ਬੀਬੀ ਜਗੀਰ ਕੌਰ ਕੇਂਦਰ ਦੀ ਭਾਜਪਾ ਦੇ ਹੱਥਾਂ ’ਚ ਖੇਡ ਰਹੀ ਹੈ : ਸੁਖਬੀਰ ਬਾਦਲ

Saturday, Nov 05, 2022 - 07:42 PM (IST)

ਬੀਬੀ ਜਗੀਰ ਕੌਰ ਕੇਂਦਰ ਦੀ ਭਾਜਪਾ ਦੇ ਹੱਥਾਂ ’ਚ ਖੇਡ ਰਹੀ ਹੈ : ਸੁਖਬੀਰ ਬਾਦਲ

ਪਟਿਆਲਾ (ਮਨਦੀਪ ਸਿੰਘ ਜੋਸਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਬੀਬੀ ਜਗੀਰ ਕੌਰ ਇਸ ਸਮੇਂ ਭਾਜਪਾ ਦੇ ਹੱਥਾਂ ’ਚ ਖੇਡ ਰਹੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਚਾਰ ਵਾਰ ਐੱਸ.ਜੀ.ਪੀ.ਸੀ. ਦਾ ਪ੍ਰਧਾਨ ਬਣਾਇਆ, ਮੰਤਰੀ ਬਣਾਇਆ, ਵਿਧਾਇਕ ਬਣਾਇਆ ਅਤੇ ਫਿਰ ਵੀ ਬੀਬੀ ਜਗੀਰ ਕੌਰ ਵੱਲੋਂ ਐੱਸ.ਜੀ.ਪੀ.ਸੀ. ਦੀ ਪ੍ਰਧਾਨਗੀ ਲਈ ਪਾਰਟੀ ਦੇ ਉਮੀਦਵਾਰ ਦੇ ਬਰਾਬਰ ਖੜ੍ਹਾ ਹੋਣਾ ਸਪੱਸ਼ਟ ਕਰਦਾ ਹੈ ਕਿ ਬੀਬੀ ਹੁਣ ਕੇਂਦਰ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਅੱਜ ਇੱਥੇ ਸਵਰਗੀ ਜਥੇਦਾਰ ਰਾਮ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਅਜਿਹੀ ਸੰਸਥਾ ਹੈ, ਜਿਸ ’ਤੇ ਸਮੁੱਚੇ ਸਿੱਖ ਪੰਥ ਨੂੰ ਮਾਣ ਹੈ। ਉਨ੍ਹਾਂ ਆਖਿਆ ਕਿ ਅੱਜ ਐੱਸ.ਜੀ.ਪੀ.ਸੀ. ਲਈ ਸਮੁੱਚੇ ਪੰਥ ਨੂੰ, ਸਮੁੱਚੇ ਮੈਂਬਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣ ਦੀ ਲੋੜ ਹੈ ਤੇ ਉਹ ਬੀਬੀ ਜਗੀਰ ਕੌਰ ਨੂੰ ਇਹ ਅਪੀਲ ਕਰਦੇ ਹਨ ਕਿ ਉਹ ਪਾਰਟੀ ਦੇ ਝੰਡੇ ਹੇਠਾਂ ਆ ਜਾਣ। ਸੁਖਬੀਰ ਸਿੰਘ ਬਾਦਲ ਨੇ ਕਈ ਕੇਂਦਰੀ ਭਾਜਪਾ ਦੇ ਨੇਤਾ ਐੱਸ.ਜੀ.ਪੀ.ਸੀ. ’ਤੇ ਕਾਬਜ਼ ਹੋਣ ਲਈ ਤਰਲੋ-ਮੱਛੀ ਹੋਏ ਪਏ ਹਨ ਪਰ ਅਜਿਹਾ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ : NIA ਨੇ ਗਾਇਕਾ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ

ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸੂਬੇ ਅੰਦਰ ਇਸ ਸਮੇਂ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਕਤਲ ਹੋ ਰਹੇ ਹਨ ਤੇ ਮੁੱਖ ਮੰਤਰੀ ਪੰਜਾਬ ਗੁਜਰਾਤ ਦੀਆਂ ਸੈਰਾਂ ਕਰਦਾ ਫਿਰ ਰਿਹਾ ਹੈ। ਪੰਜਾਬ ਦਾ ਪੈਸਾ ਦੂਜੇ ਸੂਬਿਆਂ ’ਤੇ ਲੁਟਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੇ ਲੋਕਾਂ ਦਾ ਪੰਜਾਬ ਪੁਲਸ ਤੋਂ ਭਰੋਸਾ ਉੱਠ ਗਿਆ ਹੈ ਤੇ ਲੰਘੇ ਕੱਲ੍ਹ ਹੋਇਆ ਕਤਲ ਵੀ ਇਸ ਗੱਲ ਦੀ ਨਿਸ਼ਾਨੀ ਹੈ। ਉਨ੍ਹਾਂ ਆਖਿਆ ਕਿ ਜਿਸ ਸੂਬੇ ’ਚ ਸਿੱਧੂ ਮੂਸਲੇਵਾਲਾ ਦੇ ਪਿਤਾ ਇਹ ਕਹਿਣ ਕਿ ਉਨ੍ਹਾਂ ਨੂੰ ਇਨਸਾਫ ਨਾ ਮਿਲਣ ਦੇ ਕਾਰਨ ਦੇਸ਼ ਛੱਡ ਜਾਣਗੇ, ਉਸ ਸੂਬੇ ਦਾ ਹੁਣ ਰੱਬ ਹੀ ਰਾਖਾ ਹੈ। ਉਨ੍ਹਾਂ ਆਖਿਆ ਕਿ ਅੱਜ ਸੂਬੇ ਦੇ ਹਾਲਾਤ 84 ਵੇਲੇ ਦੇ ਹਾਲਾਤ ਨੂੰ ਯਾਦ ਕਰਵਾ ਰਹੇ ਹਨ।

ਸੁਖਬੀਰ ਨੇ ਆਖਿਆ ਕਿ ਸੂਬੇ ’ਚ ਗੈਂਗਸਟਰਾਂ ਦਾ ਬੋਲਬਾਲਾ ਹੈ। ਵੱਡੇ ਲੋਕਾਂ ਨੂੰ ਗੈਂਗਸਟਰ ਫਿਰੌਤੀ ਲਈ ਧਮਕੀਆਂ ਦੇ ਰਹੇ ਹਨ ਤੇ ਉਹ ਡਰ ਦੇ ਮਾਰੇ ਪੁਲਸ ਕੋਲ ਵੀ ਨਹੀਂ ਜਾ ਰਹੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੁਲਸ ਨੇ ਵੀ ਕੁਝ ਨਹੀਂ ਕਰਨਾ। ਸੁਖਬੀਰ ਬਾਦਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੁਰੱਪਟ ਲੋਕਾਂ ਦੀ ਸਰਕਾਰ ਹੈ, ਜਿਸ ਦੇ ਮੰਤਰੀ ਤੇ ਵਿਧਾਇਕਾਂ ’ਤੇ ਕੁਰੱਪਸ਼ਨ ਦੇ ਕੇਸ ਸ਼ਰੇਆਮ ਸਾਹਮਣੇ ਆਉਣ ਲੱਗ ਪਏ ਹਨ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਜਥੇਦਾਰ ਪੰਜੌਲੀ, ਜਥੇਦਾਰ ਇੰਦਰ ਮੋਹਨ ਸਿੰਘ ਬਜਾਜ, ਜਥੇਦਾਰ ਅਰਜੁਨ ਸਿੰਘ, ਸੁਖਦੀਪ ਸਿੰਘ ਕੰਬੋਜ ਸਨੌਰ, ਜਥੇਦਾਰ ਪ੍ਰੀਤਮ ਸਿੰਘ ਸਨੌਰ ਅਤੇ ਹੋਰ ਵੀ ਨੇਤਾ ਹਾਜ਼ਰ ਸਨ।


author

Manoj

Content Editor

Related News