ਤਖਤੂਮਾਜਰਾ ਦੀ ਬੀਬੀ ਜਾਗੀਰ ਕੌਰ ਦੀ ਮੌਤ ''ਤੇ ਬੋਲੇ ਪ੍ਰੋ. ਚੰਦੂਮਾਜਰਾ

12/07/2019 4:42:05 PM

ਪਟਿਆਲਾ (ਬਲਜਿੰਦਰ)—ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਤਖਤੂਮਾਜਰਾ ਦੀ ਬੀਬੀ ਜਾਗੀਰ ਕੌਰ ਦੀ ਮੌਤ ਲਈ ਸਿੱਧੇ ਤੌਰ 'ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਮਾਮਲੇ ਵਿਚ ਅੱਜ ਅਕਾਲੀ ਦਲ ਦਾ ਵਫਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

ਐੱਸ. ਐੱਸ. ਪੀ. ਨੂੰ ਮਿਲਣ ਤੋਂ ਬਾਅਦ ਗੁਰਦੁਆਰਾ ਦੁਖਨਿਵਾਰਨ ਸਹਿਬ ਵਿਖੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਵੀ ਕੀਤੀ ਅਤੇ ਕਿਹਾ ਕਿ ਪਹਿਲਾਂ ਅਕਾਲੀ ਵਰਕਰਾਂ ਨੂੰ ਕੁੱਟਿਆ ਗਿਆ ਅਤੇ ਫੇਰ ਉਨ੍ਹਾਂ ਦੇ ਖਿਲਾਫ ਨਾਜਾਇਜ਼ ਕੇਸ ਬਣਾ ਦਿੱਤੇ ਗਏ। ਬੀਬੀ ਜਾਗੀਰ ਕੌਰ ਦੇ ਪਤੀ ਖਿਲਾਫ ਨਾਜਾਇਜ਼ ਕੇਸ ਬਣਾਇਆ ਗਿਆ। ਵਿਧਾਇਕ ਵੱਲੋਂ ਔਰਤਾਂ ਖਿਲਾਫ ਭੱਦੀ ਸ਼ਬਦਾਵਲੀ ਵਰਤ ਕੇ ਪਿੰਡ ਵਿਚ ਦਹਿਸ਼ਤ ਫੈਲਾਈ ਗਈ। ਬੀਬੀ ਜਾਗੀਰ ਦੇ ਪਤੀ, ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਬੀਬੀ ਜਾਗੀਰ ਕੌਰ ਨਾਲ ਬੀਮਾਰੀ ਦੀ ਹਾਲਤ ਵਿਚ ਮਿਲਣ ਨਹੀਂ ਦਿੱਤਾ ਗਿਆ ਅਤੇ ਇਸ ਹਾਲਤ ਵਿਚ ਉਸ ਨੂੰ ਪਾਣੀ ਦੇਣ ਵਾਲਾ ਵੀ ਕੋਈ ਨਹੀਂ ਸੀ, ਜਿਸ ਕਾਰਣ ਬੀਬੀ ਜਾਗੀਰ ਕੌਰ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਕਾਲੀ ਦਲ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ 11 ਦਸੰਬਰ (ਬੀਬੀ ਜਾਗੀਰ ਕੌਰ ਦੇ ਭੋਗ ਤਕ) ਤਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਜੇਕਰ ਉਸ ਸਮੇਂ ਤੱਕ ਉਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਤੇ ਅਕਾਲੀਆਂ 'ਤੇ ਬਣਾਏ ਨਾਜਾਇਜ਼ ਕੇਸ ਵਾਪਸ ਨਾ ਲਏ ਗਏ ਤਾਂ ਅਕਾਲੀ ਦਲ ਦਾ ਵਫਦ ਇਸ ਮਾਮਲੇ ਵਿਚ ਰਾਜਪਾਲ ਨੂੰ ਮਿਲੇਗਾ। ਜੇਕਰ ਫੇਰ ਵੀ ਕੋਈ ਸੁਣਵਾਈ ਨਾ ਹੋਈ ਤਾਂ ਇਸ ਨੂੰ ਜਨਤਕ ਅੰਦੋਲਨ ਬਣਾਇਆ ਜਾਵੇਗਾ ਅਤੇ ਇਨਸਾਫ ਲਈ ਜੱਦੋ-ਜਹਿਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਥਾਣਿਆਂ ਵਿਚ ਲੱਗੇ ਕੈਮਰਿਆਂ ਦੀ ਸੀ.ਸੀ.ਟੀ.ਵੀ. ਫੁਟੇਜ਼ ਸਮੇਤ ਹੋਰ ਸਬੂਤ ਵੀ ਦੇ ਦਿੱਤੇ ਗਏ ਹਨ । ਜੋ ਸਾਰੀ ਕਹਾਣੀ ਦਾ ਸੱਚ ਬਿਆਨ ਕਰਦੇ ਹਨ।

ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ 'ਤੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਝੂਠੀ ਨਾਰਾਜ਼ਗੀ ਦਿਖਾ ਕੇ ਆਪਣੇ ਗਲਤ ਕੰਮ ਕਰਵਾਉਣ ਲਈ ਪ੍ਰਸਾਸ਼ਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਤਾਂ ਕਿ ਉਹ ਮਨਮਾਨੀਆਂ ਕਰ ਸਕਣ। ਕਾਂਗਰਸੀ ਵਿਧਾਇਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਪ੍ਰਸਾਸ਼ਨ 'ਤੇ ਉਨ੍ਹਾਂ ਦਾ ਦਬਾਅ ਪੈ ਸਕਦਾ ਹੈ ਪਰ ਅਕਾਲੀਆਂ 'ਤੇ ਨਹੀਂ ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਿਆਨ ਬਾਰੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਡਾ. ਮਹਮੋਹਨ ਸਿੰਘ ਨੇ ਸੱਚ ਸਾਹਮਣੇ ਲਿਆਂਦਾ ਕਿ ਜੇਕਰ ਸਮਾਂ ਰਹਿੰਦੇ ਫੌਜ ਬੁਲਾ ਲਈ ਜਾਂਦੀ ਤਾਂ ਇਹ ਘੱਲੂਘਾਰਾ ਰੁਕ ਸਕਦਾ ਸੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਹਜ਼ਾਰਾਂ ਲੋਕਾਂ ਦੇ ਕਤਲ ਲਈ ਜ਼ਿੰਮੇਵਾਰ ਹੋਵੇ, ਉਹ ਭਾਰਤ ਰਤਨ ਦਾ ਕਿਸ ਤਰ੍ਹਾਂ ਹੱਕਦਾਰ ਹੋ ਸਕਦਾ ਹੈ।ਇਸ ਮੌਕੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਸਮੇਰ ਸਿੰਘ ਲਾਛੜੂ, ਸੁਰਜੀਤ ਸਿੰਘ ਅਬਲੋਵਾਲ, ਇੰਦਰਜੀਤ ਸਿੰਘ ਰੱਖੜਾ, ਜਸਪਾਲ ਕਲਿਆਣ ਆਦਿ ਹਾਜ਼ਰ ਸਨ।


Shyna

Content Editor

Related News