ਪਿਮਸ ’ਤੇ ਇਕ ਵਾਰ ਫਿਰ ਖ਼ਤਰੇ ਦੇ ਬੱਦਲ ਮੰਡਰਾਏ, ਨਹੀਂ ਕੀਤਾ 63 ਕਰੋੜ ਦਾ ਭੁਗਤਾਨ

Tuesday, Sep 12, 2023 - 04:02 PM (IST)

ਪਿਮਸ ’ਤੇ ਇਕ ਵਾਰ ਫਿਰ ਖ਼ਤਰੇ ਦੇ ਬੱਦਲ ਮੰਡਰਾਏ, ਨਹੀਂ ਕੀਤਾ 63 ਕਰੋੜ ਦਾ ਭੁਗਤਾਨ

ਜਲੰਧਰ (ਪੁਨੀਤ) : 2011 ’ਚ ਵਿਵਾਦਾਂ ਵਿਚਕਾਰ ਸ਼ੁਰੂ ਹੋਏ ਪਿਮਸ (ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼) ’ਤੇ ਇਕ ਵਾਰ ਫਿਰ ਖ਼ਤਰੇ ਦੇ ਬੱਦਲ ਮੰਡਰਾਅ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਿਮਸ ਦੀ ਮੈਨੇਜਮੈਂਟ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਗਈ ਹੈ। ਸਰਕਾਰ ਵੱਲੋਂ ਸਖ਼ਤੀ ਅਪਣਾਏ ਜਾਣ ਕਾਰਨ ਆਉਣ ਵਾਲੇ ਦਿਨਾਂ ’ਚ ਪਿਮਸ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ ਅਤੇ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਸਰਕਾਰ ਨੇ ਪਿਮਸ ਵੱਲੋਂ ਬੈਂਕ ਗਾਰੰਟੀ ਵਜੋਂ ਦਿੱਤੀ ਗਈ ਰਕਮ ਕੈਸ਼ ਕਰਵਾਉਣ ਸਬੰਧੀ ਵੀ ਕਦਮ ਚੁੱਕੇ ਹਨ। ਪਿਮਸ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਹ ਸਰਕਾਰ ਨਾਲ ਸੰਪਰਕ ਕਰ ਕੇ ਮਾਮਲੇ ਨੂੰ ਸੁਲਝਾਉਣ ਵਿਚ ਜੁਟੇ ਹੋਏ ਹਨ। ਘਟਨਾਕ੍ਰਮ ਅਨੁਸਾਰ ਪਿਮਸ (ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼) ਜਲੰਧਰ ਦੀ ਮੈਨੇਜਮੈਂਟ ਵੱਲੋਂ ਸਰਕਾਰ ਨੂੰ 63 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਣਾ ਸੀ ਪਰ ਪਿਮਸ ਇਹ ਭੁਗਤਾਨ ਕਰਨ ਵਿਚ ਅਸਫਲ ਰਿਹਾ ਹੈ, ਜਿਸ ਕਾਰਨ ਸਰਕਾਰ ਨੇ ਸਖਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਸ ਕੜੀ ਵਿਚ ਆਉਣ ਵਾਲੇ ਦਿਨਾਂ ਵਿਚ ਪਰਚਾ ਦਰਜ ਕਰਵਾਇਆ ਜਾ ਸਕਦਾ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇਸ ਸਬੰਧੀ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਕਾਨੂੰਨੀ ਮਾਹਿਰਾਂ ਤੋਂ ਰਾਏ ਲੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੂਰੀ ਕਾਰਵਾਈ ਕਾਨੂੰਨੀ ਰਾਏ ’ਤੇ ਨਿਰਭਰ ਕਰਦੀ ਹੈ, ਜਿਸ ਤੋਂ ਬਾਅਦ ਕਾਰਵਾਈ ਨੂੰ ਅੱਗੇ ਵਧਾਇਆ ਜਾ ਸਕੇਗਾ। ਇਹ ਦੇਖਣਯੋਗ ਹੋਵੇਗਾ ਕਿ ਸਰਕਾਰ ਵੱਲੋਂ ਕਿਹੜੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ ਕਿਉਂਕਿ ਅਪਰਾਧਿਕ ਮਾਮਲਾ ਦਰਜ ਹੋਣ ’ਤੇ ਮੈਨੇਜਮੈਂਟ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਜਾਵੇਗੀ।

ਇਹ ਵੀ ਪੜ੍ਹੋ : ਮੱਝਾਂ ਵੇਚ ਮਲੇਸ਼ੀਆ ਪਹੁੰਚਿਆ ਸੀ ਨੌਜਵਾਨ, ਵਾਪਸ ਅੰਮ੍ਰਿਤਸਰ ਪਹੁੰਚਦਿਆਂ ਚੁੱਕ ਲਿਆ ਖ਼ੌਫ਼ਨਾਕ ਕਦਮ

ਮਾਮਲਾ ਸੁਲਝਾਉਣ ਸਬੰਧੀ ਸਰਕਾਰ ਨਾਲ ਕਰ ਰਹੇ ਹਾਂ ਸੰਪਰਕ : ਡਾਇਰੈਕਟਰ ਅਮਿਤ ਸਿੰਘ
ਇਸ ਸਬੰਧੀ ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ ਦਾ ਕਹਿਣਾ ਸੀ ਕਿ ਪਿਮਸ ਵਿਚ ਜਿਥੇ ਬੱਚਿਆਂ ਨੂੰ ਮੈਡੀਕਲ ਦੀ ਉੱਚ ਪੱਧਰੀ ਿਸੱਖਿਆ ਦਿੱਤੀ ਜਾ ਰਹੀ ਹੈ, ਉਥੇ ਹੀ ਸਮਾਜ-ਸੇਵਾ ਦੇ ਕੰਮ ਵੀ ਕੀਤੇ ਜਾ ਰਹੇ ਹਨ, ਜਿਸ ਦੇ ਲਈ ਪਿਮਸ ਮੈਨੇਜਮੈਂਟ ਨੂੰ ਰਾਸ਼ਟਰਪਤੀ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਸੁਲਝਾਉਣ ਸਬੰਧੀ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜਲਦ ਮਾਮਲਾ ਸੁਲਝਾਅ ਲਿਆ ਜਾਵੇਗਾ।

ਇਹ ਵੀ ਪੜ੍ਹੋ : ਚਿੱਤਰਕਾਰੀ ਦੇ ਖ਼ੇਤਰ ’ਚ ਨਵੀਂਆਂ ਪੈੜਾਂ ਸਿਰਜ ਰਿਹੈ ਰਾਜਨ ਮਲੂਜਾ, ਲੱਖਾਂ ਰੁਪਏ ਤੱਕ ਹੈ ਇਕ ਪੇਂਟਿੰਗ ਦੀ ਕੀਮਤ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Anuradha

Content Editor

Related News