੰ ਪ੍ਰਾਪਰਟੀ ਟੈਕਸ ਤੋਂ ਬਦਲ ਕੇ ਪੀ. ਐੱਮ. ਏ. ਵਾਈ. ਅਤੇ ਨੂਲਮ ਦਾ ਕੰਮ ਸੌਂਪਿਆ ਗਿਆ। ਅਮਿਤ ਕਾਲੀਆ ਨੂੰ ਐਡੀਸ਼ਨਲ ਕਮਿਸ਼ਨਰ ਦਫਤਰ ਤੋਂ ਤਬਾਦਲਾ ਕਰ ਕੇ ਪ੍ਰਾਪਰਟੀ ਟੈਕਸ ਬ੍ਰਾਂਚ ਵਿਚ ਭੇਜਿਆ ਗਿਆ। ਸ਼ਿਵ ਕੁਮਾਰ ਨੂੰ ਪ੍ਰਾਪਰਟੀ ਟੈਕਸ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ। ਰਾਜੇਸ਼ ਸ਼ਰਮਾ (ਸਿਸਟਮ ਮੈਨੇਜਰ) ਨੂੰ ਐਡਵਰਟਾਈਜ਼ਮੈਂਟ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ। ਮਨੀਸ਼ ਵੋਹਰਾ (ਜੂਨੀਅਰ ਸਹਾਇਕ) ਨੂੰ ਟੈਂਡਰ ਸੈੱਲ, ਬੀ. ਐਂਡ ਆਰ. ਬ੍ਰਾਂਚ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ। ਜਗਦੇਵ ਢੀਂਗਰਾ (ਜੂਨੀਅਰ ਸਹਾਇਕ) ਨੂੰ ਜ਼ੋਨ-3 ਦਾ ਵਾਧੂ ਕਾਰਜਭਾਰ ਸੌਂਪਿਆ ਗਿਆ। ਵਿਕਾਸ ਸ਼ਰਮਾ (ਕਲਰਕ) ਨੂੰ ਜਨਰਲ ਸਟੋਰ ਤੋਂ ਪ੍ਰਤਾਪ ਬਾਗ ਜ਼ੋਨ ਵਿਚ ਭੇਜਿਆ ਗਿਆ। ਮਹਿੰਦਰ ਪਾਲ (ਸੇਵਾਦਾਰ) ਨੂੰ ਬੀ. ਐਂਡ ਆਰ. ਬ੍ਰਾਂਚ ਤੋਂ ਬਿਲਡਿੰਗ ਬ੍ਰਾਂਚ ਵਿਚ, ਹਨੀ ਠਾਕੁਰ (ਕਲਰਕ) ਨੂੰ ਕਮਿਸ਼ਨਰ ਕੈਂਪ ਦਫਤਰ ਤੋਂ ਹਟਾ ਕੇ ਬਿਲਡਿੰਗ ਬ੍ਰਾਂਚ ਵਿਚ ਲਾਇਆ ਗਿਆ ਹੈ।
ਕਰਮਚਾਰੀਆਂ ਨੇ ਤਬਾਦਲਿਆਂ ਨੂੰ ਨਿਯਮਾਂ ਖ਼ਿਲਾਫ਼ ਦੱਸਿਆ
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਕੁਝ ਤਬਾਦਲੇ ਨਗਰ ਨਿਗਮ ਦੇ ਨਿਯਮਾਂ ਦਾ ਉਲੰਘਣ ਕਰਦੇ ਹਨ। ਸਿਸਟਮ ਮੈਨੇਜਰ ਦਾ ਬ੍ਰਾਂਚ ਕਾਰਜਭਾਰ ਗਲਤ ਢੰਗ ਨਾਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਨੂੰ ਐਡਵਰਟਾਈਜ਼ਿੰਗ ਬ੍ਰਾਂਚ ਦਾ ਚਾਰਜ ਸੌਂਪ ਦਿੱਤਾ ਗਿਆ ਹੈ, ਜਦਕਿ ਇਹ ਅਹੁਦਾ ਸਿਰਫ ਕੰਪਿਊਟਰ ਪ੍ਰੋਗਰਾਮਿੰਗ ਨਾਲ ਸਬੰਧਤ ਹੋਣਾ ਚਾਹੀਦਾ ਹੈ। ਯੂਨੀਅਨਾਂ ਨੇ ਇਸ ਹੁਕਮ ਨੂੰ ਨਿਯਮਾਂ ਦੇ ਖ਼ਿਲਾਫ਼ ਦੱਸਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ।
ਤਹਿਬਾਜ਼ਾਰੀ ਵਿਭਾਗ ਤੋਂ ਹਟਾਏ ਗਏ ਸੁਪਰਡੈਂਟ ਮਨਦੀਪ ਸਿੰਘ ਨੂੰ ਡਾਗ ਕੰਪਾਊਂਡ ਦਾ ਚਾਰਜ ਦਿੱਤਾ ਗਿਆ ਹੈ, ਜੋ ਕਿ ਸਿਹਤ ਵਿਭਾਗ ਅਧੀਨ ਆਉਂਦਾ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਤਾਇਨਾਤੀ ਪਿਛਲੇ ਸਮੇਂ ਵਿਚ ਕਦੀ ਨਹੀਂ ਹੋਈ ਅਤੇ ਇਹ ਨਿਯਮਾਂ ਦੇ ਵਿਰੁੱਧ ਹੈ। ਉਥੇ ਹੀ, ਮਨਦੀਪ ਸਿੰਘ ਦਾ ਪਿਛਲੇ ਇਕ ਸਾਲ ਵਿਚ 4-5 ਵਾਰ ਤਬਾਦਲਾ ਕੀਤਾ ਗਿਆ, ਜਿਸ ਨੂੰ ਯੂਨੀਅਨਾਂ ਨੇ ਮੰਦਭਾਗਾ ਕਰਾਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਭਿਖਾਰੀ ਨਹੀਂ, ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ : ਭਗਵੰਤ ਮਾਨ
ਨਿਗਮ ਦੇ ਬਜਟ ’ਤੇ ਵੀ ਉਠਾਏ ਸਵਾਲ
ਕਰਮਚਾਰੀ ਯੂਨੀਅਨਾਂ ਨੇ ਇਸ ਸਾਲ ਦੇ ਬਜਟ ਨੂੰ ਵੀ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬਜਟ ਵਿਚ ਵੱਖ-ਵੱਖ ਬ੍ਰਾਂਚਾਂ ਦੀ ਆਮਦਨ ਦਾ ਟੀਚਾ ਜ਼ਰੂਰਤ ਤੋਂ ਜ਼ਿਆਦਾ ਵਧਾ ਦਿੱਤਾ ਗਿਆ ਹੈ। ਆਮ ਤੌਰ ’ਤੇ ਹਰ ਬ੍ਰਾਂਚ ਦਾ ਮਾਲੀਆ ਵਾਧਾ 5-10 ਫ਼ੀਸਦੀ ਦੇ ਵਿਚਕਾਰ ਹੁੰਦਾ ਹੈ ਪਰ ਇਸ ਵਾਰ ਇਸਨੂੰ ਕਈ ਜਗ੍ਹਾ 30-40 ਫੀਸਦੀ ਤਕ ਵਧਾ ਦਿੱਤਾ ਗਿਆ ਹੈ। ਖਾਸ ਤੌਰ ’ਤੇ ਤਹਿਬਾਜ਼ਾਰੀ ਵਿਭਾਗ ਦਾ ਟੀਚਾ ਲਗਭਗ 5 ਗੁਣਾ ਵਧਾਇਆ ਗਿਆ ਹੈ, ਜਿਸ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ। ਯੂਨੀਅਨਾਂ ਨੇ ਮੰਗ ਕੀਤੀ ਕਿ ਬਜਟ ਨੂੰ ਮੁੜ-ਵਿਚਾਰ ਕਰਕੇ ਸਹੀ ਢੰਗ ਨਾਲ ਬਣਾਇਆ ਜਾਵੇ।
ਇਹ ਵੀ ਪੜ੍ਹੋ : ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਿੱਖਿਆ ਮੰਤਰੀ ਵੱਲੋਂ ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e