ਮੀਟ ਪਲਾਂਟ ’ਚ ਵਾਪਰਿਆ ਵੱਡਾ ਹਾਦਸਾ, ਜ਼ਹਿਰੀਲੀ ਗੈਸ ਚੜ੍ਹਨ ਨਾਲ 4 ਮਜ਼ਦੂਰਾਂ ਦੀ ਦਰਦਨਾਕ ਮੌਤ

Friday, Apr 21, 2023 - 09:55 PM (IST)

ਮੀਟ ਪਲਾਂਟ ’ਚ ਵਾਪਰਿਆ ਵੱਡਾ ਹਾਦਸਾ, ਜ਼ਹਿਰੀਲੀ ਗੈਸ ਚੜ੍ਹਨ ਨਾਲ 4 ਮਜ਼ਦੂਰਾਂ ਦੀ ਦਰਦਨਾਕ ਮੌਤ

ਡੇਰਾਬੱਸੀ (ਅਨਿਲ)-ਨੇੜਲੇ ਪਿੰਡ ਬੇਹੜਾ ਵਿਚ ਸਥਿਤ ਫੈਡਰਲ ਐਗਰੋ ਇੰਡਸਟਰੀਜ਼ ਨਾਂ ਦੇ ਮੀਟ ਪਲਾਂਟ ਵਿਚ ਐਨੀਮਲ ਵੇਸਟ ਨਾਲ ਭਰੇ ਟੈਂਕ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੀਟ ਪਲਾਂਟ ਦੇ 4 ਮਜ਼ਦੂਰਾਂ ਦੀ ਮੌਤ ਹੋ ਗਈ। ਹਾਲਾਂਕਿ ਦੋ ਹੋਰ ਮਜ਼ਦੂਰ ਵੀ ਟੋਏ ਵਿਚ ਉਤਰ ਗਏ ਸਨ ਪਰ ਉਨ੍ਹਾਂ ਨੂੰ ਬਚਾਅ ਲਿਆ ਗਿਆ। ਮਰਨ ਵਾਲਿਆਂ ਵਿਚ 3 ਹੈਲਪਰ ਅਤੇ ਇਕ ਪਲੰਬਰ ਸ਼ਾਮਲ ਹੈ, ਜੋ ਉਨ੍ਹਾਂ ਨੂੰ ਬਚਾਉਣ ਲਈ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ : ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ  

ਜਾਨਵਰਾਂ ਦੀ ਖੱਲ ਤੋਂ ਇਲਾਵਾ ਚਰਬੀ ਨੂੰ ਟੈਂਕ ਵਿਚ ਜਮ੍ਹਾ ਕੀਤਾ ਜਾਂਦਾ ਸੀ। ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਾਮ ਕਰੀਬ 4:30 ਵਜੇ ਵਾਪਰਿਆ। ਫੈਕਟਰੀ ਵਿਚ 12 ਫੁੱਟ ਡੂੰਘਾ, 1 ਮੀਟਰ ਚੌੜਾ ਅਤੇ 2 ਮੀਟਰ ਲੰਬਾ ਜ਼ਮੀਨਦੋਜ਼ ਟੈਂਕ ਹੈ, ਜਿਸ ਵਿਚ ਪ੍ਰਬੰਧਕਾਂ ਅਨੁਸਾਰ ਪਾਣੀ ਅਤੇ ਨਮਕ ਮਿਲਾ ਕੇ ਮਰੇ ਹੋਏ ਪਸ਼ੂਆਂ ਦੀਆਂ ਖੱਲਾਂ ਨੂੰ ਸਟੋਰ ਕੀਤਾ ਜਾਂਦਾ ਹੈ। ਇਸ ਟੈਂਕ ਦੀ ਸਫਾਈ ਦਾ ਠੇਕਾ ਯਮੂ ਉਰਫ ਗਿਆਨ ਬਹਾਦੁਰ ਨੂੰ ਦਿੱਤਾ ਗਿਆ ਸੀ। ਗਿਆਨ ਬਹਾਦੁਰ ਅਨੁਸਾਰ ਇਸ ਟੈਂਕੀ ਨੂੰ ਕਰੀਬ 6 ਮਹੀਨਿਆਂ ਬਾਅਦ ਪਹਿਲੀ ਵਾਰ ਸਫਾਈ ਲਈ ਖੋਲ੍ਹਿਆ ਗਿਆ ਹੈ। ਇਸ ਵਿਚ ਕੁਰਬਾਨ (35) ਪਹਿਲਾਂ ਉੱਤਰਿਆ ਅਤੇ ਕੁਝ ਹੀ ਸਮੇਂ ਵਿਚ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਟੈਂਕ ’ਚ ਉੱਤਰਿਆ ਜਨਕ ਥਾਪਾ (32) ਵੀ ਬੇਹੋਸ਼ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਉਪਰਾਲਾ, ਸਸਤੀ ਰੇਤ ਲਈ 5 ਜ਼ਿਲ੍ਹਿਆਂ ’ਚ ਸ਼ੁਰੂ ਕੀਤੀਆਂ 20 ਹੋਰ ਜਨਤਕ ਖੱਡਾਂ

ਦੋਵਾਂ ਨੂੰ ਬੇਹੋਸ਼ ਦੇਖ ਕੇ ਸ਼੍ਰੀਧਰ ਪਾਂਡੇ (27) ਪੁੱਤਰ ਤੇਗ ਬਹਾਦੁਰ ਪਾਂਡੇ ਵਾਸੀ ਨੇਪਾਲ ਵੀ ਟੈਂਕ ’ਚ ਉੱਤਰਿਆ ਪਰ ਉਹ ਵੀ ਬੇਹੋਸ਼ ਹੋ ਗਿਆ। ਅੰਦਰੋਂ ‘ਬਚਾਓ, ਬਚਾਓ, ਬਚਾਓ’ ਦੀਆਂ ਆਵਾਜ਼ਾਂ ਸੁਣ ਪਲੰਬਰ ਮਾਣਕ (28) ਪੁੱਤਰ ਨਾਨਕ ਸਿੰਘ ਵਾਸੀ ਬੇਹੜਾ ਵੀ ਹੇਠਾਂ ਉੱਤਰਿਆ ਪਰ ਦਮ ਘੁਟਣ ਕਾਰਨ ਉਹ ਵੀ ਬੇਹੋਸ਼ ਹੋ ਗਿਆ। ਇਸ ਭੱਜ-ਦੌੜ ’ਚ ਠੇਕੇਦਾਰ ਗਿਆਨ ਬਹਾਦਰ ਅਤੇ ਇਲੈਕਟ੍ਰੀਸ਼ਨ ਕੁਲਦੀਪ ਨੇ ਵੀ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਟੈਂਕ ਵਿਚ ਉਤਰਨਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੂੰ ਹੋਰ ਲੋਕਾਂ ਨੇ ਸੇਫਟੀ ਬੈਲਟ ਦੀ ਵਰਤੋਂ ਕਰਕੇ ਬਾਹਰ ਖਿੱਚ ਲਿਆ। ਜਦੋਂ ਤਕ ਬਾਕੀ ਚਾਰਾਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤਕ ਚਾਰਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਮੀਟ ਪਲਾਂਟ ਦੇ ਪ੍ਰਬੰਧਕ ਸ਼ਾਹਿਦ ਨੇ ਦੱਸਿਆ ਕਿ ਜ਼ਮੀਨਦੋਜ਼ ਟੈਂਕ ਸਿਰਫ ਪਸ਼ੂਆਂ ਦੀ ਖੱਲ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਸੀ, ਕੋਈ ਚਰਬੀ ਲਈ ਨਹੀਂ। ਟੈਂਕ ਵਿਚ ਪਾਣੀ ਅਤੇ ਨਮਕ ਵੀ ਹੁੰਦਾ ਹੈ। ਇਸ ਦੀ ਸਫਾਈ ਲਈ ਅੱਜ ਕੰਮ ਚੱਲ ਰਿਹਾ ਸੀ। ਇਸ ਟੈਂਕ ਵਿਚ ਭਰਿਆ ਪਾਣੀ ਬਾਹਰ ਕੱਢ ਦਿੱਤਾ ਗਿਆ ਸੀ ਜਦੋਂਕਿ ਹੇਠਾਂ ਸਾਲਿਡ ਵੇਸਟ ਦੇ ਰੂਪ ਵਿੱਚ ਲੂਣ ਆਦਿ ਮੌਜੂਦ ਸੀ। ਇਹ ਕੰਪਨੀ 30 ਸਾਲਾਂ ਤੋਂ ਚੱਲ ਰਹੀ ਹੈ ਪਰ ਗਰਮੀ ਕਾਰਨ ਅਜਿਹਾ ਪਹਿਲੀ ਵਾਰ ਹੋਇਆ ਹੈ।
 


author

Manoj

Content Editor

Related News