ਰਿਸ਼ਵਤ ਲੈਣ ਵਾਲੇ ਪਟਵਾਰੀ ਵਿਰੁੱਧ ਵੱਡੀ ਕਾਰਵਾਈ, ਨਿਯੁਕਤੀ ਕੀਤੀ ਰੱਦ
Tuesday, Dec 13, 2022 - 10:51 PM (IST)

ਮੁੱਲਾਂਪੁਰ ਦਾਖਾ (ਕਾਲੀਆ)-ਬੀਤੇ ਦਿਨ ਮੁੱਲਾਂਪੁਰ ਪਟਵਾਰਖ਼ਾਨੇ ’ਚ ਰਿਸ਼ਵਤ ਲੈਂਦੇ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰਕੇ ਵਿਜੀਲੈਂਸ ਦੇ ਹਵਾਲੇ ਕਰਨ ਵਾਲੇ ਹਲਕਾ ਇੰਚਾਰਜ ਡਾ. ਕੇ. ਐੱਨ. ਐੱਸ. ਕੰਗ ਨੇ ਦੱਸਿਆ ਕਿ ਭ੍ਰਿਸ਼ਟ ਪਟਵਾਰੀ ਮੋਹਣ ਸਿੰਘ ਦੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਨਿਯੁਕਤੀ ਰੱਦ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਿਟਾਇਰਡ ਕਾਨੂੰਨਗੋ ਮੋਹਣ ਸਿੰਘ ਨੂੰ ਠੇਕੇ ’ਤੇ ਭਰਤੀ ਕਰਕੇ ਹਲਕਾ ਢੱਟ ਤਹਿਸੀਲ ਲੁਧਿਆਣਾ ਪੱਛਮੀ ਜ਼ਿਲ੍ਹਾ ਲੁਧਿਆਣਾ ਵਿਖੇ ਨਿਯੁਕਤ ਕੀਤਾ ਗਿਆ ਅਤੇ ਇਸ ਨੇ ਸਾਬਕਾ ਸਰਪੰਚ ਵਰਿੰਦਰ ਸਿੰਘ ਆਗੂ ਆਮ ਆਦਮੀ ਪਾਰਟੀ ਤੋਂ ਜ਼ਮੀਨ ਦਾ ਇੰਤਕਾਲ ਕਰਨ ਲਈ 10000 ਰੁਪਏ ਦੀ ਮੰਗ ਕੀਤੀ ਸੀ ਅਤੇ 5000 ਰੁਪਏ ਨਕਦ ਮੌਕੇ 'ਤੇ ਲੈਂਦਿਆਂ ਇਸ ਨੂੰ ਕਾਬੂ ਕਰ ਲਿਆ ਸੀ। ਵਿਜੀਲੈਂਸ ਬਿਊਰੋ ਆਫ਼ ਲੁਧਿਆਣਾ ਵੱਲੋਂ 9 ਦਸੰਬਰ ਨੂੰ ਮੁਕੱਦਮਾ ਨੰਬਰ 16 ਦਰਜ ਕੀਤਾ ਗਿਆ ਸੀ, ਦੀ ਨਿਯੁਕਤੀ ਅੱਜ ਜ਼ਿਲ੍ਹਾ ਕਲੈਕਟਰ ਨੇ ਰੱਦ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਮੁੜ ਸਰਗਰਮ ਹੋਈ ‘ਆਪ’ ਸਰਕਾਰ, ਸ਼ੁਰੂ ਕਰਨ ਜਾ ਰਹੀ ਇਹ ਮੁਹਿੰਮ
ਡਾ. ਕੰਗ ਨੇ ਕਿਹਾ ਕਿ ਹਲਕਾ ਦਾਖਾ ਵਿਚ ਕਿਸੇ ਵੀ ਭ੍ਰਿਸ਼ਟ ਅਫ਼ਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਹਲਕਾ ਦਾਖਾ ਨੂੰ ਰਿਸ਼ਵਤ ਮੁਕਤ ਹਲਕਾ ਬਣਾ ਕੇ ਲੋਕਾਂ ਨੂੰ ਖ਼ਾਸ ਸੁਵਿਧਾ ਦਿੱਤੀ ਜਾਵੇਗੀ ਅਤੇ ਜਿਹੜੇ ਅਫ਼ਸਰ ਭ੍ਰਿਸ਼ਟਾਚਾਰ ਕੀਤੇ ਬਿਨਾਂ ਰਹਿ ਨਹੀਂ ਸਕਦੇ ਉਹ ਆਪਣਾ ਬਿਸਤਰਾ ਖ਼ੁਦ ਹੀ ਗੋਲ ਕਰ ਲੈਣ ਕਿਉਂਕਿ ਹਲਕਾ ਦਾਖਾ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਭ੍ਰਿਸ਼ਟ ਅਫ਼ਸਰਾਂ ਨੂੰ ਨਕੇਲ ਕੱਸਣ ਲਈ ਕਮਰਕੱਸੇ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਅਜੇ ਵੀ ਅਫ਼ਸਰਸ਼ਾਹੀ ਨੂੰ ਭੁਲੇਖਾ ਹੈ ਕਿ ਅਕਾਲੀ ਕਾਂਗਰਸ ਸਰਕਾਰ ਦੀ ਸੱਤਾ ਹੈ ਪਰ ਉਹ ਉਨ੍ਹਾਂ ਦਾ ਭਰਮ ਭੁਲੇਖਾ ਹੈ। ਹੁਣ ਉਨ੍ਹਾਂ ਦੀ ਬੇੜੀ ਡੋਬ ਦਿਆਂਗਾ। ਡਾ. ਕੰਗ ਨੇ ਹਲਕਾ ਦਾਖਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸਰਕਾਰੀ-ਅਰਧ ਸਰਕਾਰੀ ਅਫ਼ਸਰ ਤੁਹਾਡੇ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਸਾਡੇ ਵਰਕਰਾਂ ਨਾਲ ਜਾਂ ਸਿੱਧੇ ਤੌਰ ’ਤੇ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਦੀ ਕਮਾਈ ਅਜਾਈਂ ਨਾ ਜਾਵੇ ਅਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਲਹਿਰ ’ਚ ਉਨ੍ਹਾਂ ਦਾ ਅਹਿਮ ਯੋਗਦਾਨ ਕੰਮ ਆਵੇ।