ਮੀਤ ਹੇਅਰ ਦੇ SSM ’ਤੇ ਵੱਡੇ ਇਲਜ਼ਾਮ, ਕਿਹਾ-‘ਆਪ’ ਆਗੂਆਂ ਨੂੰ ਤੋੜਨ ਲਈ ਦੇ ਰਿਹਾ ਲਾਲਚ
Friday, Jan 14, 2022 - 09:01 PM (IST)
ਸ੍ਰੀ ਅੰਮ੍ਰਿਤਸਰ (ਮਮਤਾ ਦੇਵਗਨ)-ਆਮ ਆਦਮੀ ਪਾਰਟੀ (ਆਪ) ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਸੰਯੁਕਤ ਸਮਾਜ ਮੋਰਚੇ ’ਤੇ ‘ਆਪ’ ਆਗੂਆਂ ਨੂੰ ਤੋੜਨ ਦਾ ਵੱਡਾ ਇਲਜ਼ਾਮ ਲਾਇਆ ਹੈ। ਸ੍ਰੀ ਅੰਮ੍ਰਿਤਸਰ ’ਚ ਸ਼ੁੱਕਰਵਾਰ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਦਾਅਵਾ ਕੀਤਾ ਕਿ ਸੰਯੁਕਤ ਸਮਾਜ ਮੋਰਚਾ ਨੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨਾਲ ਚੋਣਾਂ ਲੜਨ ਲਈ ਸੰਪਰਕ ਕੀਤਾ ਅਤੇ ਚੋਣਾਂ ਲੜਨ ’ਤੇ ਸਾਰਾ ਖਰਚ ਕਰਨ ਦਾ ਵੀ ਲਾਲਚ ਦਿੱਤਾ ਹੈ। ਹੇਅਰ ਨੇ ਸਵਾਲ ਕੀਤਾ ਕਿ ਸੰਯੁਕਤ ਸਮਾਜ ਮੋਰਚੇ ਨੂੰ ਫੰਡਿੰਗ ਆਖਿਰ ਕੌਣ ਕਰ ਰਿਹਾ ਹੈ?
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ, ਕੀਤੀ ਵੱਡੀ ਮੰਗ
ਹੇਅਰ ਨੇ ਪਾਰਟੀ ਆਗੂ ਜਸਪ੍ਰੀਤ ਸਿੰਘ (ਜੋ ਪ੍ਰੈੱਸ ਕਾਨਫਰੰਸ ’ਚ ਹਾਜ਼ਰ ਸਨ) ਦਾ ਨਾਂ ਲੈ ਕੇ ਦਾਅਵਾ ਕੀਤਾ ਕਿ ਸੰਯੁਕਤ ਸਮਾਜ ਮੋਰਚੇ ਨੇ ਉਸ (ਜਸਪ੍ਰੀਤ ਸਿੰਘ) ਨਾਲ ਚੋਣ ਲੜਨ ਲਈ ਸੰਪਰਕ ਕੀਤਾ ਅਤੇ ਚੋਣਾਂ ਦਾ ਸਾਰਾ ਖਰਚ ਅਦਾ ਕਰਨ ਦੀ ਪੇਸ਼ਕਸ਼ ਵੀ ਕੀਤੀ। ਉੁਨ੍ਹਾਂ ਦੋਸ਼ ਲਾਇਆ ਕਿ ਭਾਵੇਂ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਪ੍ਰਤੱਖ ਗੱਠਜੋੜ ਕੀਤਾ ਹੈ ਪਰ ਇਸ ਤੋਂ ਇਲਾਵਾ ਹੋਰ ਕਈ ਗੁਪਤ ਗੱਠਜੋੜ ਵੀ ਕੀਤੇ ਹਨ। ‘ਆਪ’ ਦਾ ਵੋਟ ਕੱਟਣ ਲਈ ਭਾਜਪਾ ਵੱਲੋਂ ਵੋਟ ਕੱਟਣ ਵਾਲੇ ਆਗੂਆਂ ਅਤੇ ਪਾਰਟੀਆਂ ਨੂੰ ਫੰਡਿੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਚੋਣਾਂ ’ਚ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਸੰਯੁਕਤ ਸਮਾਜ ਮੋਰਚਾ ਦਾ ਵੱਡਾ ਫ਼ੈਸਲਾ, 16 ਜਨਵਰੀ ਨੂੰ ਉਮੀਦਵਾਰਾਂ ਦੀ ਦੂਜੀ ਲਿਸਟ ਹੋਵੇਗੀ ਜਾਰੀ
ਮੀਤ ਹੇਅਰ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦੇਖ ਕੇ ਸਾਰੀਆਂ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ ਅਤੇ ‘ਆਪ’ ਦੀ ਸਰਕਾਰ ਰੋਕਣ ਲਈ ਸਾਰੀਆਂ ਅੰਦਰ ਤੋਂ ਇਕ ਹੋ ਗਈਆਂ ਹਨ। ਰਵਾਇਤੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਕਿਉਂਕਿ ਦਿੱਲੀ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੋਰਨਾਂ ਪਾਰਟੀਆਂ ਦਾ ਸਫ਼ਾਇਆ ਹੋ ਗਿਆ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨਾਲ ਜਿਹੜੇ ਵਾਅਦੇ ਕੀਤੇ, ਉਹ ਸਾਰੇ ਦੇ ਸਾਰੇ ਪੂਰੇ ਕੀਤੇ ਹਨ। ਦਿੱਲੀ ਸਰਕਾਰ ਦਾ ਖਜ਼ਾਨਾ 30 ਹਜ਼ਾਰ ਕਰੋੜ ਤੋਂ ਵਧਾ ਕੇ 70 ਹਜ਼ਾਰ ਕਰੋੜ ਤੱਕ ਪਹੁੰਚਾਇਆ ਹੈ। ਕੇਜਰੀਵਾਲ ਸਰਕਾਰ ਦੇ ਕੰਮ ਦੇਖ ਕੇ ਦਿੱਲੀ ਦੇ ਲੋਕਾਂ ਨੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਭੁਲਾ ਦਿੱਤਾ ਹੈ। ਇਸ ਲਈ ਸਾਰੀਆਂ ਪਾਰਟੀਆਂ ਮਿਲ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ’ਚ ਆਉਣ ਤੋਂ ਰੋਕਣਾ ਚਾਹੁੰਦੀਆਂ ਹਨ।
ਇਹ ਵੀ ਪੜ੍ਹੋ : ਜਲੰਧਰ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 28 ਸਾਲਾ ਨੌਜਵਾਨ ਸਮੇਤ 4 ਦੀ ਲਈ ਜਾਨ, 682 ਨਿਕਲੇ ਪਾਜ਼ੇਟਿਵ
ਵਿਧਾਇਕ ਹੇਅਰ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਦਿੱਲੀ ’ਚ ਹੋਏ ਬਦਲਾਅ ਨੂੰ ਦੇਖ ਕੇ ਪੰਜਾਬ ਦਾ ਬੱਚਾ- ਬੱਚਾ ਚਾਹੁੰਦਾ ਹੈ ਕਿ ਇਸ ਵਾਰ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ। ਪਿਛਲੀਆਂ ਸਰਕਾਰਾਂ ਦੇ ਭ੍ਰਿਸ਼ਟਾਚਾਰ ਅਤੇ ਲੁੱਟ-ਖਸੁੱਟ ਤੋਂ ਲੋਕ ਤੰਗ ਆ ਚੁੱਕੇ ਹਨ। ਪੰਜਾਬ ਦੇ ਲੋਕਾਂ ਨੇ ਪ੍ਰਸ਼ਾਸਨ ’ਚ ਫ਼ੈਲੇ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਬੰਦ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਲੋਕ ਸਭਾ ਇੰਚਾਰਜ ਇਕਬਾਲ ਸਿੰਘ ਭੁੱਲਰ, ਪ੍ਰਭਵੀਰ ਬਰਾੜ ਆਦਿ ਆਗੂ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ