ਭਾਦਸੋਂ ਦੇ ਪਿੰਡ ਦਿੱਤੂਪੁਰ ਜੱਟਾਂ ’ਚ ਬੇਅਦਬੀ ਘਟਨਾ ਦੀ ਕੋਸ਼ਿਸ਼ ਬੇਹੱਦ ਮੰਦਭਾਗੀ : ਬੀਬੀ ਜਗੀਰ ਕੌਰ

Monday, Oct 04, 2021 - 07:12 PM (IST)

ਭਾਦਸੋਂ ਦੇ ਪਿੰਡ ਦਿੱਤੂਪੁਰ ਜੱਟਾਂ ’ਚ ਬੇਅਦਬੀ ਘਟਨਾ ਦੀ ਕੋਸ਼ਿਸ਼ ਬੇਹੱਦ ਮੰਦਭਾਗੀ : ਬੀਬੀ ਜਗੀਰ ਕੌਰ

ਪਟਿਆਲਾ/ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਕਸਬਾ ਭਾਦਸੋਂ ਵਿਚ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਵਾਲੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਗੁਰਦੁਆਰਾ ਸਾਹਿਬ ’ਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਜਿਥੇ ਚਿੰਤਾ ਦਾ ਵਿਸ਼ਾ ਹਨ, ਉਥੇ ਹੀ ਹਰ ਇਕ ਨੂੰ ਚਿੰਤਨ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ’ਚ ਬੇਅਦਬੀ ਘਟਨਾ ਦੀ ਕੋਸ਼ਿਸ਼ ਨੂੰ ਨਿੱਡਰਤਾ ਨਾਲ ਅੰਜ਼ਾਮ ਦੇਣ ਵਾਲੇ ਅਜਿਹੇ ਵਿਅਕਤੀ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਅਤੇ ਸਾਜਿਸ਼ੀ ਢੰਗ ਨਾਲ ਬੇਅਦਬੀ ਕਰਵਾਉਣ ਵਾਲੀਆਂ ਤਾਕਤਾਂ ਵੀ ਬੇਨਕਾਬ ਹੋਣੀਆਂ ਚਾਹੀਦੀਆਂ ਹਨ, ਜੋ ਪੰਜਾਬ ਦੀ ਸੁੱਖ ਸ਼ਾਂਤੀ ਨੂੰ ਭੰਗ ਕਰਨ ’ਤੇ ਲੱਗੀਆਂ ਹੋਈਆਂ ਹਨ। ਬੀਬੀ ਜਗੀਰ ਕੌਰ ਕਿਹਾ ਕਿ ਗੁਰੂ ਸਾਹਿਬ ਦਾ ਫਲਸਫਾ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਅਤੇ ਬੇਅਦਬੀ ਦੀਆਂ ਅਜਿਹੀਆਂ ਮੰਦਭਾਗੀ ਘਟਨਾਵਾਂ ’ਤੇ ਸਰਕਾਰ ਦੀ ਚੁੱਪ ਨਾਲ ਪੰਜਾਬ ਦੇ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਇਸ ਵਿਚ ਅਸਫਲ ਸਾਬਤ ਹੋ ਰਹੀ ਹੈ।

ਇਹ ਵੀ ਪੜ੍ਹੋ : ਸਾਬਕਾ ਹਜ਼ੂਰੀ ਰਾਗੀ ਭਾਈ ਜੋਧਪੁਰੀ ਦੇ ਅਕਾਲ ਚਲਾਣੇ ’ਤੇ ਬੀਬੀ ਜਗੀਰ ਕੌਰ ਵਲੋਂ ਦੁੱਖ ਪ੍ਰਗਟਾਇਆ

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੇਅਦਬੀ ਦੀਆਂ ਲਗਾਤਾਰ ਵਾਪਰਦੀਆਂ ਘਟਨਾਵਾਂ ਨੂੰ ਠੱਲ ਪਾਉਣ ਵਿਚ ਸਰਕਾਰ ਦਾ ਖੁਫ਼ੀਆ ਤੰਤਰ ਅਤੇ ਏਜੰਸੀਆਂ ਵੀ ਨਾਕਾਮ ਰਹੀਆਂ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਹਨ ਤਾਂ ਜ਼ਿੰਮੇਵਾਰੀ ਸਰਕਾਰ ਦੀ ਬਣੇਗੀ। ਬੀਬੀ ਜਗੀਰ ਕੌਰ ਨੇ ਤਖਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਬੇਅਦਬੀ ਮਾਮਲੇ ਦਾ ਸੱਚ ਸਾਹਮਣੇ ਨਹੀਂ ਲਿਆ ਸਕਿਆ ਅਤੇ ਇਸੇ ਦਾ ਨਤੀਜਾ ਹੈ ਕਿ ਭਾਦਸੋਂ ਦੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਵੀ ਮੁੜ ਬੇਅਦਬੀ ਘਟਨਾ ਦੀ ਕੋਸ਼ਿਸ਼ ਸਾਹਮਣੇ ਆਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਨੇ ਅਪੀਲ ਕਰਦਿਆਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਸੁਚੇਤ ਰਹਿਣਾ ਹੋਵੇਗਾ।

PunjabKesari

ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਗੁਰੂ ਘਰਾਂ ਦੀ ਸਾਂਭ ਸੰਭਾਲ ਪ੍ਰਤੀ ਪ੍ਰਬੰਧਕ ਅਤੇ ਸੰਗਤਾਂ ਸੁਚੇਤ ਹੋ ਕੇ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਕਰਨ ਤਾਂ ਕਿ ਅਜਿਹੀਆਂ ਤਾਕਤਾਂ ਅਤੇ ਸ਼ਕਤੀਆਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਬੇਅਦਬੀ ਘਟਨਾ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਗੰਭੀਰ ਨੋਟਿਸ ਲਿਆ ਅਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਹੈਡ ਗ੍ਰੰਥੀ ਗਿਆਨੀ ਪ੍ਰਿਤਪਾਲ ਸਿੰਘ, ਭਾਈ ਅਜਮੇਰ ਸਿੰਘ, ਪ੍ਰਚਾਰਕ ਲਖਵਿੰਦਰ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਭੇਜ ਦਿੱਤੀ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
  


author

Anuradha

Content Editor

Related News