ਭਗਵੰਤ ਮਾਨ ਸੱਚਾਈ ਸੁਣਨ ਦੇ ਅਸਮਰੱਥ, ''ਆਪ'' ਮੰਗੇ ਮੀਡੀਆ ਤੋਂ ਮੁਆਫੀ : ਜਗੀਰ ਕੌਰ
Wednesday, Dec 25, 2019 - 06:37 PM (IST)

ਬੇਗੋਵਾਲ (ਰਜਿੰਦਰ)— ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸਵਾਲ 'ਤੇ ਭੜਕੇ 'ਆਮ ਆਦਮੀ ਪਾਰਟੀ' ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੀਡੀਆ ਨਾਲ ਬਦਸਲੂਕੀ ਕਰਕੇ ਜੋ ਘਿਨੌਣੀ ਹਰਕਤ ਕੀਤੀ ਹੈ, ਮੈਂ ਉਸ ਦੀ ਪੁਰਜ਼ੋਰ ਨਿੰਦਾ ਕਰਦੀ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਖੇ ਗੱਲਬਾਤ ਕਰਦੇ ਕੀਤਾ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਵਿਅਕਤੀ ਤੋਂ ਬਹੁਤ ਵੱਡੀਆਂ ਆਸਾਂ ਲਗਾ ਕੇ ਲੋਕ ਉਸ ਨੂੰ ਚੁਣ ਕੇ ਦੇਸ਼ ਦੀ ਪਾਰਲੀਮੈਂਟ 'ਚ ਭੇਜਦੇ ਹਨ ਪਰ ਅੱਜ ਇਕ ਸੱਚ ਦੇ ਸਵਾਲ ਦਾ ਭਗਵੰਤ ਮਾਨ ਨੇ ਜਵਾਬ ਤਾਂ ਕੀ ਦੇਣਾ ਸੀ, ਸਗੋਂ ਉਹ ਸੱਚਾਈ ਸੁਣਨ ਦੇ ਅਸਮਰੱਥ ਹੋ ਗਿਆ ਅਤੇ ਮੀਡੀਆ ਨਾਲ ਬੁਰੇ ਵਤੀਰੇ 'ਤੇ ਉੱਤਰ ਆਇਆ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਸੱਚ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਵਾਜ਼ ਬੁਲੰਦ ਕਰਕੇ ਸਰਕਾਰ ਦੇ ਕੰਨ ਖੋਲ੍ਹ ਰਹੀ ਹੈ ਕਿਉਂਕਿ ਅਕਾਲੀ ਦਲ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ, ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੀ ਹੈ। ਇਹ ਸੂਬੇ ਦੀ ਕਾਂਗਰਸ ਸਰਕਾਰ ਨੂੰ ਯਾਦ ਕਰਵਾ ਰਹੀ ਹੈ ਕਿ ਤੁਸੀਂ ਜਿਹੜੇ ਵਾਅਦੇ ਪੰਜਾਬ ਵਾਸੀਆਂ ਨਾਲ ਕੀਤੇ ਸਨ, ਤੁਸੀਂ ਉਸ ਤੋਂ ਮੁੱਕਰ ਗਏ ਹੋ, ਉਨ੍ਹਾਂ ਨੂੰ ਪੂਰੇ ਕਰੋ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਮੀਨੀ ਪੱਧਰ 'ਤੇ ਸਿਆਸੀ ਲੜਾਈ ਲੜ ਰਿਹਾ ਹੈ ਅਤੇ ਤੁਸੀਂ ਕੀ ਕਰ ਰਹੇ ਹੋ, ਦੇ ਸਵਾਲ 'ਤੇ ਭਗਵੰਤ ਮਾਨ ਵੱਲੋਂ ਭੜਕ ਜਾਣਾ ਬਹੁਤ ਹੀ ਦੁੱਖ ਭਰੀ ਗੱਲ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇੰਝ ਲੱਗ ਰਿਹਾ ਸੀ ਕਿ ਜਿਵੇਂ ਅੱਜ ਵੀ ਭਗਵੰਤ ਮਾਨ ਨਸ਼ੇ 'ਚ ਹੋਵੇ। ਪ੍ਰੈੱਸ ਕਾਨਫਰੰਸ ਕਰਨ ਤੋਂ ਪਹਿਲਾਂ ਭਗਵੰਤ ਮਾਨ ਦਾ ਡੋਪ ਟੈਸਟ ਕਰਵਾ ਲੈਣਾ ਚਾਹੀਦਾ ਹੈ ਕਿ ਇਹ ਕਿਹੜੀ ਪੁਜ਼ੀਸ਼ਨ 'ਚ ਹੈ ਤਾਂ ਕਿ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਸਕੇ। ਮੈਂ ਸਮਝਦੀ ਹਾਂ ਕਿ ਇਸ ਸਬੰਧੀ ਆਮ ਆਦਮੀ ਪਾਰਟੀ ਨੂੰ ਮੀਡੀਆ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।