ਵੱਡੀ ਖ਼ਬਰ : ਬੀਬੀ ਜਗੀਰ ਕੌਰ ਨੇ ‘ਸ਼੍ਰੋਮਣੀ ਅਕਾਲੀ ਪੰਥ’ ਬਣਾਉਣ ਦਾ ਕੀਤਾ ਐਲਾਨ (ਵੀਡੀਓ)

Saturday, Jun 03, 2023 - 09:05 PM (IST)

ਵੱਡੀ ਖ਼ਬਰ : ਬੀਬੀ ਜਗੀਰ ਕੌਰ ਨੇ ‘ਸ਼੍ਰੋਮਣੀ ਅਕਾਲੀ ਪੰਥ’ ਬਣਾਉਣ ਦਾ ਕੀਤਾ ਐਲਾਨ (ਵੀਡੀਓ)

ਬੇਗੋਵਾਲ (ਰਜਿੰਦਰ)-ਸਿੱਖ ਪੰਥ ਦੀ ਸਿਆਸਤ ਵਿਚ ਅੱਜ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ 'ਸ਼੍ਰੋਮਣੀ ਅਕਾਲੀ ਪੰਥ' ਬੋਰਡ ਬਣਾਉਣ ਦਾ ਐਲਾਨ ਕੀਤਾ। ਬੀਬੀ ਜਗੀਰ ਕੌਰ ਬੇਗੋਵਾਲ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 73ਵੀਂ ਬਰਸੀ ਸੰਬੰਧੀ ਚੱਲ ਰਹੇ ਤਿੰਨ ਰੋਜ਼ਾ ਸਮਾਗਮਾਂ ਦੇ ਆਖਰੀ ਦਿਨ ਹਜ਼ਾਰਾਂ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਜਿਸ ਦੌਰਾਨ ਉਨ੍ਹਾਂ ਨੇ 'ਸ਼੍ਰੋਮਣੀ ਅਕਾਲੀ ਪੰਥ' ਬੋਰਡ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਬੋਰਡ ਨੂੰ  ਬਣਾਉਣ ਦਾ ਮੁੱਖ ਮੰਤਵ ਇਹ ਹੈ ਕਿ ਕੌਮ ਦੀ ਸ਼ਕਤੀ ਪੰਥ ਦੇ ਹੱਥ ਵਿਚ ਰਹਿ ਸਕੇ ਅਤੇ ਇਹ ਕਿਸੇ ਹੋਰ ਦੇ ਹੱਥ ਵਿਚ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਬੋਰਡ ਵਿਚ ਸਾਰੀਆਂ ਸਿੱਖ ਸੰਸਥਾਵਾਂ ਨੂੰ ਲਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆਈਆਂ ਤਾਂ ਇਹ ਬੋਰਡ ਵੋਟਾਂ ਬਣਾਉਣ ਦਾ ਕੰਮ ਕਰੇਗਾ। ਜੇਕਰ ਚੋਣਾਂ ਹੋਣਗੀਆਂ ਤਾਂ ਵੱਖਰਾ ਪਾਰਲੀਮਾਨੀ ਬੋਰਡ ਬਣੇਗਾ। 

ਇਹ ਖ਼ਬਰ ਵੀ ਪੜ੍ਹੋ : ਮੇਨ ਤੋਂ ਲੂਪ ਲਾਈਨ ’ਤੇ ਆਈ ਕੋਰੋਮੰਡਲ ਐਕਸਪ੍ਰੈੱਸ ਤੇ ਮਾਲਗੱਡੀ ਵਿਚਾਲੇ ਜ਼ਬਰਦਸਤ ਟੱਕਰ, ਕੀ ਹੈ ਹਾਦਸੇ ਦਾ ਕਾਰਨ?

PunjabKesari

 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਸਿਆਸੀ ਦਖਲਅੰਦਾਜ਼ੀ ਨੇ ਸ਼ਰਮਸਾਰ ਕੀਤਾ ਹੈ, ਅਸੀਂ ਵੀ ਇਸ ਸਿਆਸੀ ਦਬਾਅ ਨੂੰ ਝੱਲਦੇ ਰਹੇ ਹਾਂ ਪਰ ਹੁਣ ਜੋ ਬੋਰਡ ਬਣਾਇਆ ਜਾ ਰਿਹਾ ਹੈ, ਉਸ ਦਾ ਮਕਸਦ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਜ਼ਾਦ, ਖੁਦਮੁਖਤਿਆਰ ਤੇ ਪੰਥਕ ਰੁਤਬਾ ਬਹਾਲ ਕਰਨਾ ਸਭ ਤੋਂ ਪਹਿਲਾ ਟੀਚਾ ਹੋਵੇਗਾ ਕਿਉਂਕਿ ਪਿਛਲੇ ਢਾਈ ਦਹਾਕਿਆਂ ਤੋਂ ਅਜਿਹਾ ਉਲਟਫੇਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਆਜ਼ਾਦ, ਖੁਦਮੁਖਤਿਆਰ ਤੇ ਪੰਥਕ ਹਸਤੀ ਨੂੰ ਜ਼ਬਰਦਸਤ ਖੋਰਾ ਲੱਗਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹਰੇਕ ਹੁਕਮ ਅਤੇ ਆਦੇਸ਼ ਨੂੰ ਸਿੱਖ ਜਗਤ ਵਿਚ ਲਾਗੂ ਕਰਵਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਫਰਜ਼ ਹੈ ਪਰ ਅਫਸੋਸ ਹੈ ਕਿ ਸ਼੍ਰੋਮਣੀ ਕਮੇਟੀ ਖੁਦ ਹੀ ਇਹ ਆਦੇਸ਼ ਨਾ ਮੰਨ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਢਾਅ ਲਾ ਰਹੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਸੰਤ ਪ੍ਰੇਮ ਸਿੰਘ ਜੀ ਦੇ ਪਵਿੱਤਰ ਅਸਥਾਨ 'ਤੇ ਉਹ ਪ੍ਰਣ ਕਰਦੇ ਹਨ ਕਿ ਜਦੋਂ ਤੱਕ ਮੇਰੇ ਸਾਹ ਚੱਲਣਗੇ, ਉਦੋਂ ਤੱਕ ਹਰ ਸਾਹ ਨਾਲ ਸਿੱਖ ਸਿਧਾਂਤਾਂ ’ਤੇ ਪਹਿਰਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਨਵੰਬਰ 2022 ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਲਿਫਾਫਾ ਕਲਚਰ ਨੂੰ ਵੀ ਉਨ੍ਹਾਂ ਚੁਣੌਤੀ ਦਿੱਤੀ ਸੀ। ਜਿਸ ਦੌਰਾਨ ਸ਼੍ਰੋਮਣੀ ਕਮੇਟੀ ਵਿਚ ਚੰਗੇ ਸੁਧਾਰਾਂ ਦੀ ਆਸ ਲਾਈ ਬੈਠੇ ਆਮ ਸਿੱਖਾਂ ਦੀਆਂ ਆਸਾਂ ’ਤੇ ਬੂਰ ਪੈਣ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੰਤਾਂ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਜਿਥੇ 28 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ, ਉਥੇ ਦੋ ਵਾਰ ਵਿਧਾਇਕ ਵੀ ਚੁਣੇ ਗਏ। ਇਸ ਦੇ ਨਾਲ ਹੀ ਸੰਤਾਂ ਨੇ ਵਿੱਦਿਆ ਦੇ ਖੇਤਰ ਵਿਚ ਪ੍ਰਸਾਰ ਕਰਦੇ ਹੋਏ ਪੰਜ ਸਕੂਲ ਵੀ ਖੋਲ੍ਹੇ। ਉਨ੍ਹਾਂ ਦੱਸਿਆ ਕਿ ਸੰਤਾਂ ਨੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਅੰਮ੍ਰਿਤ ਛਕਾਇਆ ਤੇ ਸਿੱਖ ਧਰਮ ਨਾਲ ਜੋੜਿਆ ਅਤੇ ਲੋਕਾਂ ਨੂੰ ਪਾਖੰਡਾਂ, ਭਰਮਾਂ ਤੇ ਵਹਿਮਾਂ ਵਿਚ ਪੈਣ ਤੋਂ ਵਰਜਿਤ ਕੀਤਾ। ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਰਜਨੀਤ ਕੌਰ ਡੇਜ਼ੀ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ, ਜਗਜੀਤ ਸਿੰਘ ਗਾਬਾ, ਪੀ. ਪੀ. ਸਿੰਘ, ਮੱਖਣ ਸਿੰਘ ਧਾਲੀਵਾਲ, ਹਰਜੀਤ ਸਿੰਘ ਬਰਾੜ, ਪਲਵਿੰਦਰ ਸਿੰਘ ਧਾਲੀਵਾਲ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਬੇਗੋਵਾਲ, ਵਿਕਾਸ ਜੁਲਕਾ, ਗੁਰਦੀਪ ਸਿੰਘ ਤੁਲੀ, ਬਲਵਿੰਦਰ ਸਿੰਘ ਡੋਗਰਾਂਵਾਲ ਆਦਿ ਹਾਜ਼ਰ ਸਨ। 


author

Manoj

Content Editor

Related News