ਬਿਧੀ ਚੰਦ ਨੇ ਦੋਸ਼ੀ ਵਿਰੁੱਧ ਕੀਤੀ ਕਾਰਵਾਈ ਦੀ ਮੰਗ

04/20/2018 3:29:42 AM

ਅੰਮ੍ਰਿਤਸਰ,   (ਸੂਰੀ)-  ਅਟਾਰੀ ਹਲਕੇ ਦੇ ਅਧੀਨ ਆਉਂਦੇ ਪਿੰਡ ਮੀਰਾਂਕੋਟ ਖੁਰਦ ਦੇ ਬਿਧੀਚੰਦ ਪੁੱਤਰ ਬੰਤਾ ਸਿੰਘ ਵਾਸੀ ਮੀਰਾਂਕੋਟ ਖੁਰਦ ਨੇ ਥਾਣਾ ਕੰਬੋਅ ਵਿਖੇ ਦਿੱਤੀ ਦਰਖਾਸਤ 'ਚ ਦੱਸਿਆ ਕਿ 12 ਅਪ੍ਰੈਲ ਦੀ ਰਾਤ ਨੂੰ ਮੇਰੇ ਘਰ ਦੀ ਕੰਧ ਟੱਪ ਕੇ ਅਣਪਛਾਤਾ ਵਿਅਕਤੀ ਦਾਖਲ ਹੋਇਆ, ਜਿਸ ਨੂੰ ਮੈਂ ਦਲੇਰੀ ਫੜ ਲਿਆ ਅਤੇ ਉਸ ਨਾਲ ਆਏ 3 ਹੋਰ ਵਿਅਕਤੀ ਮੌਕੇ ਤੋਂ ਭੱਜ ਗਏ। ਜਿਸ ਨੂੰ ਮੈਂ ਫੜਿਆ ਸੀ, ਉਹ ਵੀ ਬੂਟ, ਟੋਪੀ ਤੇ ਕਹੀ ਦਾ ਦਸਤਾ ਮੇਰੇ ਘਰੇ ਛੱਡ ਕੇ ਭੱਜਣ 'ਚ ਕਾਮਯਾਬ ਹੋ ਗਿਆ। ਇਸ ਸਬੰਧੀ ਮੈਂ 181 'ਤੇ ਕੰਪਲੇਟ ਅਤੇ ਸਬੰਧਤ ਥਾਣਾ ਕੰਬੋਅ ਵਿਖੇ ਦੋਸ਼ੀ ਵਿਰੁੱਧ ਕਾਰਵਾਈ ਲਈ ਅਰਜ਼ੀ ਦਿੱਤੀ ਹੈ ਪਰ ਪੁਲਸ ਨੇ 13 ਅਪ੍ਰੈਲ ਦੀ ਅਰਜ਼ੀ ਤੋਂ ਬਾਅਦ 17 ਅਪ੍ਰੈਲ ਨੂੰ ਮੌਕਾ ਵੇਖਿਆ ਅਤੇ ਅੱਜ ਤੱਕ ਦੋਸ਼ੀ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ।
ਮੈਂ ਇਸ ਸਬੰਧੀ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਪੁਲਸ, ਗਵਰਨਰ ਆਫ ਪੰਜਾਬ ਤੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਦਰਖਾਸਤਾਂ ਵੀ ਭੇਜ ਚੁੱਕਾ ਹਾਂ। ਹੁਣ ਮੈਂ ਪ੍ਰਸ਼ਾਸਨ ਕੋਲੋਂ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਦੀ ਮੰਗ ਕਰਦਾ ਹੋਇਆ ਦੋਸ਼ੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾਂ ਹਾਂ। ਉਨ੍ਹਾਂ ਦੋਸ਼ੀਆਂ 'ਚੋਂ ਇਕ ਦੋਸ਼ੀ ਮੇਰੇ ਪਿੰਡ ਦਾ ਹੈ ਅਤੇ ਮੈਂ ਦਰਖਾਸਤ 'ਚ ਉਸ ਦਾ ਨਾਂ ਲਿਖਿਆ ਹੋਇਆ ਹੈ। ਥਾਣਾ ਕੰਬੋਅ ਮੁਖੀ ਅਤੇ ਏ. ਐੱਸ. ਆਈ. ਕਾਬਲ ਸਿੰਘ ਨੇ ਦੱਸਿਆ ਕਿ ਸਾਨੂੰ ਬਿਧੀਚੰਦ ਵੱਲੋਂ ਦਰਖਾਸਤ ਆਈ ਹੈ, ਸਬੰਧੀ ਕਾਰਵਾਈ ਜਾਰੀ ਹੈ, ਜੋ ਦੋਸ਼ੀ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।    


Related News