ਲੁਧਿਆਣਾ ਤੋਂ ਵੱਡੀ ਖ਼ਬਰ : ਕੌਂਸਲਰ ਦੀ ਕਾਰ ਹੇਠਾਂ ਆ ਕੇ 2 ਨੌਜਵਾਨਾਂ ਦੀ ਮੌਤ, ਦੇਖੋ ਭਿਆਨਕ ਮੰਜ਼ਰ ਦੀਆਂ ਤਸਵੀਰਾਂ
Monday, Jan 17, 2022 - 09:43 AM (IST)
ਲੁਧਿਆਣਾ (ਰਾਜ) : ਪਿੰਡ ਜੰਡਿਆਲੀ ਦੇ ਨੇੜੇ ਇਕ ਤੇਜ਼ ਰਫ਼ਤਾਰ ਆਰਟਿਗਾ ਕਾਰ ਨੇ ਪੈਦਲ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ 3 ਨੌਜਵਾਨ ਉੱਛਲ ਕੇ ਦੂਰ ਜਾ ਡਿੱਗੇ। ਇਸ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਤੀਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਦੋਂ ਤੱਕ ਲੋਕ ਇਕੱਠੇ ਹੁੰਦੇ, ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ’ਚ ਮੋਟਰਸਾਈਕਲ ਅਤੇ ਕਾਰ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਸੂਚਨਾ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੇ ਅਧੀਨ ਚੌਂਕੀ ਈਸ਼ਵਰ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸਾਹਿਲ (17) ਅਤੇ ਮੁਹੰਮਦ ਹੁਸੈਨ (16) ਵਜੋਂ ਹੋਈ ਹੈ, ਜਦੋਂ ਕਿ ਰਾਜੀਵ ਕੁਮਾਰ (17) ਇਸ ਹਾਦਸੇ ਦੌਰਾਨ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਜਲੰਧਰ ਦਾ PAP ਚੌਂਕ ਅੱਜ ਪੂਰੀ ਤਰ੍ਹਾਂ ਰਹੇਗਾ ਬੰਦ, ਜਾਣੋ ਕੀ ਹੈ ਕਾਰਨ
ਪੁਲਸ ਨੇ ਜਦੋਂ ਕਾਰ ਦਾ ਨੰਬਰ ਟਰੇਸ ਕੀਤਾ ਤਾਂ ਕਾਰ ਵਾਰਡ ਨੰਬਰ-16 ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਉਮੇਸ਼ ਸ਼ਰਮਾ ਦੇ ਨਾਂ ਨਾਲ ਰਜਿਸਟਰ ਸੀ। ਭਾਵੇਂ ਪੁਲਸ ਨੂੰ ਹਾਲੇ ਇਹ ਨਹੀਂ ਪਤਾ ਕਿ ਆਖ਼ਰ ਕਾਰ ਕੌਣ ਚਲਾ ਰਿਹਾ ਸੀ। ਇਸ ਲਈ ਕਾਰ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਸਾਹਿਲ, ਮੁਹੰਮਦ ਹੁਸੈਨ ਅਤੇ ਰਾਜੀਵ ਕੁਮਾਰ ਤਿੰਨੇ ਜਮਾਲਪੁਰ ਦੇ ਇਲਾਕੇ ਭਾਮੀਆਂ ਕਲਾਂ ਦੇ ਪ੍ਰੀਤਮ ਨਗਰ ’ਚ ਰਹਿੰਦੇ ਹਨ ਅਤੇ ਤਿੰਨੇ ਇਕ ਹੀ ਸਕੂਲ ਅਤੇ ਇਕੋ ਕਲਾਸ ਵਿਚ ਪੜ੍ਹਦੇ ਹਨ। ਇਸ ਲਈ ਤਿੰਨੇ ਚੰਗੇ ਦੋਸਤ ਸਨ। ਸ਼ਨੀਵਾਰ ਨੂੰ ਉਹ ਪਿੰਡ ਜੰਡਿਆਲੀ ਸਥਿਤ ਇਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਗਏ ਪਰ ਰਾਤ ਨੂੰ ਵਾਪਸ ਆਉਂਦੇ ਸਮੇਂ ਮੋਟਰਸਾਈਕਲ ਉਨ੍ਹਾਂ ਦਾ ਖਰਾਬ ਹੋ ਗਿਆ ਅਤੇ ਉਹ ਪੈਦਲ ਘਰ ਵੱਲ ਆ ਰਹੇ ਸੀ।
ਜਦ ਉਹ ਪਿੰਡ ਜੰਡਿਆਲੀ ਚੌਂਕ ਨੇੜੇ ਪੁੱਜੇ ਤਾਂ ਸਫੈਦ ਰੰਗ ਦੀ ਆਰਟਿਗਾ ਕਾਰ ਨੇ ਪਿੱਛੋਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਤਿੰਨੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਰਾਹਗੀਰਾਂ ਨੇ ਹਾਦਸਾ ਦੇਖ ਐਂਬੂਲੈਂਸ ਨੂੰ ਕਾਲ ਕੀਤੀ। ਚੌਂਕੀ ਇੰਚਾਰਜ ਸਾਹਿਬ ਸਿੰਘ ਦਾ ਕਹਿਣਾ ਹੈ ਕਿ ਸਾਹਿਲ ਦੀ ਮੌਕੇ ਹੀ ਮੌਤ ਹੋ ਗਈ ਸੀ, ਜਦੋਂ ਕਿ ਮੁਹੰਮਦ ਹੁਸੈਨ ਅਤੇ ਰਾਜੀਵ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੋਹਨਦਈ ਓਸਵਾਲ ਹਸਪਤਾਲ ਰੈਫ਼ਰ ਕੀਤਾ ਗਿਆ। ਇੱਥੇ ਇਲਾਜ ਦੌਰਾਨ ਮੁਹੰਮਦ ਹੁਸੈਨ ਦੀ ਮੌਤ ਹੋ ਗਈ, ਜਦੋਂ ਕਿ ਰਾਜੀਵ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ : CM ਚੰਨੀ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਵੋਟਾਂ ਦੀ ਤਾਰੀਖ਼ ਮੁਲਤਵੀ ਕਰਨ ਦੀ ਮੰਗ, ਜਾਣੋ ਕਾਰਨ
ਰਾਹਗੀਰਾਂ ਦਾ ਕਹਿਣਾ ਕੌਂਸਲਰ ਦਾ ਬੇਟਾ ਚਲਾ ਰਿਹਾ ਸੀ ਗੱਡੀ
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਚਾਲਕ ਫ਼ਰਾਰ ਦੱਸਿਆ ਜਾ ਰਿਹਾ ਹੈ ਪਰ ਘਟਨਾ ਸਥਾਨ ’ਤੇ ਮੌਜੂਦ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਕਾਰ ਨੂੰ ਕੌਂਸਲਰ ਦਾ ਬੇਟਾ ਚਲਾ ਰਿਹਾ ਸੀ, ਜੋ ਕਿ ਨਸ਼ੇ ਵਿਚ ਸੀ। ਉੱਥੇ ਕਾਰ ਦੇ ਅੰਦਰ ਕਾਂਗਰਸ ਪਾਰਟੀ ਦੇ ਪੋਸਟਰ ਵੀ ਮਿਲੇ ਹਨ। ਭਾਵੇਂ ਕੌਂਸਲਰ ਦਾ ਕਹਿਣਾ ਹੈ ਕਿ ਉਸ ਦੀ ਕਾਰ ਸ਼ਨੀਵਾਰ ਤੋਂ ਗਾਇਬ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ