ਬੀਬੀ ਜਗੀਰ ਕੌਰ ਨੇ ਜ਼ੀਰਾ ਸ਼ਰਾਬ ਫੈਕਟਰੀ ਦਾ ਵਿਰੋਧ ਕਰਨ ਵਾਲੇ ਲੋਕਾਂ ''ਤੇ ਕੀਤੇ ਲਾਠੀਚਾਰਜ ਦੀ ਕੀਤੀ ਨਿਖੇਧੀ
Monday, Dec 19, 2022 - 03:15 PM (IST)
ਭੁਲੱਥ (ਰਜਿੰਦਰ) ਸ਼੍ਰੋਮਣੀ : ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਜ਼ੀਰਾ ਦੀ ਸ਼ਰਾਬ ਫੈਕਟਰੀ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਇੱਥੋਂ ਜਾਰੀ ਕੀਤੇ ਇੱਕ ਬਿਆਨ ’ਚ ਕਿਹਾ ਹੈ ਕਿ ਪੀਣ ਵਾਲੇ ਪਾਣੀ 'ਤੇ ਸਾਰਿਆ ਦਾ ਬਰਾਬਰ ਦਾ ਹੱਕ ਹੈ। ਕਿਸੇ ਵੀ ਧਿਰ ਨੂੰ ਪਾਣੀ ਪ੍ਰਦੂਸ਼ਿਤ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਆਪਣੇ ਬੁਨਿਆਦੀ ਹੱਕ ਪਾਣੀ ਲਈ ਪਿਛਲੇ ਕਈ ਮਹੀਨਿਆਂ ਤੋਂ ਲੜਾਈ ਲੜ ਰਹੇ ਲੋਕਾਂ ਦੀ ਗੱਲ ਹਮਦਰਦੀ ਨਾਲ ਸੁਣਨ ’ਤੇ ਉਸ ਦਾ ਹੱਲ ਕਰਨ ਦੀ ਥਾਂ ਡਾਂਗਾਂ ਮਾਰਨੀਆ ਅਣਮਨੁੱਖੀ ਕਾਰਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਆਪ’ ਦੀ ਸਰਕਾਰ ਨੂੰ ਲੋਕਾਂ ਨੇ ਮਿਸਾਲੀ ਬਹੁਮਤ ਦਿੱਤਾ ਸੀ ਪਰ ਇਹ ਬਹੁਮਤ ਡਾਂਗਾ ਖਾਣ ਲਈ ਨਹੀਂ ਸਗੋਂ ਬਦਲਾਅ ਲਈ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਸਨ।
ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਅਫੀਮ ਦੀ ਬੰਪਰ ਫਸਲ ਨਾਲ ਭਾਰਤ ’ਚ ਹੈਰੋਇਨ ਸਮੱਗਲਿੰਗ ’ਚ ਆਇਆ ਜ਼ਬਰਦਸਤ ਉਛਾਲ
ਉਨ੍ਹਾਂ ਕਿਹਾ ਕਿ ਸ਼ਰਾਬ ਫੈਕਟਰੀ ਵੱਲੋਂ ਪਾਣੀ ਪ੍ਰਦੂਸ਼ਿਤ ਕੀਤੇ ਜਾਣ ਖ਼ਿਲਾਫ਼ ਪੁਰਅਮਨ ਧਰਨਾ ਦੇ ਰਹੇ ਲੋਕਾਂ 'ਤੇ ਪੰਜਾਬ ਪੁਲਸ ਵੱਲੋਂ ਕੀਤਾ ਗਿਆ ਅੰਨ੍ਹਾ ਤਸ਼ੱਦਦ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਉਕਤ ਜਾਬਰ ਪਹੁੰਚ ਤਿਆਗ ਕੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਸ਼ਰਾਬ ਫੈਕਟਰੀ ਦੇ ਮਾਲਕਾਂ ਨੂੰ ਨੁਕੇਲ ਪਾਵੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਸੰਘਰਸ਼ ਕਰ ਰਹੇ ਲੋਕਾਂ ਦਾ ਡੱਟ ਕੇ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਲੋਕ ਪੁਰਅਮਨ ਢੰਗ ਨਾਲ ਆਪਣਾ ਰੋਸ ਜਿਤਾ ਰਹੇ ਸਨ ਪਰ ਹੰਕਾਰ ਅਤੇ ਸੱਤਾ ਦੇ ਨਸ਼ੇ ’ਚ ਚੂਰ ਭਗਵੰਤ ਮਾਨ ਦੀ ਸਰਕਾਰ ਆਮ ਲੋਕਾਂ ਦੇ ਹੱਕ ਖੋਹਣਾ ਬੰਦ ਕਰੇ।
ਇਹ ਵੀ ਪੜ੍ਹੋ : ਦਸਤਾਰ ਸਿੱਖ ਦੇ ਸਿਰ ਦਾ ਤਾਜ ਅਤੇ ਬਾਦਸ਼ਾਹਤ ਦਾ ਪ੍ਰਤੀਕ : ਗਿਆਨੀ ਹਰਪ੍ਰੀਤ ਸਿੰਘ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।